ਬੰਦੀ ਸਿੰਘਾਂ ਦੀ ਰਿਹਾਈ: ਪੱਕੇ ਮੋਰਚੇ ਦਾ ਸਾਲ ਪੂਰਾ ਹੋਣ ’ਤੇ 7 ਜਨਵਰੀ ਨੂੰ ਪੰਥਕ ਸੰਮੇਲਨ ਅਤੇ 11 ਨੂੰ ਮਾਰਚ ਕਰਨ ਦਾ ਐਲਾਨ

ਬਾਪੂ ਲਾਭ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਭੁੱਖ ਹੜਤਾਲ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 2 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਸਰੂਪ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਅਗਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਐਡਵੋਕੇਟ ਅਮਰ ਸਿੰਘ ਚਾਹਲ ਅਤੇ ਹੋਰਨਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਨਸਾਫ਼ ਪਸੰਦ ਲੋਕ ਪਿਛਲੇ 1 ਸਾਲ ਤੋਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਧਰਨਾਕਾਰੀਆਂ ਨੇ ਜਿੱਥੇ ਕੜਾਕੇ ਦੀ ਧੁੱਪ ਹੰਢਾਈ ਹੈ, ਉੱਥੇ ਹੁਣ ਹੱਡ ਚੀਰਵੀਂ ਠੰਢ ਵਿੱਚ ਸੜਕ ’ਤੇ ਇਨਸਾਫ਼ ਦੀ ਉਮੀਦ ਵਿੱਚ ਬੈਠੇ ਹਨ ਲੇਕਿਨ ਹੁਕਮਰਾਨਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਨਹੀਂ। ਜਿਸ ਕਾਰਨ 7 ਜਨਵਰੀ ਨੂੰ ਕੌਮੀ ਇਨਸਾਫ਼ ਮੋਰਚੇ ਵੱਲੋਂ ਵਿਸ਼ਾਲ ਪੰਥਕ ਸੰਮੇਲਨ ਕੀਤਾ ਜਾਵੇਗਾ ਤਾਂ ਜੋ ਸਰਕਾਰਾਂ ’ਤੇ ਦਬਾਅ ਪਾ ਕੇ ਜਾਇਜ਼ ਮੰਗਾਂ ਮਨਵਾਈਆਂ ਜਾ ਸਕਣ।
ਆਗੂਆਂ ਨੇ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ 7 ਜਨਵਰੀ ਨੂੰ ਸਾਲ ਪੂਰਾ ਹੋਣ ’ਤੇ ਪੱਕੇ ਮੋਰਚੇ ਵਾਲੀ ਥਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਏਕੇ ਦਾ ਸਬੂਤ ਦੇਣ ਤਾਂ ਜੋ ਦਹਾਕਿਆਂ ਬੱਧੀ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ 11 ਜਨਵਰੀ ਵਿਸ਼ਾਲ ਇਨਸਾਫ਼ ਮਾਰਚ ਕੱਢਿਆ ਜਾਵੇਗਾ।
ਉਧਰ, ਸਮੇਂ ਦੀਆਂ ਸਰਕਾਰਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਕੌਮੀ ਇਨਸਾਫ਼ ਮੋਰਚੇ ਦੀਆਂ ਜਾਇਜ਼ ਮੰਗਾ ਨਾ ਮੰਨਣ ਦੇ ਰੋਸ ਵਜੋਂ ਬਾਪੂ ਲਾਭ ਸਿੰਘ ਵੱਲੋਂ ਵਾਈਪੀਐਸ ਚੌਕ ’ਤੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਉਧਰ, ਰੋਜ਼ਾਨਾ ਵਾਂਗ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਤੋਂ 31 ਮੈਂਬਰੀ ਜਥਾ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਪ੍ਰਦਰਸ਼ਨ ਕੀਤਾ ਪ੍ਰੰਤੂ ਪੁਲੀਸ ਨੇ ਬੈਰੀਕੇਟ ਲਗਾ ਕੇ ਰਸਤੇ ਵਿੱਚ ਹੀ ਕਾਫ਼ਲਾ ਰੋਕ ਦਿੱਤਾ।
ਇਸ ਮੌਕੇ ਐਡਵੋਕੇਟ ਗੁਰਸ਼ਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਰਵਿੰਦਰ ਸਿੰਘ ਵਜੀਦਪੁਰ, ਭਾਈ ਗੁਰਮੀਤ ਸਿੰਘ ਸ਼ਾਂਟੂ, ਭਾਈ ਸੁੱਖਾ ਸਿੰਘ ਕੰਸਾਲਾ, ਭਾਈ ਬਲਵਿੰਦਰ ਸਿੰਘ , ਭਾਈ ਬਲਜੀਤ ਸਿੰਘ ਭਾਊ, ਭਾਈ ਇੰਦਰਬੀਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਜਥੇਦਾਰ ਰਾਜਾ ਰਾਜ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਭਾਈ ਬਲਬੀਰ ਸਿੰਘ ਬੈਰੋਂਪੁਰ ਅਤੇ ਭਾਈ ਸਰਬਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …