Nabaz-e-punjaab.com

ਮੁਹਾਲੀ ਦੇ 29 ਸ਼ੱਕੀ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ, 3 ਹੋਰ ਸੈਂਪਲ ਜਾਂਚ ਲਈ ਭੇਜੇ

ਪੀੜਤ ਅੌਰਤ ਸਮੇਤ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਡਾਕਟਰ ਤੇ ਇਕ ਹੋਰ ਮਰੀਜ਼ ਦੇ ਖੂਨ ਦੇ ਸੈਂਪਲ ਲਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਸਿਹਤ ਵਿਭਾਗ ਨੇ ਮੁਹਾਲੀ ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ ਕੋਈ ਮਰੀਜ਼ ਨਾ ਮਿਲਣ ਕਾਰਨ ਸੁੱਖ ਦਾ ਸਾਹ ਲਿਆ ਹੈ ਅਤੇ ਬੀਤੇ ਦਿਨੀਂ ਜਾਂਚ ਲਈ ਭੇਜੇ ਗਏ 29 ਸ਼ੱਕੀ ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਇਸ ਖ਼ਤਰਨਾਕ ਵਾਇਰਸ ਤੋਂ ਕੋਈ ਪੀੜਤ ਮਰੀਜ਼ ਨਹੀਂ ਮਿਲਿਆ ਹੈ। ਉਂਜ ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਨੇ ਤਿੰਨ ਹੋਰ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਵਿੱਚ ਇਕ ਪੀੜਤ ਅੌਰਤ ਰੰਜਨਾ ਦੇਵੀ ਵਾਸੀ ਫੇਜ਼-5, ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇਕ ਡਾਕਟਰ ਦੇ ਨਵੇਂ ਸਿਰਿਓਂ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਰੰਜਨਾ ਪਿਛਲੇ ਇਕ ਹਫ਼ਤੇ ਤੋਂ ਇਲਾਜ ਅਧੀਨ ਹੈ। ਉਸ ਦਾ ਸੈਂਪਲ ਸਟੇਟਸ ਚੈੱਕ ਕਰਨ ਲਈ ਲਿਆ ਗਿਆ ਹੈ ਜਦੋਂਕਿ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਦਾ ਇਸ ਕਰਕੇ ਦੁਬਾਰਾ ਸੈਂਪਲ ਲਿਆ ਗਿਆ ਹੈ ਕਿਉਂਕਿ ਪਹਿਲਾਂ ਸਹੀ ਸੈਂਪਲ ਨਹੀਂ ਲਿਆ ਗਿਆ ਸੀ। ਇਕ ਮਰੀਜ਼ ਦਾ ਸੈਂਪਲ ਫੋਰਟਿਸ ਹਸਪਤਾਲ ਨੇ ਜਾਂਚ ਲਈ ਭੇਜਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਖ਼ਤਰਨਾਕ ਵਾਇਰਸ ਤੋਂ ਪੀੜਤ ਛੇ ਮਰੀਜ਼ ਜਿਨ੍ਹਾਂ ਵਿੱਚ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਗੁਰਦੇਵ ਕੌਰ (69), ਉਸ ਵੱਡੀ ਭੈਣ ਰੇਸ਼ਮ ਕੌਰ (74), ਅਮਨਦੀਪ ਸਿੰਘ (40), ਉਸ ਦੀ ਪਤਨੀ ਆਰਤੀ ਸ਼ਰਮਾ (36), ਰੰਜਨਾ ਦੇਵੀ ਅਤੇ ਪੀਜੀ ਮਾਲਕਣ ਕੁਲਵੰਤ ਕੌਰ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਗੋਂ ਆਪਣੇ ਘਰਾਂ ਵਿੱਚ ਰਹਿ ਕੇ ਇਸ ਬਿਮਾਰੀ ਤੋਂ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲੇ ਵੀ 490 ਵਿਅਕਤੀ ਹਾਲੇ ਵੀ ਹਾਊਸ ਆਈਸੋਲੇਸ਼ਨ ਤਹਿਤ ਘਰਾਂ ਵਿੱਚ ਨਜ਼ਰਬੰਦ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਘਰੇਲੂ ਕੁਆਰੰਟੀਨ ਦਾ ਮਤਲਬ ਇਹ ਨਹੀਂ ਕਿ ਕੋਈ ਵਿਅਕਤੀ ਕਰੋਨਾਵਾਇਰਸ ਦੇ ਲੱਛਣ ਵਾਲਾ ਹੈ ਜਾਂ ਇਸ ਵਾਇਰਸ ਲਈ ਸਕਾਰਾਤਮਿਕ ਹੈ। ਇਹ ਸਿਰਫ਼ ਇਕ ਸਾਵਧਾਨੀ ਉਪਾਅ ਹੈ।
ਉਧਰ, ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਇੱਥੋਂ ਦੇ ਸੈਕਟਰ-69 ਅਤੇ ਸੈਕਟਰ-68 ਸਥਿਤ ਸਿੱਖਿਆ ਬੋਰਡ ਰਿਹਾਇਸ਼ੀ ਕੰਪਲੈਕਸ ਵਿੱਚ ਘਰਾਂ ਨੂੰ ਸੈਨੇਟਾਈਜ਼ ਕਰਨ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਇਲਾਵਾ ਪਾਰਕਾਂ ਵਿੱਚ ਓਪਨ ਏਅਰ ਜਿਮਾਂ ਦੀਆਂ ਮਸ਼ੀਨਾਂ ਅਤੇ ਬੈਂਚਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਰਿਹਾਇਸ਼ੀ ਖੇਤਰ ਵਿੱਚ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਲਕੇ ਐਤਵਾਰ ਅਤੇ ਸੋਮਵਾਰ ਨੂੰ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8, ਪੁਲੀਸ ਰਿਹਾਇਸ਼ੀ ਕੰਪਲੈਕਸ, ਪਿੰਡ ਲੰਬਿਆਂ ਅਤੇ ਫੇਜ਼-9 ਸਮੇਤ ਵਾਈਪੀਐਸ ਸਕੂਲ, ਲਾਰੈਂਸ ਸਕੂਲ ਅਤੇ ਗੁਰਦੁਆਰਾ ਧੰਨਾ ਭਗਤ ਜੀ ਇਲਾਕੇ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ।
(ਬਾਕਸ ਆਈਟਮ)
ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ ਅਤੇ ਆਲ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲ ਅਤੇ ਸਮਾਜ ਸੇਵੀ ਜਗਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਲੋੜਵੰਦਾਂ ਦੀ ਮਦਦ ਲਈ ਗੁਰਦੁਆਰਾ ਸਾਹਿਬ ਸੈਕਟਰ-69 ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਸਥਾਵਾਂ ਦੇ ਮੈਂਬਰਾਂ ਦੀਆਂ ਅੌਰਤਾਂ ਵੱਲੋਂ ਆਪਣੇ ਘਰਾਂ ’ਚੋਂ ਖਾਣਾ ਬਣਾ ਕੇ ਗਰੇਸ਼ੀਅਨ ਹਸਪਤਾਲ, ਮਾਇਓ ਹਸਪਤਾਲ, ਕੋਸਮੋ ਹਸਪਤਾਲ ਅਤੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…