
ਮੁਹਾਲੀ ਨਗਰ ਨਿਗਮ ਨੇ ਫੁੱਟਪਾਥ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ
ਮਕਾਨ ਮਾਲਕ ਵੱਲੋਂ ਫੁੱਟਪਾਥ ਦੀ ਜ਼ਮੀਨ ’ਤੇ ਕੀਤੀ ਗਈ ਸੀ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਇੱਥੋਂ ਦੇ ਫੇਜ਼-4 ਵਿੱਚ ਇਕ ਮਕਾਨ ਮਾਲਕ ਵੱਲੋਂ ਪੇਵਰ ਬਲਾਕ ਤੋੜ ਕੇ ਫੁੱਟਪਾਥ ਵਾਲੀ ਜ਼ਮੀਨ ’ਤੇ ਉਸਾਰੀ ਸ਼ੁਰੂ ਕਰਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਹੱਲੇ ਦੇ ਲੋਕਾਂ ਦੀ ਸ਼ਿਕਾਇਤ ’ਤੇ ਮੌਕੇ ’ਤੇ ਪਹੁੰਚੀ ਨਗਰ ਨਿਗਮ ਦੀ ਟੀਮ ਨੇ ਨਿਰਮਾਣ ਕੰਮ ਰੋਕ ਦਿੱਤਾ। ਨਗਰ ਨਿਗਮ ਦੇ ਐਸਡੀਓ ਸੁਖਵਿੰਦਰ ਸਿੰਘ ਅਤੇ ਜੇਈ ਵਰਿੰਦਰ ਸਿੰਘ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਵਿਅਕਤੀ ਨੇ ਆਪਣੇ ਮਕਾਨ ਦੇ ਨਾਲ ਫੁੱਟਪਾਥ ਵਾਲੀ ਥਾਂ ’ਤੇ ਲੱਗੇ ਪੇਵਰ ਬਲਾਕ ਤੋੜ ਕੇ ਉੱਥੇ ਕੰਧ ਬਣਾਉਣ ਲਈ ਉਸਾਰੀ ਦਾ ਕੰਮ ਬਣਾਉਣੀ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਮਕਾਨ ਮਾਲਕ ਵੱਲੋਂ ਕੀਤਾ ਗਿਆ ਨਾਜਾਇਜ਼ ਕਬਜ਼ਾ ਹਟਾ ਦਿੱਤਾ ਹੈ।
ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਕਿਹਾ ਕਿ ਫੇਜ਼-4 ਵਿੱਚ ਇਕ ਵਿਅਕਤੀ ਵੱਲੋਂ ਆਪਣੇ ਮਕਾਨ ਦੇ ਨਾਲ ਖਾਲੀ ਥਾਂ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਕਾਨ ਮਾਲਕ ਨੇ ਪੇਵਰ ਬਲਾਕ ਪੁੱਟ ਕੇ ਉੱਥੇ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਥਾਂ ਹੈ, ਜੋ ਫੁੱਟਪਾਥ ਅਤੇ ਪਾਰਕਿੰਗ ਵਜੋਂ ਵਰਤੀ ਜਾਂਦੀ ਹੈ। ਰਿਹਾਇਸ਼ੀ ਇਲਾਕੇ ਵਿੱਚ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਨੂੰ ਦੇਖਦੇ ਹੋਏ ਕਾਫ਼ੀ ਸਮਾਂ ਪਹਿਲਾਂ ਨਗਰ ਨਿਗਮ ਵੱਲੋਂ ਇਸ ਥਾਂ ’ਤੇ ਪੇਵਰ ਬਲਾਕ ਲਗਾ ਕੇ ਫੁੱਟਪਾਥ ਬਣਾ ਦਿੱਤਾ ਗਿਆ ਸੀ ਪ੍ਰੰਤੂ ਮਕਾਨ ਮਾਲਕ ਨੇ ਫੁੱਟਪਾਥ ਵਾਲੀ ਥਾਂ ਲੱਗੇ ਪੇਵਰ ਬਲਾਕ ਪੁੱਟ ਕੇ ਉੱਥੇ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਹਰਭਜਨ ਸਿੰਘ ਨੇ ਮਕਾਨ ਮਾਲਕ ਨਾਲ ਗੱਲ ਕਰਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ ਪਰ ਉਹ ਨਹੀਂ ਮੰਨੇ। ਇਸ ਮਗਰੋਂ ਉਸ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ। ਜਿਸ ’ਤੇ ਕਾਰਵਾਈ ਕਰਦਿਆਂ ਅੱਜ ਨਗਰ ਨਿਗਮ ਦੀ ਟੀਮ ਨੇ ਨਿਰਮਾਣ ਕੰਮ ਰੋਕ ਕੇ ਉੱਥੇ ਕੀਤਾ ਨਾਜਾਇਜ਼ ਕਬਜ਼ਾ ਹਟਾ ਦਿੱਤਾ ਗਿਆ ਹੈ।
ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਦਿਆਲ ਸਿੰਘ, ਜਤਿੰਦਰ ਸਿੰਘ ਸਾਹਨੀ, ਕੰਵਲਜੀਤ ਸਿੰਘ ਸਾਹਨੀ, ਮਨਮੋਹਨ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਵਿਨੀਤ ਮੈਣੀ, ਸੁਰਿੰਦਰ ਸਿੰਘ ਚਾਵਲਾ ਵੀ ਮੌਜੂਦ ਸਨ।