nabaz-e-punjab.com

ਨਸ਼ਾ ਤਸਕਰੀ: ਮੁਲਜ਼ਮ ਰਣਜੀਤ ਚਿੱਤਾ ਤੇ ਭਰਾ ਦਾ 29 ਮਈ ਤੱਕ ਪੁਲੀਸ ਰਿਮਾਂਡ

ਪੰਜਾਬ ਤੇ ਹਰਿਆਣਾ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਮੁਲਜ਼ਮ ਨੂੰ ਸਿਰਸਾ ’ਚੋਂ ਕੀਤਾ ਸੀ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਹੈਰੋਇਨ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਰਣਜੀਤ ਸਿੰਘ ਚਿੱਤਾ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੇ ਵੀਰਵਾਰ ਨੂੰ ਮੁਹਾਲੀ ਦੀ ਐਨਆਈਏ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਨੇ ਮੁਲਜ਼ਮ ਨੂੰ 29 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਦੇ ਸਰਹੱਦੋਂ ਪਾਰ ਹੁੰਦੀ ਹੈਰੋਇਨ ਤਸਕਰੀ ਮਾਮਲੇ ਨਾਲ ਵੀ ਤਾਰ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਸ ਦੇ ਪਾਕਿ ਆਧਾਰਿਤ ਹਿਜਬੁਲ ਮੁਜਾਹਿਦੀਨ ਨਾਰਕੋ ਅਤਿਵਾਦ ਨੈਟਵਰਕ ਨਾਲ ਗੂੜੇ ਸਬੰਧ ਹੋਣ ਬਾਰੇ ਪਤਾ ਲੱਗਾ ਹੈ। ਇਸ ਜਥੇਬੰਦੀ ਦੇ ਕਮਾਂਡਰ ਨਾਇਕੂ ਨੂੰ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ।
ਬੀਤੀ 9 ਮਈ ਨੂੰ ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੂੰ ਸਿਰਸਾ ’ਚੋਂ ਡਰੱਗ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 5 ਮਈ ਨੂੰ ਚਿੱਤਾ ਦੇ ਚਰੇਰੇ ਭਰਾਵਾਂ ਅਤੇ ਹਿਜਬੁਲ ਦੇ ਦੋ ਹੋਰ ਕਾਰਕੁਨਾਂ ਬਿਕਰਮ ਸਿੰਘ ਉਰਫ਼ ਵਿੱਕੀ ਅਤੇ ਉਸਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ 1 ਕਿੱਲੋ ਹੈਰੋਇਨ ਅਤੇ 32.25 ਲੱਖ ਰੁਪਏ ਬਰਾਮਦ ਕੀਤੇ ਗਏ ਸੀ। ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਦੇ ਸਪੁਰਦ ਕੀਤੀ ਗਈ ਹੈ ਕਿਉਂਕਿ ਹੈਰੋਇਨ ਤਸਕਰੀ ਦੇ ਪਹਿਲੇ ਮਾਮਲਿਆਂ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਨ੍ਹਾਂ ’ਚੋਂ ਕਈ ਮਾਮਲੇ ਮੁਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਹਨ।
ਰਣਜੀਤ ਚਿੱਤਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਤਾਰ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿ ਸਰਹੱਦ ’ਤੇ ਆਈਸੀਪੀ ਅਟਾਰੀ ਦੇ ਕਾਨੂੰਨੀ ਜ਼ਮੀਨੀ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਵਿੱਚ ਜੁੜੇ ਹੋਏ ਹਨ। ਉਹ ਪਿਛਲੇ ਸਾਲ 29 ਜੂਨ ਨੂੰ ਇੰਟੈਗਰੇਟਿਡ ਚੈੱਕ ਪੋਸਟ, ਅਟਾਰੀ (ਅੰਮ੍ਰਿਤਸਰ) ਰਾਹੀਂ 600 ਬੈਗ ਲੂਣ ਦੀ ਖੇਪ ਵਿੱਚ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿੱਲੋਗਰਾਮ ਹੈਰੋਇਨ ਅਤੇ 52 ਕਿੱਲੋ ਮਿਕਸਡ ਨਸੀਲੇ ਪਦਾਰਥ ਲਿਆਉਣ ਦੀ ਗੱਲ ਵੀ ਮੰਨ ਚੁੱਕਾ ਹੈ। ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲੀਸ ਪਹਿਲਾਂ ਹੀ ਟਰੱਕ ਚਾਲਕ ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਸਮੇਤ ਕਸ਼ਮੀਰੀ ਨੌਜਵਾਨ ਤਾਰਿਕ ਅਹਿਮਦ ਲੋਨ ਵਾਸੀ ਹੰਦਵਾੜਾ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਖੇਪ ਪਾਕਿਸਤਾਨ ਤੋਂ ਆਏ ਟਰੱਕ ਵਿੱਚ ਲੂਣ ਦੀਆਂ ਬੋਰੀਆਂ ਥੱਲੇ ਲੁਕਾਈ ਹੋਈ ਸੀ। ਲੂਣ ਦੇ ਵਪਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਐਨਆਈਏ ਅਦਾਲਤ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।
ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਬਿਕਰਮ ਅਤੇ ਮਨਿੰਦਰ ਆਪਣੇ ਚਚੇਰੇ ਭਰਾ ਰਣਜੀਤ ਸਿੰਘ ਉਰਫ਼ ਚਿੱਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਣ ਸਿੰਘ ਨਾਲ ਸਰਹੱਦੋਂ ਪਾਰ ਨਸ਼ਾ ਤਸਕਰੀ ਕਰਦੇ ਸਨ। ਉਹ ਦੋਵੇਂ ਉਕਤ ਮੁਲਜ਼ਮਾਂ ਦੇ ਕਹਿਣ ’ਤੇ 5 ਮਈ ਨੂੰ ਅਤਿਵਾਦੀ ਹਿਲਾਲ ਅਹਿਮਦ ਨੂੰ 29 ਲੱਖ ਰੁਪਏ ਦੀ ਡਰੱਗ ਮਨੀ ਪਹੁੰਚਾਉਣ ਆਏ ਸੀ, ਕਿ ਪੁਲੀਸ ਦੇ ਧੱਕੇ ਚੜ੍ਹ ਗਏ। ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਕੀਤੇ ਸਨ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੀ ਚਿੱਤਾ ਤੇ ਉਸ ਦੇ ਭਰਾ ਨੂੰ ਕਾਬੂ ਕੀਤਾ ਗਿਆ।
ਪੁਲੀਸ ਅਨੁਸਾਰ ਰਣਜੀਤ ਚਿੱਤਾ ਨੂੰ ਡਰੋਨ ਸਮੇਤ ਨਸ਼ਿਆਂ, ਹਥਿਆਰਾਂ, ਐਫਆਈਸੀਐਨ ਨੂੰ ਵੱਖ ਵੱਖ ਢੰਗਾਂ ਰਾਹੀਂ ਪਾਕਿ ਆਈਐਸਆਈ ਰਾਹੀਂ ਪੰਜਾਬ ਵਿੱਚ ਭੇਜਣ ਅਤੇ ਨਸ਼ਾ ਤਸਕਰਾਂ/ਕੂਰੀਅਰਾਂ ਸਥਾਪਿਤ ਕਰਨ ਲਈ ਸਾਂਝੇ ਨੈਟਵਰਕ ’ਚੋਂ ਇਕ ਸਰਗਰਮ ਕੜੀ ਸੀ। ਉਸ ਨੂੰ ਹੈਰੋਇਨ ਤਸਕਰੀ ਲਈ 2008, 2009, 2011 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 5 ਕਿੱਲੋ ਹੈਰੋਇਨ ਦੀ ਤਸਕਰੀ ਮਾਮਲੇ ਵਿੱਚ 12 ਸਾਲ ਕੈਦ ਦੀ ਸਜਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਮਾਰਚ 2018 ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …