ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਦੀ ਮਹਾ ਪੰਚਾਇਤ ਵਿੱਚ ਹੁਕਮਰਾਨਾਂ ’ਤੇ ਸਾਧੇ ਨਿਸ਼ਾਨੇ

ਨਿਹੰਗ ਜਥੇਬੰਦੀਆਂ, ਕਿਸਾਨਾਂ ਸਮੇਤ ਵੱਡੀ ਗਿਣਤੀ ’ਚ ਪਹੁੰਚੇ ਇਨਸਾਫ਼ ਪਸੰਦ ਲੋਕ, ਤਿੰਨ ਕਮੇਟੀਆਂ ਦਾ ਗਠਨ

ਐਮਪੀ ਸਰਬਜੀਤ ਸਿੰਘ ਖ਼ਾਲਸਾ, ਲੱਖਾ ਸਿਧਾਣਾ, ਅਮਿਤੋਜ ਮਾਨ, ਦਰਸ਼ਨਪਾਲ, ਸਤਨਾਮ ਬਹਿਰੂ ਤੇ ਹੋਰ ਆਗੂ ਪੁੱਜੇ

ਨਬਜ਼-ਏ-ਪੰਜਾਬ, ਮੁਹਾਲੀ, 25 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਵਾਈਪੀਐਸ ਚੌਕ ਨੇੜੇ ਲਾਏ ਪੱਕੇ ਮੋਰਚੇ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਇੱਥੇ ਮਹਾ ਪੰਚਾਇਤ ਕੀਤੀ ਗਈ। ਇਸ ਮੌਕੇ ਬਾਪੂ ਗੁਰਚਰਨ ਸਿੰਘ ਹਵਾਰਾ, ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਆਗੂ ਡਾ. ਦਰਸ਼ਨਪਾਲ, ਸਤਨਾਮ ਸਿੰਘ ਬਹਿਰੂ, ਸੁੱਖ ਗਿੱਲ ਤੋਤੇਵਾਲ, ਅਮਿਤੋਜ ਮਾਨ, ਲੱਖਾ ਸਿਧਾਣਾ, ਸੀਨੀਅਰ ਵਕੀਲ ਮਹਿਮੂਦ ਪਰਾਚੇ, ਸੁਖਵਿੰਦਰ ਸਿੰਘ ਖੋਸਾ, ਬਲਜਿੰਦਰ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਸਮੇਂ ਦੀਆਂ ਸਰਕਾਰਾਂ ’ਤੇ ਨਿਸ਼ਾਨੇ ਸਾਧਦੇ ਹੋਏ ਹੁਕਮਰਾਨਾਂ ਨੂੰ ਸਿੱਖਾਂ ਦੇ ਵੈਰੀ ਦੱਸਿਆ ਅਤੇ ਇਨਸਾਫ਼ ਪ੍ਰਾਪਤੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਤਿੰਨ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ। ਮਹਾਪੰਚਾਇਤ ਦੌਰਾਨ ਵਾਈਪੀਐਸ ਚੌਕ ਅਤੇ ਆਸਪਾਸ ਇਲਾਕਾ ਪੁਲੀਸ ਛਾਊਣੀ ਬਣਿਆ ਰਿਹਾ। ਪੁਲੀਸ ਵੱਲੋਂ ਵਾਈਪੀਐਸ, ਬੁੜੈਲ ਜੇਲ੍ਹ ਦਾ ਪਿਛਲਾ ਪਾਸਾ ਅਤੇ ਐੱਸਐੱਸਪੀ ਦੀ ਸਰਕਾਰੀ ਕੋਠੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਗਏ ਸਨ।
ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਲਕੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਆਜ਼ਾਦ ਭਾਰਤ ਵਿੱਚ ਸਿੱਖਾਂ ਲਈ ਵੱਖਰੇ ਕਾਨੂੰਨ ਬਣਾਏ ਗਏ ਹਨ। ਕਾਨੂੰਨ ਮੁਤਾਬਕ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਹਾਲੇ ਵੀ ਜੇਲ੍ਹਾਂ ਵਿੱਚ ਡੱਕ ਕੇ ਰੱਖਿਆ ਹੋਇਆ ਹੈ। ਕੇਂਦਰ ਅਤੇ ਸੂਬੇ ਦੇ ਹੁਕਮਰਾਨ ਇਨਸਾਫ਼ ਪਸੰਦ ਲੋਕਾਂ ’ਤੇ ਜੁਲਮ ਢਾਹ ਰਹੇ ਹਨ। ਜੋ ਕੋਈ ਵੀ ਹੱਕਸੱਚ ਲਈ ਬੋਲਣ ਦੀ ਹਿੰਮਤ ਕਰਦਾ ਹੈ ਤਾਂ, ਉਸ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਰਵਾਇਤੀ ਪਾਰਟੀਆਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਕਿਸ ਤੋਂ ਇਨਸਾਫ਼ ਦੀ ਉਮੀਦ ਰੱਖੀਏ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਜੋ ਵੀ ਡਿਊਟੀ ਲਾਈ ਜਾਵੇਗੀ ਜਾਂ ਜ਼ਿੰਮੇਵਾਰੀ ਸੌਂਪੀ ਗਈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਅਖੀਰ ਵਿੱਚ ਬਾਬਾ ਕੁਲਵਿੰਦਰ ਸਿੰਘ ਅਤੇ ਬਾਬਾ ਰਾਜਾ ਰਾਜ ਸਿੰਘ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਕੀਤਾ ਸਨਮਾਨਿਤ

ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁ…