Nabaz-e-punjab.com

ਰੇਹੜੀ-ਫੜੀ ਮਾਮਲਾ: ਮਾਰਕੀਟ ਦੇ ਪਿੱਛੇ ਵੈਂਡਿੰਗ ਜੋਨ ਬਣਾਉਣ ਦੀ ਕਾਰਵਾਈ ਮੁਲਤਵੀ

ਮਾਰਕੀਟ ਦੇ ਦੁਕਾਨਦਾਰਾਂ ਤੇ ਕੌਂਸਲਰਾਂ ਦੇ ਇਤਰਾਜ਼ ਪ੍ਰਗਟਾਇਆ, ਕਮਿਸ਼ਨਰ ਵੱਲੋਂ ਮੁੜ ਵਿਚਾਰ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਮੁਹਾਲੀ ਸ਼ਹਿਰ ਨੂੰ ਨਾਜਾਇਜ਼ ਰੇਹੜੀਆਂ-ਫੜੀਆਂ ਤੋਂ ਮੁਕਤ ਬਣਾਉਣ ਲਈ ਨਗਰ ਨਿਗਮ ਵੱਲੋਂ ਮਾਰਕੀਟਾਂ ਦੇ ਪਿੱਛੇ ਵੈਂਡਿੰਗ ਜ਼ੋਨ ਬਣਾਉਣ ਦਾ ਪ੍ਰਾਜੈਕਟ ਲਮਕ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਦੀ ਪ੍ਰਧਾਨਗੀ ਹੇਠ ਅੱਜ ਹੋਈ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਦੁਕਾਨਦਾਰਾਂ ਅਤੇ ਕੌਂਸਲਰਾਂ ਦੇ ਇਤਰਾਜ਼ ਪ੍ਰਗਟਾਉਣ ਕਾਰਨ ਪਾਇਲਟ ਪ੍ਰਾਜੈਕਟ ਵਜੋਂ ਇੱਥੋਂ ਦੇ ਫੇਜ਼-7 ਦੀ ਮਾਰਕੀਟ ਦੇ ਪਿੱਛੇ ਰੇਹੜੀ-ਫੜੀਆਂ ਵਾਲਿਆਂ ਨੂੰ ਢੁਕਵੀਂ ਥਾਂ ਦੇਣ ਲਈ ਬਣਾਏ ਜਾ ਰਹੇ ਵੈਂਡਿੰਗ ਜੋਨ ਦਾ ਫੈਸਲਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕਮਿਸ਼ਨਰ ਨੇ ਦੁਕਾਨਦਾਰਾਂ ਅਤੇ ਕੌਂਸਲਰਾਂ ਨੂੰ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੇ ਅਗਲੇ ਹਿੱਸੇ ਵਿੱਚ ਰੇਹੜੀ-ਫੜੀਆਂ ਲਗਾਉਣ ਵਾਲਿਆਂ ਨੂੰ ਢੁਕਵੀਂ ਥਾਂ ਦੇਣ ਲਈ ਵੈਂਡਿੰਗ ਜੋਨ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਸਬੰਧੀ ਟਾਊਨ ਵੈਂਡਿੰਗ ਕਮੇਟੀ ਦੇ ਮੈਂਬਰ ਕੌਂਸਲਰਾਂ ਅਤੇ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਨੇ ਫੇਜ਼-7 ਦੀ ਮਾਰਕੀਟ ਦਾ ਦੌਰਾ ਕਰਕੇ ਮਾਰਕੀਟ ਦੇ ਪਿੱਛੇ ਵੈਂਡਿੰਗ ਜੋਨ ਬਣਾਉਣ ਸਬੰਧੀ ਸਰਵੇ ਕੀਤਾ ਗਿਆ ਸੀ।
ਟਾਊਨ ਵੈਂਡਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸੈਂਟ ਸੋਲਜਰ ਕਾਨਵੈਂਟ ਸਕੂਲ ਦੇ ਸਾਹਮਣੇ ਅਤੇ ਫੇਜ਼-7 ਵਿੱਚ ਸ਼ੋਅਰੂਮਾਂ ਦੇ ਪਿੱਛੇ ਪਾਰਕਿੰਗ ਵਾਲੀ ਥਾਂ ’ਤੇ ਤਿੰਨ ਵੈਂਡਰ ਸਾਈਟਾਂ ਬਣਾਉਣ ਸਬੰਧੀ ਚਰਚਾ ਕੀਤੀ ਗਈ ਅਤੇ ਇਸ ਥਾਂ ਨੂੰ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਗਮਾਡਾ ਤੋਂ ਮਨਜ਼ੂਰੀ ਲੈਣ ਲਈ ਕਿਹਾ ਗਿਆ। ਸਰਵੇ ਕਰਨ ਵਾਲੀ ਪ੍ਰਾਈਵੇਟ ਏਜੰਸੀ ਦੇ ਨੁਮਾਇੰਦੇ ਡਾ. ਪਰਵੀਨ ਕੁਮਾਰ ਨੇ ਦੱਸਿਆ ਕਿ ਫੇਜ਼-7 ਵਿੱਚ ਕੁਲ 135 ਰੇਹੜੀ ਫੜੀਆਂ ਲਈ ਥਾਂ ਦਿੱਤੀ ਜਾਣੀ ਹੈ। ਇੱਥੇ ਇਨ੍ਹਾਂ ਸਾਰਿਆਂ ਲਈ ਢੁਕਵੀਂ ਥਾਂ ਉਪਲਬਧ ਹੈ। ਇਸ ਸਬੰਧੀ ਬਣਾਇਆ ਲੇ-ਆਉਟ ਪਲਾਨ ਵੀ ਮੈਂਬਰਾਂ ਨੂੰ ਦਿਖਾਇਆ ਗਿਆ। ਜਿਸ ਦੇ ਤਹਿਤ ਇਕ ਦੁਕਾਨਦਾਰ ਨੂੰ 64 ਫੁੱਟ ਥਾਂ ਦਿੱਤੀ ਜਾਣੀ ਹੈ। ਇਸਦੇ ਨਾਲ ਹੀ ਉਨ੍ਹਾਂ ਲਈ ਸ਼ੈੱਡ ਦਾ ਡਿਜਾਈਨ ਦਿੱਤਾ ਗਿਆ। ਜਿਸਦੇ ਤਹਿਤ ਇਨ੍ਹਾਂ ਦੀ ਪਿੱਠ ਜੋੜ ਕੇ ਦੁਕਾਨਾਂ ਬਣਾਉਣ ਦੀ ਤਜਵੀਜ਼ ਹੈ।
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-7 ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਅਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਸਮੇਤ ਹੋਰਨਾਂ ਨੁਮਾਇੰਦਿਆਂ ਨੂੰ ਵੀ ਮੀਟਿੰਗ ਵਿੱਚ ਸੱਦਿਆ ਗਿਆ ਸੀ ਤਾਂ ਜੋ ਉਨ੍ਹਾਂ ਦੇ ਵਿਚਾਰ ਲੈ ਕੇ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਸ੍ਰੀ ਕਾਹਲੋਂ ਨੇ ਇਸ ਪ੍ਰਸਤਾਵ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਜਿਸ ਥਾਂ ’ਤੇ ਵੈਂਡਿੰਗ ਜੋਨ ਬਣਾਈ ਜਾਣੀ ਹੈ, ਉੱਥੇ ਨੇੜੇ ਦੋ ਵੱਡੇ ਸਕੂਲ ਹਨ ਅਤੇ ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਲਈ ਵੈਂਡਿੰਗ ਜੋਨ ਲਈ ਕੋਈ ਹੋਰ ਥਾਂ ਨਿਰਧਾਰਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਸਨੀਕ ਪਹਿਲਾਂ ਹੀ ਸੜਕ ’ਤੇ ਖੜ੍ਹਦੇ ਵਾਹਨਾਂ ਕਾਰਨ ਪ੍ਰੇਸ਼ਾਨ ਹਨ। ਜੇਕਰ ਇੱਥੇ ਵੈਂਡਿੰਗ ਜੋਨ ਬਣਾਈ ਗਈ ਤਾਂ ਲੋਕਾਂ ਦਾ ਲਾਂਘਾ ਵੀ ਅੌਖਾ ਹੋ ਜਾਵੇਗਾ।
ਸਰਬਜੀਤ ਪਾਰਸ ਨੇ ਵੀ ਮਾਰਕੀਟ ਦੇ ਪਿੱਛੇ ਵੈਂਡਿੰਗ ਜੋਨ ਬਣਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਰੇਹੜੀ-ਫੜੀਆਂ ਲਈ ਕੋਈ ਹੋਰ ਥਾਂ ਲੱਭੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਗਮਾਡਾ ਤੋਂ ਢੁਕਵੀਂ ਸਾਈਟ ਮੰਗੀ ਜਾਵੇ। ਉਨ੍ਹਾਂ ਸਲਾਹ ਦਿੱਤੀ ਕਿ ਥਾਣਾ ਮਟੌਰ ਦੇ ਨਾਲ ਖਾਲੀ ਥਾਂ ਵਿੱਚ ਵੈਂਡਿੰਗ ਜੋਨ ਬਣਾਈ ਜਾ ਸਕਦੀ ਹੈ। ਮੀਟਿੰਗ ਵਿੱਚ ਕੌਂਸਲਰ ਕੁਲਜੀਤ ਸਿੰਘ ਬੇਦੀ ਤੇ ਆਰਪੀ ਸ਼ਰਮਾ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਸਮਾਜ ਸੇਵੀ ਅਤੁਲ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਸਮੇਤ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।
(ਬਾਕਸ ਆਈਟਮ)
ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਫਿਲਹਾਲ ਫੇਜ਼-7 ਦੀ ਮਾਰਕੀਟ ਦੇ ਪਿੱਛੇ ਪਾਇਲਟ ਪ੍ਰਾਜੈਕਟ ਵਜੋਂ ਵੈਂਡਿੰਗ ਜੋਨ ਬਣਾਉਣ ਕੰਮ ਥੋੜ੍ਹਾ ਅੱਗੇ ਪੈ ਗਿਆ ਹੈ। ਇਸ ਸਬੰਧੀ ਕੌਂਸਲਰ ਤੇ ਮਾਰਕੀਟ ਦੇ ਦੁਕਾਨਦਾਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਦੋ ਸਕੂਲ ਹੋਣ ਕਾਰਨ ਮਾਰਕੀਟ ਦੀ ਪਿਛਲੀ ਸੜਕ ’ਤੇ ਕਾਫੀ ਜ਼ਿਆਦਾ ਆਵਾਜਾਈ ਰਹਿੰਦੀ ਹੈ ਅਤੇ ਇੱਧਰ ਦਰਜਨਾਂ ਦੀ ਗਿਣਤੀ ਵਿੱਚ ਸਕੂਲ ਬੱਸਾਂ ਆਉਂਦੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਸਬੰਧੀ ਫੈਸਲਾ ਟਾਲ ਦਿੱਤਾ ਗਿਆ ਹੈ ਅਤੇ ਜਲਦੀ ਹੀ ਮੁੜ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਢੁਕਵਾਂ ਫੈਸਲਾ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…