nabaz-e-punjab.com

ਆਖ਼ਰਕਾਰ ਮੁਹਾਲੀ ਦੇ ਡੀਸੀ ਨੇ ਫਲਾਂ ਤੇ ਸਬਜ਼ੀਆਂ ਦੀ ਸੋਧੀਆਂ ਕੀਮਤਾਂ ਦੀ ਸੂਚੀ ਕੀਤੀ ਜਾਰੀ

ਕੀਮਤਾਂ ਵਿੱਚ ਵਾਧਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਦਿੱਤੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਜ਼ਿਲ੍ਹਾ ਮੁਹਾਲੀ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਮੰਗ ਅਤੇ ਸਪਲਾਈ ਦੀ ਸਮੀਖਿਆ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਸ਼ਹਿਰ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਵਿਕਰੀ ਸਬੰਧੀ ਕੀਮਤਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ‘ ਨਬਜ਼-ਏ-ਪੰਜਾਬ ਬਿਊਰੋ’ ਸਮੇਤ ਪ੍ਰਿੰਟ ਮੀਡੀਆ ਵੱਲੋਂ ਬੀਤੇ ਦਿਨੀਂ ਸਬਜ਼ੀਆਂ ਦੀ ਕੀਮਤ ਵੱਧ ਵਸੂਲਣ ਸਬੰਧੀ ਗਰੀਬ ਲੋਕ ਲੂਣ ਤੇ ਆਚਾਰ ਰੋਟੀ ਖਾਣ ਲਈ ਮਜਬੂਰ ਡਿਟੇਲ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਸਬੰਧੀ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਹਿੰਗੇ ਭਾਅ ’ਤੇ ਸਬਜ਼ੀਆਂ ਵੇਚਣ ਦਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਰੇਹੜੀਆਂ ਵਾਲੇ ਵੀ ਮਨਮਰਜ਼ੀ ਦੇ ਭਾਅ ਅਨੁਸਾਰ ਫਲ ਤੇ ਸਬਜ਼ੀਆਂ ਵੇਚ ਰਹੇ ਹਨ, ਪ੍ਰੰਤੂ ਹੁਣ ਮੁਹਾਲੀ ਪ੍ਰਸ਼ਾਸਨ ਦੇ ਤਾਜ਼ਾ ਫੈਸਲੇ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਡੀਸੀ ਵੱਲੋਂ ਜਾਰੀ ਨਵੀਂ ਸੂਚੀ ਅਨੁਸਾਰ ਟਮਾਟਰਾਂ 25 ਰੁਪਏ ਕਿੱਲੋ, ਪਿਆਜ਼ 35 ਰੁਪਏ ਕਿੱਲੋ, ਪੱਤਾ ਗੋਭੀ 20 ਰੁਪਏ ਕਿੱਲੋ, ਮਟਰ 40 ਰੁਪਏ ਕਿੱਲੋ, ਫਲੀਆਂ 30 ਰੁਪਏ ਕਿੱਲੋ, ਘੀਆ 20 ਰੁਪਏ ਕਿੱਲੋ, ਸ਼ਿਮਲਾ ਮਿਰਚ 30 ਰੁਪਏ ਕਿੱਲੋ, ਹਰੀ ਮਿਰਚ 50 ਰੁਪਏ, ਫੁੱਲ ਗੋਭੀ 20 ਰੁਪਏ ਕਿੱਲੋ, ਪਾਲਕ 15 ਰੁਪਏ ਪ੍ਰਤੀ ਗੁੱਛੀ, ਮੇਥੀ 15 ਰੁਪਏ ਪ੍ਰਤੀ ਗੁੱਛੀ, ਧਨੀਆਂ 10 ਰੁਪਏ ਪ੍ਰਤੀ ਗੁੱਛੀ, ਅਦਰਕ 80 ਰੁਪਏ ਕਿੱਲੋ, ਨਿੰਬੂ 70 ਰੁਪਏ ਕਿੱਲੋ, ਗਾਜਰ 30 ਰੁਪਏ ਕਿੱਲੋ, ਕੱਦੂ 40 ਰੁਪਏ ਕਿੱਲੋ, ਖੀਰਾ 30 ਰੁਪਏ ਕਿੱਲੋ, ਮੂਲੀ 20 ਰੁਪਏ ਕਿੱਲੋ, ਚਕੰਦਰ 30 ਰੁਪਏ ਕਿੱਲੋ, ਕਰੇਲਾ 50 ਰੁਪਏ ਕਿੱਲੋ ਹਨ। ਇਸ ਤੋਂ ਇਲਾਵਾ ਪ੍ਰਮੁੱਖ ਫਲਾਂ ਦੇ ਨਿਰਧਾਰਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਕੇਲੇ 50 ਰੁਪਏ ਦਰਜਨ, ਸੰਤਰੇ 60 ਰੁਪਏ, ਸੇਬ 120 ਰੁਪਏ, ਪਪੀਤਾ 30 ਰੁਪਏ, ਕਿੰਨੂ 40 ਰੁਪਏ ਅਤੇ ਅੰਗੂਰ 100 ਰੁਪਏ ਪ੍ਰਤੀ ਕਿੱਲੋ ਨਿਰਧਾਰਿਤ ਕੀਤੇ ਗਏ ਹਨ।
ਸ੍ਰੀ ਦਿਆਲਨ ਨੇ ਫਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਵੱਧ ਕੀਮਤ ਲਗਾਉਣ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਫਲ ਤੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਰੇਟ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਪਲਾਈ ਲਈ ਉਪਲਬਧ ਫਲਾਂ ਅਤੇ ਸਬਜ਼ੀਆਂ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੇ ਸਮੇਂ ਵਿੱਚ ਕੀਮਤਾਂ ਵਿੱਚ ਹੋਰ ਸੋਧ ਕੀਤੀ ਜਾ ਸਕਦੀ ਹੈ।
(ਬਾਕਸ ਆਈਟਮ)
ਜ਼ਿਲ੍ਹਾ ਮੁਹਾਲੀ ਨੇ ਘਰ-ਘਰ ਰਾਸ਼ਨ ਪਹੁੰਚਾਉਣ ਲਈ ਅੱਜ ਮਾਰਕਫੈੱਡ ਦੀਆਂ ਵੈਨਾਂ ਦੀ ਵਿਵਸਥਾ ਕੀਤੀ ਗਈ। ਇਨ੍ਹਾਂ ਵੈਨਾਂ ਰਾਹੀਂ ਆਟਾ, ਰਿਫਾਇੰਡ ਤੇਲ ਦੇ ਪੈਕੇਟ, ਚੀਨੀ ਤੇ ਦਾਲਾਂ ਵਰਗੇ ਉਤਪਾਦ ਵੇਚੇ ਗਏ। ਅੱਜ ਪਹਿਲੇ ਦਿਨ ਮੁਹਾਲੀ ਵਾਸੀਆਂ ਨੇ ਦੁਪਹਿਰ ਤੱਕ ਕਰੀਬ 11 ਹਜ਼ਾਰ ਰੁਪਏ ਦਾ ਸਾਮਾਨ ਇਨ੍ਹਾਂ ਵੈਨਾਂ ਤੋਂ ਖ਼ਰੀਦ ਲਿਆ ਸੀ। ਲੋਕਾਂ ਨੂੰ ਦੁੱਧ ਦੀ ਲਗਾਤਾਰ ਸਪਲਾਈ ਬਰਕਰਾਰ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੇਰਕਾ ਨਾਲ ਤਾਲਮੇਲ ਕੀਤਾ ਹੈ ਅਤੇ ਐਤਵਾਰ ਨੂੰ ਸ਼ਹਿਰ ਵਾਸੀਆਂ ਲੋਕਾਂ ਨੂੰ 72550 ਲੀਟਰ ਦੁੱਧ ਸਪਲਾਈ ਕੀਤਾ ਗਿਆ। ਇਸ ਤੋਂ ਇਲਾਵਾ ਅਮੁਲ ਅਤੇ ਹੋਰ ਪ੍ਰਾਈਵੇਟ ਪਲਾਂਟਾਂ ਨੇ ਮੁਹਾਲੀ ਵਿੱਚ 22476 ਲੀਟਰ ਦੁੱਧ ਵੇਚਿਆ। ਕਰਫਿਊ ਲੱਗਣ ਤੋਂ ਬਾਅਦ ਰੋਜ਼ਾਨਾ 70 ਹਜ਼ਾਰ ਲੀਟਰ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਦੁੱਧ ਦੇ ਨਾਲ-ਨਾਲ ਅੱਜ 910 ਕਿੱਲੋ ਪਨੀਰ, 6775 ਕਿੱਲੋ ਦਹੀਂ ਅਤੇ 5925 ਲੀਟਰ ਲੱਸੀ ਦੀ ਸਪਲਾਈ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਹਿੱਸਿਆਂ ਵਿੱਚ 25.7 ਟਨ ਫਲ ਤੇ ਸਬਜ਼ੀਆਂ ਸਪਲਾਈ ਕੀਤੀਆਂ ਗਈਆਂ। ਜਦੋਂਕਿ ਖਰੜ ਵਿੱਚ 257 ਕੁਇੰਟਲ, ਕੁਰਾਲੀ ਵਿੱਚ 60 ਕੁਇੰਟਲ, ਬਨੂੜ ਵਿੱਚ 109 ਕੁਇੰਟਲ, ਡੇਰਾਬੱਸੀ ਵਿੱਚ 150 ਕੁਇੰਟਲ ਅਤੇ ਲਾਲੜੂ ਵਿੱਚ 200 ਕੁਇੰਟਲ ਫਲ ਤੇ ਸਬਜ਼ੀਆਂ ਸਪਲਾਈ ਕੀਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…