ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ
ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਅੱਥਰੂ ਗੈੱਸ ਦੇ ਗੋਲੇ ਸੁੱਟਣ ਕਾਰਨ ਸੰਗਤ ਵਿੱਚ ਭਾਰੀ ਰੋਸ, ਬੇਅਦਬੀ ਤੋਂ ਬਚਾਅ
ਪੁਲੀਸ ਨੂੰ ਝਕਾਨੀ ਦੇ ਕੇ ਐੱਸਐੱਸਪੀ ਦੀ ਕੋਠੀ ਵਾਲੇ ਪਾਸਿਓਂ ਚੰਡੀਗੜ੍ਹ ’ਚ ਦਾਖ਼ਲ ਹੋਣ ਦਾ ਯਤਨ, ਲਾਠੀਚਾਰਜ, ਕਈ ਜ਼ਖ਼ਮੀ
ਸਿਮਰਨਜੀਤ ਮਾਨ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਮੇਤ ਕਈ ਸਿੱਖ ਆਗੂਆਂ ਨੂੰ ਘਰਾਂ ’ਚ ਕੀਤਾ ਗਿਆ ਨਜ਼ਰਬੰਦ
ਨਬਜ਼-ਏ-ਪੰਜਾਬ, ਮੁਹਾਲੀ, 7 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਵਾਈਪੀਐਸ ਚੌਕ ਨੇੜੇ ਲਾਏ ਪੱਕੇ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ ਅੱਜ ਇੱਥੇ ਵੱਡਾ ਇਕੱਠ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਨਸਾਫ਼ ਪਸੰਦ ਲੋਕ ਅਤੇ ਨਿਹੰਗ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ। ਜਿਨ੍ਹਾਂ ਵੱਲੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਗਿਆ ਲੇਕਿਨ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਲਿਆ। ਖਿੱਚ-ਧੂਹ ਦੌਰਾਨ ਯੂਟੀ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈੱਸ ਦੇ ਗੋਲੇ ਸੁੱਟੇ ਗਏ। ਜਿਸ ਕਾਰਨ ਕਈ ਸਿੱਖ, ਬੀਬੀਆਂ, ਬਜ਼ੁਰਗ ਅਤੇ ਬੱਚੇ ਜ਼ਖ਼ਮੀ ਹੋ ਗਏ।
ਹਾਲਾਂਕਿ ਮੁਹਾਲੀ ਤੇ ਯੂਟੀ ਪੁਲੀਸ ਵੱਲੋਂ ਭੀੜ ’ਤੇ ਕਾਬੂ ਪਾਉਣ ਲਈ ਜ਼ਬਰਦਸਤ ਬੈਰੀਕੇਟਿੰਗ ਕੀਤੀ ਗਈ ਸੀ। ਲੇਕਿਨ ਇਸ ਦੇ ਬਾਵਜੂਦ ਕੁੱਝ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਨੂੰ ਝਕਾਨੀ ਦੇ ਕੇ ਐੱਸਐੱਸਪੀ ਦੀ ਸਰਕਾਰੀ ਰਿਹਾਇਸ਼ ਵਾਲੇ ਪਾਸਿਓਂ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ ਅਤੇ ਉਨ੍ਹਾਂ ਦੀ ਪੁਲੀਸ ਨਾਲ ਖਿੱਚਧੂਹ ਵੀ ਹੋਈ। ਬਾਅਦ ਵਿੱਚ ਭੀੜ ਨੂੰ ਖਦੇੜਨ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਜਿਸ ਕਾਰਨ ਕਈ ਫੱਟੜ ਹੋ ਗਏ। ਇਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ ਫਿਰੋਜ਼ਪੁਰ, ਕਿਸਾਨ ਆਗੂ ਸੁੱਖਾ ਗਿੱਲ ਮੋਗਾ, ਐਸਜੀਪੀਸੀ ਦੇ ਸਾਬਕਾ ਮੈਂਬਰ ਕਰਨੈਲ ਸਿੰਘ ਪੰਜੋਲੀ, ਗੁਰਦੀਪ ਸਿੰਘ ਬਠਿੰਡਾ, ਕਾਸਕਰ ਸਿੰਘ ਕਾਹਨਸਿੰਘਵਾਲਾ, ਬਲਜੀਤ ਸਿੰਘ ਭਾਊ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਕਾਲਾ, ਪ੍ਰਮੁੱਖ ਆਗੂਆਂ ਸਮੇਤ ਕਰੀਬ 60 ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸ਼ਾਮ ਨੂੰ ਰਿਹਾਅ ਕਰ ਦਿੱਤਾ।
ਇਸ ਮੌਕੇ ਬਾਪੂ ਰਾਏ ਰਾਜ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਲਈ ਵੱਖਰੇ ਕਾਨੂੰਨ ਬਣਾਏ ਗਏ ਹਨ। ਕਾਨੂੰਨ ਮੁਤਾਬਕ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਹਾਲੇ ਵੀ ਜੇਲ੍ਹਾਂ ਵਿੱਚ ਡੱਕ ਕੇ ਰੱਖਿਆ ਹੋਇਆ ਹੈ। ਕੇਂਦਰ ਅਤੇ ਸੂਬੇ ਦੇ ਹੁਕਮਰਾਨ ਇਨਸਾਫ਼ ਪਸੰਦ ਲੋਕਾਂ ’ਤੇ ਜੁਲਮ ਢਾਹ ਰਹੇ ਹਨ। ਅੱਜ ਧੱਕੇਸ਼ਾਹੀ ਅਤੇ ਜਬਰ ਦੀ ਉਦੋਂ ਹੱਦ ਪਾਰ ਹੋ ਗਈ ਜਦੋਂ ਭੀੜ ਖਦੇੜਨ ਲਈ ਪੁਲੀਸ ਇਹ ਵੀ ਭੁੱਲ ਗਈ ਜਿੱਥੇ ਉਹ ਅੱਥਰੂ ਗੈੱਸ ਦੇ ਗੋਲੇ ਸੁੱਟ ਰਹੇ ਹਨ, ਉੱਥੇ ਖੁੱਲ੍ਹੇ ਪੰਡਾਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਪਰ ਇਸ ਸਭ ਦੇ ਬਾਵਜੂਦ ਟਕਰਾਅ ਤੋਂ ਬਚਾਅ ਰਿਹਾ।
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਇਨਸਾਫ਼ ਮੰਗਣ ’ਤੇ ਲਾਠੀਆਂ ਮਾਰੀਆਂ ਜਾਨ, ਉਸ ਸਰਕਾਰ ਤੋਂ ਇਨਸਾਫ਼ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਦੀ ਸਿੱਖਾਂ ਦੀ ਰਿਹਾਈ ਅਤੇ ਹੋਰ ਜਾਇਜ਼ ਮਸਲਿਆਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜਲਦੀ ਹੀ ਸਾਰਿਆਂ ਦੀ ਰਾਇ ਲੈ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਉਧਰ, ਦੂਜੇ ਪਾਸੇ ਇਨਸਾਫ਼ ਮੋਰਚੇ ਨੂੰ ਅਸਫਲ ਬਣਾਉਣ ਲਈ ਪੰਜਾਬ ਪੁਲੀਸ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ, ਅਕਾਲ ਯੂਥ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਰਾਜਪੁਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਕਸ਼ਮੀਰ ਸਿੰਘ ਭੇਖਾ, ਮਨਜੀਤ ਰਾਜ, ਕਿਸਾਨ ਆਗੂ ਰਣਜੀਤ ਸਿੰਘ ਚਨਾਰਥਲ ਸਮੇਤ ਹੋਰਨਾਂ ਸਿੱਖ ਆਗੂਆਂ ਨੂੰ ਪੁਲੀਸ ਵੱਲੋਂ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ। ਜਿਸ ਕਾਰਨ ਉਹ ਅੱਜ ਮੁਹਾਲੀ ਇਨਸਾਫ਼ ਮਾਰਚ ਵਿੱਚ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਪੁਲੀਸ ਨੇ ਮੁੱਖ ਸੜਕਾਂ ਸਮੇਤ ਪੱਕੇ ਮੋਰਚੇ ਵੱਲ ਜਾਣ ਵਾਲੀਆਂ ਮੁਹਾਲੀ ਦੀਆਂ ਅੰਦਰਲੀਆਂ ਸੜਕਾਂ ’ਤੇ ਵੀ ਜ਼ਬਰਦਸਤ ਬੈਰੀਕੇਟਿੰਗ ਕਰਕੇ ਸਿੱਖਾਂ ਦੇ ਕਾਫ਼ਲਿਆਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਇਹੀ ਨਹੀਂ ਪੁਲੀਸ ਦੀ ਸਖ਼ਤੀ ਕਾਰਨ ਮੀਡੀਆ ਕਰਮਚਾਰੀਆਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।