ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ

31 ਮਾਰਚ ਨੂੰ ਪੰਥਕ ਸੰਮੇਲਨ ਕਰਨ ਤੇ ਬੁੜੈਲ ਜੇਲ੍ਹ ਅੱਗੇ ਹੁਕਮਰਾਨਾਂ ਦੇ ਪੁਤਲੇ ਸਾੜਨ ਦਾ ਫ਼ੈਸਲਾ

ਨਬਜ਼-ਏ-ਪੰਜਾਬ, ਮੁਹਾਲੀ, 16 ਫਰਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਵਾਈਪੀਐਸ ਚੌਕ ਨੇੜੇ ਲਾਏ ਪੱਕੇ ਮੋਰਚੇ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਅੱਜ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਕਨਵੀਨਰ ਬਾਪੂ ਗੁਰਚਰਨ ਸਿੰਘ ਹਵਾਰਾ, ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ, ਕਿਸਾਨ ਆਗੂ ਸੁੱਖ ਗਿੱਲ ਤੋਤੇਵਾਲ ਅਤੇ ਪੁਆਧੀ ਆਗੂ ਬਲਬੀਰ ਸਿੰਘ ਨੇ ਸਮੇਂ ਦੀਆਂ ਸਰਕਾਰਾਂ ’ਤੇ ਨਿਸ਼ਾਨੇ ਸਾਧਦੇ ਹੋਏ ਹੁਕਮਰਾਨਾਂ ਨੂੰ ਸਿੱਖ ਵਿਰੋਧੀ ਦੱਸਦਿਆਂ ਕਿਹਾ ਕਿ ਵਿਸਾਖੀ ਤੋਂ ਪਹਿਲਾਂ 31 ਮਾਰਚ ਨੂੰ ਮੋਰਚੇ ਵਾਲੀ ਥਾਂ ’ਤੇ ਪੰਥਕ ਸੰਮੇਲਨ ਕੀਤਾ ਜਾਵੇਗਾ ਅਤੇ ਇਸ ਸਬੰਧੀ ਸੰਗਤ ਤੋਂ ਸੁਝਾਅ ਲਏ ਜਾਣਗੇ ਤਾਂ ਜੋ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾ ਸਕੇ।
ਆਗੂਆਂ ਨੇ ਦੱਸਿਆ ਕਿ ਅਗਲੇ ਸੰਘਰਸ਼ ਤਹਿਤ ਰੋਜ਼ਾਨਾ 31 ਮੈਂਬਰੀ ਜਥਾ ਪੱਕੇ ਮੋਰਚੇ ਵਾਲੀ ਥਾਂ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਬੁੜੈਲ ਜੇਲ੍ਹ ਦੇ ਅੱਗੇ ਪਹੁੰਚੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੁਤਲੇ ਸਾੜ ਕੇ ਰੋਸ ਪ੍ਰਗਟਾਇਆ ਜਾਵੇਗਾ। ਅੱਜ ਵਾਈਪੀਐਸ ਚੌਂਕ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਪੁਤਲੇ ਸਾੜੇ ਗਏ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫ਼ਟ ਕਰਨ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਭਗਵੰਤ ਮਾਨ ਅਤੇ ਅਰਵਿੰਦਰ ਕੇਜਰੀਵਾਲ ਦੇ ਪੁਤਲੇ ਸਾੜਨ ਦਾ ਨਿਰਣਾ ਲਿਆ ਗਿਆ ਹੈ ਕਿਉਂਕਿ ਇਨ੍ਹਾਂ ਆਗੂਆਂ ਨੇ ਸਿੱਖਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੀ ਤਾਕਤ ਹਾਸਲ ਕੀਤੀ ਸੀ ਪ੍ਰੰਤੂ ਹੁਣ ਇਨ੍ਹਾਂ ਆਗੂਆਂ ਨੇ ਆਪਣੇ ਵਾਅਦੇ ਪੂਰੇ ਕਰਨ ਤੋਂ ਮੂੰਹ ਮੋੜ ਲਿਆ ਹੈ।
ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਬਾਰੇ ਟਿੱਪਣੀਆਂ ਕਰਦਿਆਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਟਰੰਪ ਵਪਾਰਕ ਸਮਝੌਤਿਆਂ ਦੌਰਾਨ ਗੈਰ ਕਾਨੂੰਨੀ ਪਰਵਾਸ ਬਾਰੇ ਬੋਲ ਰਹੇ ਸਨ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਉੱਥੇ ਮੂਕ ਦਰਸ਼ਕ ਬਣੇ ਹੋਏ ਸਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ 116 ਭਾਰਤੀਆਂ ਨੂੰ ਅਮਰੀਕਾ ਵਿੱਚ ਮੋਦੀ ਦੀ ਹਾਜ਼ਰੀ ਦੌਰਾਨ ਹੀ ਜ਼ਲਾਲਤ ਭਰੇ ਤਰੀਕੇ ਨਾਲ ਜਹਾਜ਼ ਵਿੱਚ ਬਿਠਾਇਆ ਗਿਆ ਪ੍ਰੰਤੂ ਇਸ ਸਬੰਧੀ ਨਰਿੰਦਰ ਮੋਦੀ ਨੇ ਭਾਰਤ ਅਤੇ ਪੰਜਾਬ ਦੇ ਹੱਕ ਵਿੱਚ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਹੁਕਮਰਾਨਾਂ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ੀ ਮੁਲਕਾਂ ਵੱਲ ਤੱਕਣ ਲਈ ਮਜਬੂਰ ਕੀਤਾ ਹੈ। ਜਿਸ ਦਾ ਸੰਤਾਪ ਅੱਜ ਸਾਰੇ ਪੀੜਤ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:…