Nabaz-e-punjab.com

ਸ੍ਰੀ ਹਜ਼ੂਰ ਸਾਹਿਬ ਤੋਂ ਮੁਹਾਲੀ ਪਰਤੇ 5 ਸ਼ਰਧਾਲੂਆਂ ਸਮੇਤ 6 ਦੀ ਰਿਪੋਰਟ ਪਾਜ਼ੇਟਿਵ

ਮੁਹਾਲੀ ਜ਼ਿਲ੍ਹੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 92 ਹੋਈ, 30 ਮਰੀਜ਼ ਠੀਕ ਹੋਏ, 60 ਕੇਸ ਐਕਟਿਵ

ਇਕ ਟੀਵੀ ਪੱਤਰਕਾਰ ਦਾ ਦੁਬਾਰਾ ਲਿਆ ਜਾਵੇਗਾ ਸੈਂਪਲ, ਪੱਤਰਕਾਰ ਨੇ ਕੀਤੀ ਸੀ ਇੰਟਰਵਿਊ

ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਇਕਾਂਤਵਾਸ ਤੇ ਆਈਸੋਲੇਸ਼ਨ ਵਾਰਡ ’ਚ ਪ੍ਰਬੰਧਾਂ ’ਤੇ ਸਵਾਲ ਚੁੱਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਮੁਹਾਲੀ ਜ਼ਿਲ੍ਹੇ ਅੱਜ ਛੇ ਹੋਰ ਕਰੋਨਾਵਾਇਸ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਮਾਂ-ਪੁੱਤ ਅਤੇ ਗੁਆਂਢੀ ਪਿੰਡ ਇਕ ਲੜਕੀ ਸਮੇਤ ਤਿੰਨ ਹੋਰ ਵਿਅਕਤੀ ਸ਼ਾਮਲ ਹੈ। ਇਨ੍ਹਾਂ ’ਚੋਂ 5 ਵਿਅਕਤੀ ਕੁੱਝ ਸਮਾਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸੀ ਅਤੇ ਪਿਛਲੀ ਰਾਤ ਹੀ ਮੁਹਾਲੀ ਵਾਪਸ ਪਰਤੇ ਹਨ ਜਦੋਂਕਿ ਇਕ ਮਰੀਜ਼ ਜਵਾਹਰਵਪੁਰ ਨਾਲ ਸਬੰਧਤ ਹੈ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਤੇ ਦੁਪਹਿਰ 10 ਨਮੂਨਿਆਂ ਦੀ ਰਿਪੋਰਟ ਆਈ ਹੈ। ਜਿਨ੍ਹਾਂ ’ਚੋਂ ਸ਼ਰਧਾਲੂ ਗੁਰਵਿੰਦਰ ਕੌਰ (56) ਅਤੇ ਉਸ ਦਾ ਬੇਟਾ ਅਰਵਿੰਦਰਪਾਲ ਸਿੰਘ (20) ਅਤੇ ਰਜਿੰਦਰ ਕੌਰ ਤਿੰਨੇ ਵਾਸੀ ਪਿੰਡ ਖਾਨਪੁਰ ਅਤੇ ਮਨਜੋਤ ਕੌਰ (6) ਵਾਸੀ ਪਿੰਡ ਬਡਾਲਾ, ਕੁਲਦੀਪ ਕੌਰ (70) ਵਾਸੀ ਛੋਟੀ ਨੰਗਲ ਅਤੇ ਪਿੰਡ ਜਵਾਹਰਪੁਰ ਦੇ ਪੀੜਤ ਮਲਕੀਤ ਸਿੰਘ ਦਾ ਬੇਟਾ ਜਗਜੀਤ ਸਿੰਘ (20) ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਚਾਰ ਵਿਅਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਹੈ। ਪੀੜਤ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਉਹ ਸਰਕਾਰੀ ਮੈਰੀਟੋਰੀਅਸ ਸਕੂਲ ਸੈਕਟਰ-70 ਦੇ ਹੋਸਟਲ ਵਿੱਚ ਬਣਾਏ ਇਕਾਂਤਵਾਸ ਕੇਂਦਰ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਸਨ।
ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ 18 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸੀ। ਜਿਨ੍ਹਾਂ ’ਚੋਂ ਅੱਠ ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਤਰ੍ਹਾਂ ਹੁਣ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 92 ਹੋ ਗਈ ਹੈ। ਜਿਨ੍ਹਾਂ ’ਚੋਂ ਦੋ ਮਰੀਜ਼ਾਂ ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਵਾਸੀ ਖਰੜ ਦੀ ਮੌਤ ਹੋ ਚੁੱਕੀ ਹੈ ਜਦੋਂਕਿ 30 ਮਰੀਜ਼ ਠੀਕ ਹੋ ਚੁੱਕੇ ਹਨ। ਇਨ੍ਹਾਂ ’ਚੋਂ ਕਾਫੀ ਮਰੀਜ਼ ਆਪਣੇ ਘਰ ਚਲੇ ਗਏ ਹਨ ਅਤੇ ਕਈ ਮਰੀਜ਼ਾਂ ਨੂੰ ਹਾਲੇ ਵੀ ਸਾਵਧਾਨੀ ਵਜੋਂ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਹੋਇਆ ਹੈ। ਇਸ ਸਮੇਂ ਸਮੁੱਚੇ ਜ਼ਿਲ੍ਹੇ ਅੰਦਰ 60 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੂੰ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਧਰ, ਜਿਨ੍ਹਾਂ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਹ ਇਕਾਂਤਵਾਸ ਕੇਂਦਰ ਵਿੱਚ ਰਹਿਣ ਦੀ ਬਜਾਏ ਆਪਣੇ ਘਰ ਜਾਣ ਲਈ ਉਤਾਵਲੇ ਹੋ ਰਹੇ ਹਨ ਅਤੇ ਮੁਹਾਲੀ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਸਵਾਲ ਚੁੱਕ ਰਹੇ ਹਨ। ਉਧਰ, ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਵਾਹਰਪੁਰ ਵਿੱਚ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਵਿਸ਼ੇਸ਼ ਇੰਟਰਵਿਊ ਕਰਨ ਵਾਲੇ ਇਕ ਟੀਵੀ ਪੱਤਰਕਾਰ ਦਾ ਦੁਬਾਰਾ ਟੈੱਸਟ ਲਿਆ ਜਾਵੇਗਾ।
(ਬਾਕਸ ਆਈਟਮ)
ਛੇ ਸਾਲ ਦੀ ਪੀੜਤ ਬੱਚੀ ਮਨਜੋਤ ਕੌਰ ਦੇ ਪਿਤਾ ਨਿਰਮਲਜੀਤ ਸਿੰਘ ਅਤੇ ਮਾਂ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਮੈਡੀਕਲ ਟੀਮ ਉਨ੍ਹਾਂ ਦੀ ਬੇਟੀ ਨੂੰ ਗਿਆਨ ਸਾਗਰ ਹਸਪਤਾਲ ਦੇ ਅੰਦਰ ਲੈ ਗਈ ਹੈ ਪ੍ਰੰਤੂ ਜਿਹੜੀ ਐਂਬੂਲੈਂਸ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਜਿਨ੍ਹਾਂ ’ਚ ਬਜ਼ੁਰਗ ਮਾਤਾ ਅਤੇ ਪੀੜਤ ਬੱਚੀ ਦੀ ਛੋਟੀ ਭੈਣ ਸ਼ਾਮਲ ਹੈ, ਨੂੰ ਬਿਠਾਇਆ ਹੋਇਆ ਹੈ। ਉਸ ਐਂਬੂਲੈਂਸ ’ਚ ਕੋਈ ਪੱਖਾ ਵੀ ਨਹੀਂ ਚੱਲਦਾ ਹੈ ਅਤੇ ਨਾ ਹੀ ਚਾਲਕ ਐਂਬੂਲੈਂਸ ਦਾ ਦਰਵਾਜ਼ਾ ਹੀ ਖੋਲ੍ਹਣ ਦੇ ਰਿਹਾ ਹੈ। ਇਹੀ ਨਹੀਂ ਉਨ੍ਹਾਂ ਨੂੰ ਪੀੜਤ ਬੱਚੀ ਨੂੰ ਵੀ ਮਿਲਣ ਦਿੱਤਾ ਗਿਆ ਹੈ। ਇਹ ਜਾਣਕਾਰੀ ਪੀੜਤ ਪਰਿਵਾਰ ਨੇ ਐਂਬੂਲੈਂਸ ’ਚੋਂ ਵੀਡੀਓ ਵਾਇਰਸ ਕਰਕੇ ਮੀਡੀਆ ਨੂੰ ਦਿੱਤੀ। ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਹ ਭਰਤੀ ਸੈਨਾ ਵਿੱਚ ਨੌਕਰੀ ਕਰਦਾ ਹੈ। ਪਿੱਛੇ ਜਿਹੇ ਛੁੱਟੀ ਆਇਆ ਸੀ। ਇਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ। ਉੱਥੇ ਉਨ੍ਹਾਂ ਦੇ ਪੂਰੇ ਟੱਬਰ ਦੇ ਦੋ ਵਾਰ ਟੈਸਟ ਕੀਤੇ ਗਏ ਹਨ। ਦੋਵੇਂ ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਸਨ ਪਰ ਮੁਹਾਲੀ ਆ ਕੇ ਉਸ ਦੀ ਬੇਟੀ ਦੀ ਰਿਪੋਰਟ ਪਾਜ਼ੇਟਿਵ ਆ ਗਈ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਉਨ੍ਹਾਂ ਦਾ ਪਰਿਵਾਰ ਇਕੱਠਾ ਰਹਿੰਦਾ ਰਿਹਾ ਹੈ ਫਿਰ ਇਕੱਲੀ ਉਸ ਦੀ ਬੇਟੀ ਦੀ ਪਾਜ਼ੇਟਿਵ ਕਿਵੇਂ ਆ ਗਈ। ਉਹ ਕਰੋਨਾ ਤੋਂ ਪੀੜਤ ਹੈ ਤਾਂ ਸਾਰੇ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਉਣੀ ਚਾਹੀਦੀ ਸੀ।
ਪੀੜਤ ਪਰਿਵਾਰ ਦੇ ਵਕੀਲ ਜਸਵੀਰ ਸਿੰਘ ਨੇ ਦੱਸਿਆ ਕਿ ਇਕਾਂਤਵਾਸ ਕੇਂਦਰ ਅਤੇ ਆਈਸੋਲੇਸ਼ਨ ਵਾਰਡਾਂ ਦਾ ਬਹੁਤ ਬੂਰਾ ਹਾਲ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਮਰੀਜ਼ਾਂ ਅਤੇ ਨੈਗੇਟਿਵ ਰਿਪੋਰਟਾਂ ਵਾਲੇ ਵਿਅਕਤੀਆਂ ਨੂੰ ਮੁੱਢਲੀਆਂ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਆਮ ਲੋਕਾਂ ਦੇ ਮਨਾਂ ’ਚੋਂ ਦਹਿਸ਼ਤ ਖ਼ਤਮ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…