ਬੰਦੀ ਸਿੰਘਾਂ ਦੀ ਰਿਹਾਈ: 20 ਜਨਵਰੀ ਨੂੰ ਟੋਲ ਮੁਕਤ ਕੀਤੇ ਜਾਣਗੇ 13 ਟੋਲ ਪਲਾਜ਼ੇ

ਨਬਜ਼-ਏ-ਪੰਜਾਬ, ਮੁਹਾਲੀ, 18 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਸਰੂਪ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਹੱਡ ਚੀਰਵੀਂ ਠੰਢ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਇੱਥੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਐਡਵੋਕੇਟ ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਕਾਲਾ ਅਤੇ ਬਲਬੀਰ ਸਿੰਘ ਸਿੰਘ ਬੈਰੋਂਪੁਰ ਨੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਹੋਏ 20 ਜਨਵਰੀ ਨੂੰ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ 13 ਟੋਲ ਪਲਾਜ਼ਿਆਂ ਨੂੰ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਿੱਖ ਨੌਜਵਾਨਾਂ, ਸਿੱਖ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 20 ਜਨਵਰੀ ਨੂੰ ਟੋਲ ਪਲਾਜੇ ਟੋਲ ਮੁਕਤ ਕਰਨ ਲਈ ਆਪੋ ਆਪਣੇ ਇਲਾਕਿਆਂ ਵਿੱਚ ਡਟ ਕੇ ਪਹਿਰਾ ਦੇਣ ਅਤੇ ਸਰਕਾਰਾਂ ਖ਼ਿਲਾਫ਼ ਰੋਸ ਵਿਖਾਵੇ ਵੀ ਕੀਤੇ ਜਾਣ।
ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਢੁਕਵੀਂਆਂ ਸਜ਼ਾਵਾਂ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਵੱਲ ਬਿਲਕੁਲ ਧਿਆਨ ਨਾ ਦੇਣਾ ਸਿੱਖਾਂ ਪ੍ਰਤੀ ਬੇਗਾਨਗੀ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਵਿੱਚ 26 ਜਨਵਰੀ ਅਤੇ 15 ਅਗਸਤ ਨੂੰ ਸਾਲ ਵਿੱਚ ਦੋ ਵਾਰ ਆਜ਼ਾਦੀ ਦਿਹਾੜੇ ਮਨਾਏ ਜਾਂਦੇ ਹਨ ਅਤੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਯੋਗਦਾਨ ਨੂੰ ਸਲਾਹਿਆ ਜਾਂਦਾ ਹੈ ਪ੍ਰੰਤੂ ਸਜਾ ਭੁਗਤ ਚੁੱਕੇ ਪੰਜਾਬ ਦੇ ਪੁੱਤ ਹਾਲੇ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਟੋਲ ਮੁਕਤ ਦੀ ਸਫਲਤਾ ਤੋਂ ਬਾਅਦ 21 ਜਨਵਰੀ ਨੂੰ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਇਨ੍ਹਾਂ ਟੋਲ ਪਲਾਜਿਆਂ ਨੂੰ ਕੀਤਾ ਜਾਵੇਗਾ ਟੋਲ ਮੁਕਤ:
ਮੁਹਾਲੀ ਜ਼ਿਲ੍ਹੇ ਵਿੱਚ ਅਜੀਜਪੁਰ ਟੋਲ ਪਲਾਜ਼ਾ (ਜ਼ੀਰਕਪੁਰ-ਬਨੂੜ ਸੜਕ), ਭਾਗੋਮਾਜਰਾ ਟੋਲ ਪਲਾਜ਼ਾ (ਖਰੜ-ਲੁਧਿਆਣਾ ਸੜਕ), ਸੋਲਖੀਆਂ ਟੋਲ ਪਲਾਜ਼ਾ (ਖਰੜ-ਰੂਪਨਗਰ ਸੜਕ), ਰਾਜਪੁਰਾ-ਪਟਿਆਲਾ ਸੜਕ ’ਤੇ ਧਰੇੜੀ ਜੱਟਾਂ ਟੋਲ ਪਲਾਜ਼ਾ, ਫਿਰੋਜ਼ਪੁਰ ਵਿੱਚ ਫਿਰੋਜ਼ਸ਼ਾਹ ਟੋਲ ਪਲਾਜ਼ਾ ਤੇ ਤਾਰਾਪੁਰਾ ਟੋਲ ਪਲਾਜ਼ਾ, ਜਲੰਧਰ ਵਿੱਚ ਬਾਮਨੀਵਾਲਾ ਟੋਲ ਪਲਾਜ਼ਾ (ਸ਼ਾਹਕੋਟ-ਮੋਗਾ ਸੜਕ), ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ (ਸਮਰਾਲਾ), ਬਠਿੰਡਾ ਵਿੱਚ ਜੀਦਾ ਟੋਲ ਪਲਾਜ਼ਾ (ਬਠਿੰਡਾ-ਕੋਟਕਪੁਰਾ ਸੜਕ), ਫਰੀਦਕੋਟ ਵਿੱਚ ਤਲਵੰਡੀ ਭਾਈ ਟੋਲ ਪਲਾਜ਼ਾ (ਤਲਵੰਡੀ ਭਾਈ-ਫਰੀਦਕੋਟ ਸੜਕ) ਅਤੇ ਨਵਾਂ ਸ਼ਹਿਰ ਵਿੱਚ ਕਾਠਗੜ੍ਹ-ਬਛੂਆ ਟੋਲ ਪਲਾਜ਼ਾ (ਬਲਾਚੌਰ) ਟੋਲ ਮੁਕਤ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…