ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਮਾਰਟ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦਾ ਨਿਊਜ਼ ਲੈਟਰ ਰਿਲੀਜ਼

ਅਜੋਕੇ ਸਮੇਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ ਵਧਿਆ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲ ਤਾਂ ਸਮਾਰਟ ਬਣਾਏ ਜਾ ਰਹੇ ਹਨ ਪਰ ਨਾਲ ਹੀ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਦੀ ਨੁਹਾਰ ਬਦਲ ਕੇ ਸਮਾਰਟ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਿੱਖਿਆ ਭਵਨ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮਾਰਟ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਮਾਨਸਾ ਦਾ ਨਿਊਜ਼ ਲੈਟਰ ਰਿਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਸਖ਼ਤ ਲਗਨ ਅਤੇ ਮਿਹਨਤ ਸਦਕਾ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਆਪੋ ਆਪਣੇ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਡਾਈਟ ਅਹਿਮਦਪੁਰ ਦੀ ਸਮੁੱਚੀ ਟੀਮ ਜਿਸ ਵਿੱਚ ਗਿਆਨਦੀਪ ਸਿੰਘ ਲੈਕਚਰਾਰ ਪੰਜਾਬੀ, ਸਰੋਜ ਰਾਣੀ ਲੈਕਚਰਾਰ ਅੰਗਰੇਜ਼ੀ, ਸਤਨਾਮ ਸਿੰਘ ਡੀਪੀਈ, ਨੀਰਜ ਕੁਮਾਰ, ਬਲਤੇਜ ਸਿੰਘ ਆਰਟ ਐਂਡ ਕਰਾਫ਼ਟ ਟੀਚਰ, ਰਾਜ ਕੁਮਾਰ ਪੀਅਨ, ਗੇਲੂ ਸਿੰਘ ਪੀਅਨ ਨੇ ਕੋਵਿਡ-19 ਦੇ ਚੁਣੌਤੀ ਪੂਰਨ ਸਮੇਂ ਨੂੰ ਸੁਨਹਿਰੀ ਸਮੇਂ ਵਿੱਚ ਬਦਲਦੇ ਹੋਏ ਸੰਸਥਾ ਵਿੱਚ ਬਦਲਾਓ ਦਾ ਅਜਿਹਾ ਦੌਰ ਸ਼ੁਰੂ ਕੀਤਾ ਕਿ ਇਸ ਡਾਈਟ ਸੰਸਥਾ ਨੂੰ ਪੰਜਾਬ ਦੀ ਪਹਿਲੀ ਸਮਾਰਟ ਡਾਈਟ ਬਣਨ ਦਾ ਮਾਣ ਹਾਸਲ ਹੋਇਆ।
ਪ੍ਰਿੰਸੀਪਲ ਡਾ. ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਕੋਵਿਡ-19 ਦੇ ਸਮੇਂ ਕੀਤੇ ਗਏ ਸਾਰੇ ਕੰਮਾਂ ਦੀ ਡਾਕੂਮੈਂਟੇਸ਼ਨ ਕਰ ਕੇ ਇਸ ਨੂੰ ਨਿਊਜ਼ ਲੈਟਰ ਦਾ ਰੂਪ ਦਿੱਤਾ ਅਤੇ ਸਿੱਖਿਆ ਸਕੱਤਰ ਦੁਆਰਾ ਇਸ ਨੂੰ ਰਿਲੀਜ਼ ਕੀਤਾ ਗਿਆ ਜੋ ਕਿ ਸਮੁੱਚੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਡਾਈਟ ਦੀ ਇਸ ਪ੍ਰਾਪਤੀ ’ਤੇ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਡਾ. ਦਵਿੰਦਰ ਸਿੰਘ ਬੋਹਾ, ਸੁਰੇਖਾ ਠਾਕੁਰ ਸਮੇਤ ਹੋਰਨਾਂ ਅਧਿਕਾਰੀਆਂ ਨੇ ਵੀ ਪ੍ਰਿੰਸੀਪਲ ਡਾ. ਸੇਖੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…