Nabaz-e-punjab.com

ਬੈਂਰੋਪੁਰ ਤੋਂ ਸੈਕਟਰ-88 ਤੱਕ ਸੜਕ ਦੀ ਮੁਰੰਮਤ ’ਤੇ 1 ਕਰੋੜ 35 ਲੱਖ ਰੁਪਏ ਖਰਚ ਕੀਤੇ ਜਾਣਗੇ: ਸਿੱਧੂ

ਲਖਨੌਰ-ਲਾਂਡਰਾਂ ਸੜਕ ’ਤੇ ਆਵਾਜਾਈ ਘਟੇਗੀ, ਲੋਕਾਂ ਨੂੰ ਮਿਲੇਗਾ ਰੋਜ਼ਾਨਾ ਲੱਗਦੇ ਜਾਮ ਤੋਂ ਛੁਟਕਾਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਮੁਹਾਲੀ ਹਲਕੇ ਦੇ ਕਸਬਾ ਨੁਮਾ ਪਿੰਡ ਲਾਂਡਰਾਂ ਵਿਖੇ ਰੋਜ਼ਾਨਾ ਲਗਦੇ ਜਾਮ ਨੂੰ ਘਟਾਉਣ ਲਈ ਸੁਹਾਣਾ-ਬੈਰੋਂਪੁਰ ਪੁਰਾਣੀ ਸੰਪਰਕ ਸੜਕ ਨੂੰ ਮਜ਼ਬੂਤ ਅਤੇ ਚੌੜੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਪਸ਼ੁੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਬੈਰੋਂਪੁਰ ਤੋਂ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਸੜਕ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਬੈਂਰੋਪੁਰ ਤੋਂ ਸੈਕਟਰ-88 ਦੀ ਸੜਕ ਤੱਕ ਬਣਾਈ ਜਾਵੇਗੀ। ਇਸ ਸੜਕ ਦੀ ਉਸਾਰੀ ਹੋਣ ਨਾਲ ਮੋਹਾਲੀ ਤੋਂ ਵਾਇਆ ਲਾਂਡਰਾਂ ਹੋ ਕੇ ਬਨੂੜ ਵੱਲ ਜਾਣ ਵਾਲੀ ਟਰੈਫ਼ਿਕ ਨੂੰ ਲਾਂਡਰਾਂ ਜਾਮ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲਖਨੌਰ ਵੱਲ ਜਾਣ ਦੀ ਬਜਾਏ ਟਰੈਫ਼ਿਕ ਸਿੱਧੀ ਇਸ ਸੜਕ ਰਾਹੀਂ ਲਾਂਡਰਾਂ ਬਨੂੜ ਸੜਕ ’ਤੇ ਪਹੁੰਚੇਗੀ, ਜਿਸ ਨਾਲ ਲਾਂਡਰਾਂ ਟਰੈਫ਼ਿਕ ਦਾ ਜਾਮ ਘੱਟ ਜਾਵੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸੜਕ ਦੀ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਨਵੇਂ ਸੈਕਟਰਾਂ ਦੀ ਉਸਾਰੀ ਹੋਣ ਨਾਲ ਸੜਕ ’ਚੋਂ ਕੱਟੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ 2 ਕਿੱਲੋਮੀਟਰ ਤੱਕ ਦੀ ਇਸ ਸੜਕ ਦੀ ਵਿਸ਼ੇਸ਼ ਉਸਾਰੀ ਤੇ ਚੌੜੀ ਕੀਤੀ ਜਾਵੇਗੀ ਅਤੇ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਵੀ ਕੀਤੇ ਜਾਣਗੇ ਤਾਂ ਜੋ ਇਹ ਸੜਕ ਜਲਦੀ ਨਾ ਟੁੱਟੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਕਾਰਜਾਂ ਨੂੰ ਪੂਰੀ ਵਚਨਬੱਧਤਾ ਨਾਲ ਕਰ ਰਹੇ ਹਨ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਵੀ ਹਮੇਸ਼ਾ ਤਤਪਰ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਉਨ੍ਹਾਂ ਵੱਲੋਂ ਹੁਣ ਤੱਕ 40 ਕਿੱਲੋਮੀਟਰ ਸੜਕਾਂ ਦੀ ਉਸਾਰੀ ਕਰਵਾਈ ਗਈ ਹੈ। ਜਿਸ ’ਤੇ ਤਕਰੀਬਨ 5 ਕਰੋੜ 15 ਲੱਖ ਰੁਪਏ ਖਰਚ ਹੋਏ ਹਨ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਬੈਰੋਂਪੁਰ ਦੇ ਸਰਪੰਚ ਸੁਦੇਸ਼ ਕੁਮਾਰ ਗੋਗਾ, ਭਾਗੋਮਾਜਰਾ ਦੇ ਸਰਪੰਚ ਅਵਤਾਰ ਸਿੰਘ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕੁਲਦੀਪ ਸਿੰਘ, ਬਲਾਕ ਸਮਿਤੀ ਮੈਂਬਰ ਬਲਜੀਤ ਸਿੰਘ, ਜਸਬੀਰ ਸਿੰਘ ਪੰਚ, ਗੁਰਜਿੰਦਰ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਬੱਬੀ, ਕਰਮਜੀਤ ਸਿੰਘ, ਅਮਰਦੀਪ ਕੌਰ ਕਾਹਲੋਂ, ਜਸਵਿੰਦਰ ਕੌਰ, ਲੋਕ ਨਿਰਮਾਣ ਵਿਭਾਗ ਦੇ ਐਸਡੀਓ ਰਾਜੀਵ ਗੌੜ, ਸਹਾਇਕ ਇੰਜਨੀਅਰ ਰਾਜੀਵ ਗੁਪਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…