ਨਗਰ ਨਿਗਮ ਵੱਲੋਂ ਮੁਹਾਲੀ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੌਰਾਨ ਮਾਰਕੀਟ ਪ੍ਰਧਾਨ ਨਾਲ ਉਲਝੇ ਲੋਕ

ਮਾਰਕੀਟ ਦੇ ਪ੍ਰਧਾਨ ਨੇ ਪੁਲੀਸ ਨੂੰ ਦਿੱਤੀ ਮਾੜੀ ਸ਼ਬਦਾਵਲੀ ਵਰਤਣ ਦੀ ਲਿਖਤੀ ਸ਼ਿਕਾਇਤ, ਮਟੌਰ ਪੁਲੀਸ ਵੱਲੋਂ ਜਾਂਚ ਸ਼ੁਰੂ

ਦੁਕਾਨਦਾਰਾਂ ਨੂੰ ਧਮਕੀਆਂ ਦੇਣ ਵਾਲੇ ਰੇਹੜੀਆਂ ਫੜੀਆਂ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਪੁਲੀਸ: ਜੇਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿੱਚ ਬੀਤੀ ਸ਼ਾਮ ਨਾਜਾਇਜ਼ ਕਬਜ਼ੇ ਹਟਾਉਣ ਆਈ ਟੀਮ ਵੱਲੋਂ ਸਰਕਾਰੀ ਜ਼ਮੀਨ ਤੇ ਲੱਗ ਰਹੀਆਂ ਰੇਹੜੀਆਂ ਫੜੀਆਂ ਵਾਲਿਆਂ ਦਾ ਸਾਮਾਨ ਜ਼ਬਤ ਕਰਨ ਦੀ ਕਾਰਵਾਈ ਦੇ ਦੌਰਾਨ ਕੁੱਝ ਲੋਕਾਂ ਵੱਲੋਂ ਮਾਰਕੀਟ ਦੇ ਪ੍ਰਧਾਨ ਤੇ ਰੇਹੜੀ ਫੜੀ ਵਾਲਿਆਂ ਨਾਲ ਧੱਕੇਸ਼ਾਹੀ ਕਰਨ ਦੇ ਇਲਜਾਮ ਲਗਾਉਂਦਿਆਂ ਇਸ ਕਾਰਵਾਈ ਤੇ ਇਤਰਾਜ ਪ੍ਰਗਟਾਇਆ ਗਿਆ ਅਤੇ ਇਸ ਦੌਰਾਨ ਇਕੱਠੇ ਹੋਏ ਦੁਕਾਨਦਾਰਾਂ ਅਤੇ ਉਕਤ ਵਿਅਕਤੀਆਂ ਵਿੱਚ ਕੁੱਝ ਸਮਾਂ ਬਾਕਾਇਦਾ ਤਲਖਕਲਾਮੀ ਵੀ ਹੋਈ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਉਹ ਸਾਰੇ ਇੱਥੇ ਆ ਕੇ ਬੈਠਦੇ ਹਨ ਅਤੇ ਪ੍ਰਧਾਨ ਵੱਲੋਂ ਨਿਗਮ ਦੀ ਟੀਮ ਨੂੰ ਕਹਿ ਕੇ ਇੱਥੋਂ ਕੁਰਸੀਆਂ ਚੁਕਵਾ ਦਿੱਤੀਆਂ ਗਈਆਂ ਹਨ ਜਦੋਂਕਿ ਅਜਿਹੇ ਕਬਜੇ ਪੂਰੀ ਮਾਰਕੀਟ ਵਿੱਚ ਹਨ ਜਦੋੱਕਿ ਪ੍ਰਧਾਨ ਅਤੇ ਹੋਰਨਾਂ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਿਗਮ ਦੀ ਟੀਮ ਵਲੋੱ ਪੂਰੀ ਮਾਰਕੀਟ ਦੇ ਕਬਜੇ ਦੂਰ ਕਰਵਾਏ ਜਾ ਰਹੇ ਹਨ ਅਤੇ ਇਸ ਥਾਂ ਤੇ ਚਾਹ ਵਾਲੇ ਕੋਲ ਲਗਾਈਆਂ ਕੁਰਸੀਆਂ ਤੇ ਸਾਰਾ ਦਿਨ ਵਿਹਲੜ ਕਿਸਮ ਦੇ ਲੋਕ ਬੈਠੇ ਰਹਿੰਦੇ ਹਨ ਜਿਹੜੇ ਆਉਣ ਜਾਣ ਵਾਲੀਆਂ ਅੌਰਤਾਂ ਤੇ ਫਿਕਰੇ ਕਸਦੇ ਹਨ। ਬਾਅਦ ਵਿੱਚ ਮਾਰਕੀਟ ਦੇ ਪ੍ਰਧਾਨ ਜੇਪੀ ਸਿੰਘ ਨੇ ਮਾਰਕੀਟ ਦੇ ਦੁਕਾਨਦਾਰਾਂ ਨਾਲ ਜਾ ਕੇ ਉਹਨਾਂ ਨਾਲ ਕਥਿਤ ਦੁਰਵਿਵਹਾਰ ਕਰਨ ਅਤੇ ਧਮਕੀਆਂ ਦੇਣ ਵਾਲਿਆਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਜਿਸਦੀ ਪੁਲੀਸ ਵਲੋੱ ਜਾਂਚ ਕੀਤੀ ਜਾ ਰਹੀ ਹੈ।
ਬੀਤੀ ਸ਼ਾਮ ਨਗਰ ਨਿਗਮ ਵੱਲੋਂ ਫੇਜ਼-3ਬੀ2 ਵਿੱਚ ਕੀਤੀ ਗਈ ਕਾਰਵਾਈ ਦੇ ਤਹਿਤ ਪਹਿਲਾਂ ਮਾਰਕੀਟ ਦੇ ਪਿਛਲੇ ਪਾਸੇ ਪਾਵ ਭਾਜੀ ਦੀ ਰੇਹੜੀ ਵਾਲੇ ਦਾ ਸਾਮਾਨ ਜਬਤ ਕੀਤਾ ਜਿਸ ਤੋਂ ਬਾਅਦ ਇਹ ਟੀਮ ਕੇਐਫਸੀ ਦੇ ਸਾਹਮਣੇ ਅੱਡਾ ਲਗਾ ਕੇ ਬੈਠੇ ਇੱਕ ਚਾਹ ਵਾਲੇ ਦਾ ਸਾਮਾਨ ਚੁੱਕਣ ਲੱਗ ਗਈ। ਇਸ ਮੌਕੇ ਟੀਮ ਵੱਲੋਂ ਉੱਥੇ ਪਈਆਂ ਇੱਕ ਦਰਜਨ ਦੇ ਕਰੀਬ ਕੁਰਸੀਆਂ ਵੀ ਜ਼ਬਤ ਕੀਤੀਆਂ ਅਤੇ ਗੱਡੀ ਵਿੱਚ ਰੱਖ ਲਈਆਂ। ਇਸ ਦੌਰਾਨ ਉੱਥੇ ਬੈਠਣ ਵਾਲੇ ਕੁੱਝ ਲੋਕਾਂ ਵੱਲੋਂ ਮਾਰਕੀਟ ਦੇ ਪ੍ਰਧਾਨ ਨਾਲ ਇਹ ਕਹਿ ਕੇ ਬਹਿਸ ਸ਼ੁਰੂ ਕਰ ਦਿੱਤੀ ਗਈ ਕਿ ਪ੍ਰਧਾਨ ਨੂੰ ਕੁਰਸੀਆਂ ਨਹੀਂ ਚੁਕਵਾਣੀਆਂ ਚਾਹੀਦੀਆਂ ਸਨ। ਉਹ ਲੋਕ ਕਹਿਣ ਲੱਗ ਪਏ ਕਿ ਸਾਰੀ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਵਰਾਂਡਿਆਂ ਵਿੱਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਉਹ ਵੀ ਚੁਕਵਾਏ ਜਾਣ। ਇਸ ਮੌਕੇ ਥੋੜੀ ਗਰਮਾ ਗਰਮੀ ਵੀ ਹੋਈ ਅਤੇ ਇਸ ਦੌਰਾਨ ਪ੍ਰਧਾਨ ਅਤੇ ਹੋਰਨਾਂ ਦੁਕਨਦਾਰਾਂ ਵੱਲੋਂ ਇਹਨਾਂ ਲੋਕਾਂ ਨੂੰ ਇਹ ਪੁੱਛਣ ਤੇ ਕਿ ਉਹਨਾਂ ਦੀ ਦੁਕਾਨ ਕਿਹੜੀ ਹੈ ਉਹ ਕਿਸ ਅਧਿਕਾਰ ਨਾਲ ਗੱਲ ਕਰ ਰਹੇ ਹਨ, ਉਕਤ ਵਿਅਕਤੀ ਚੁੱਪ ਹੋ ਗਏ। ਇਸ ਦੌਰਾਨ ਨਿਗਮ ਦੀ ਟੀਮ ਵਲੋੱ ਗ੍ਰੀਨ ਬੈਲਟ ਵਿੱਚ ਲਗੱਦੀਆਂ ਕੁੱਝ ਹੋਰ ਰੇਹੜੀਆਂ ਫੜੀਆਂ ਦਾ ਵੀ ਸਾਮਾਨ ਜ਼ਬਤ ਕਰ ਲਿਆ।
ਬਾਅਦ ਵਿੱਚ ਮਾਰਕੀਟ ਦੇ ਪ੍ਰਧਾਨ ਜੇਪੀ ਸਿੰਘ ਵੱਲੋਂ ਇਸ ਸਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਨਾਜਇਜ ਕਬਜੇ ਹਟਵਾਉਣ ਵਿੱਚ ਰੁਕਾਵਟ ਪਾਉਣ ਅਤੇ ਮਾਰਕੀਟ ਵਿੱਚ ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਮਾਰਕੀਟ ਵਿੱਚ ਅਜਿਹੇ ਕਈ ਰੇਹੜੀ ਫੜੀ ਵਾਲੇ ਬੈਠੇ ਹਨ, ਜੋ ਕਿ ਗੁੰਡਾਗਰਦੀ ਵੀ ਕਰਦੇ ਹਨ। ਇਹਨਾਂ ਰੇਹੜੀ ਫੜੀ ਵਾਲਿਆਂ ਕੋਲ ਵਿਹਲੜ ਕਿਸਮ ਦੇ ਲੋਕ ਵੀ ਬੈਠੇ ਰਹਿੰਦੇ ਹਨ ਜਿਹੜੇ ਸਾਰਾ ਦਿਨ ਰੌਲਾ ਪਾਉੱਦੇ ਰਹਿੰਦੇ ਹਨ ਅਤੇ ਮਾਰਕੀਟ ਵਿੱਚ ਆਉਣ ਵਾਲੀਆਂ ਮਹਿਲਾਵਾਂ ਉਪਰ ਕਮੈਂਟ ਕਰਦੇ ਰਹਿੰਦੇ ਹਨ। ਇਹਨਾਂ ਵਿਅਕਤੀਆਂ ਤੋੱ ਮਾਰਕੀਟ ਦੇ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ।
ਸ੍ਰੀ ਜੇ.ਪੀ ਸਿੰਘ ਨੇ ਕਿਹਾ ਕਿ ਜਦੋਂ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਇਥੋ ਚਲੇ ਜਾਣ ਲਈ ਕਹਿੰਦੇ ਹਨ ਤਾਂ ਇਹ ਰੇਹੜੀ ਫੜੀ ਵਾਲੇ ਐਸੋਸੀਏਸਨ ਦੇ ਮੈਂਬਰਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਗੰਦੀਆਂ ਗਾਲਾਂ ਤਕ ਕੱਢਦੇ ਹਨ। ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸੰਬੰਧੀ ਪੁਲੀਸ ਵਲੋੱ ਛੇਤੀ ਹੀ ਕਾਰਵਾਈ ਨਾ ਕੀਤੀ ਗਈ ਤਾਂ ਮਾਰਕੀਟ ਦੇ ਦੁਕਾਨਦਾਰ ਐਸ ਐਸ ਪੀ ਨੂੰ ਮਿਲਣਗੇ ਅਤੇ ਉਹਨਾਂ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ਕਰਣਗੇ। ਉਧਰ, ਸੰਪਰਕ ਕਰਨ ’ਤੇ ਥਾਣਾ ਮਟੌਰ ਦੇ ਐਸਐਚਓ ਜਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਇਸ ਸੰਬੰਧੀ ਸ਼ਿਕਾਇਤ ਮਿਲੀ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵੱਲੋਂ ਇਸ ਸੰਬੰਧੀ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …