ਪੀੜਤ ਸੁਨੀਲ ਦੀ ਪਤਨੀ, ਮਾਂ, ਨਵਜੰਮੀ ਬੱਚੀ ਤੇ ਸਾਲੇ ਦੀ ਰਿਪੋਰਟ ਵੀ ਪਾਜ਼ੇਟਿਵ

ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਨਵਾਂ ਗਾਉਂ ਵਿੱਚ ਮੁੜ ਸਰਵੇ, 339 ਲੋਕਾਂ ਦੀ ਕੀਤੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਜ਼ਿਲ੍ਹਾ ਮੁਹਾਲੀ ਵਿੱਚ ਅੱਜ 2 ਦਿਨਾਂ ਦੇ ਅੰਤਰਾਲ ਬਾਅਦ ਕਰੋਨਾਵਾਇਰਸ ਦੇ ਚਾਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸਨਰ ਗਿਰੀਸ਼ ਦਿਆਲਨ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਚਾਰ ਮਾਮਲੇ ਨਵਾਂ ਗਰਾਓਂ ਵਾਸੀ ਪੀਜੀਆਈ ਕਰਮਚਾਰੀ, ਜਿਸ ਨੂੰ ਪਹਿਲਾਂ ਪਾਜ਼ੇਟਿਵ ਪਾਇਆ ਗਿਆ ਸੀ, ਦੇ ਪਰਿਵਾਰਕ ਮੈਂਬਰ ਹਨ। ਡੀਸੀ ਨੇ ਇਹ ਵੀ ਕਿਹਾ ਕਿ ਅੱਜ ਪਾਜੇਟਿਵ ਪਾਏ ਗਏ ਚਾਰਾਂ ’ਚੋਂ 2 ਮਹਿਲਾਵਾਂ ਹਨ ਜਿਨ੍ਹਾਂ ਦੀ ਉਮਰ 60 ਸਾਲ ਤੇ 26 ਸਾਲ ਅਤੇ ਇਕ ਬੱਚੀ ਹੈ ਜੋ ਕਿ 1 ਮਹੀਨੇ ਦੀ ਉਮਰ ਦੀ ਹੈ ਜਦਕਿ ਚੌਥਾ ਮਾਮਲਾ ਇਕ 19 ਸਾਲਾ ਲੜਕਾ ਹੈ। ਇਨ੍ਹਾਂ ਚਾਰਾਂ ’ਚੋਂ 2 ਨੂੰ ਪੀਜੀਆਈ ਅਤੇ ਦੂਜੇ ਦੋ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਪਰਿਵਾਰ ਦੇ ਘਰ ਦੇ ਨੇੜੇ ਦਾ ਇਲਾਕਾ ਅਤੇ ਨਵਾਂ ਗਰਾਓਂ ਦੇ ਪ੍ਰਭਾਵਿਤ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਘਰ-ਘਰ ਜਾ ਕੇ ਸਰਵੇ ਵੀ ਕੀਤਾ ਜਾ ਰਿਹਾ ਹੈ। ਅੱਜ ਦੇ ਚਾਰ ਮਾਮਲਿਆਂ ਦੇ ਨਾਲ ਪਾਜ਼ੇਟਿਵ ਮਾਮਲਿਆਂ ਦੀ ਕੁੱਲ੍ਹ ਸੰਖਿਆ 61 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਲਏ ਗਏ 919 ਨਮੂਨਿਆਂ ’ਚੋਂ 838 ਨੈਗਟਿਵ ਪਾਏ ਗਏ ਹਨ, ਜਦਕਿ 20 ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਕੁਆਰੰਟੀਨ ਵਿਅਕਤੀਆਂ ਬਾਰੇ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ੍ਹ 562 ਵਿਅਕਤੀਆਂ ਨੇ ਕੁਆਰੰਟੀਨ ਅਵਧੀ ਨੂੰ ਪੂਰਾ ਕਰ ਲਿਆ ਹੈ ਜਦੋਂਕਿ 1986 ਵਿਅਕਤੀ ਇਸ ਸਮੇਂ ਕੁਆਰੰਟਾਈਨ ਅਵਧੀ ਅਧੀਨ ਹਨ।
ਨਵਾਂ ਗਰਾਓਂ ਵਿੱਚ ਜਿਹੜੇ ਚਾਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਸਾਰੇ ਵਿਅਕਤੀ ਕਰੋਨਾ ਪੀੜਤ ਸੁਨੀਲ ਕੁਮਾਰ (30) ਦੇ ਪਰਿਵਾਰਕ ਮੈਂਬਰ ਹਨ। ਜਿਨ੍ਹਾਂ ਵਿੱਚ ਉਸ ਦੀ ਪਤਨੀ ਗਰੀਮਾ ਦੇਵੀ (26), ਬਜ਼ੁਰਗ ਮਾਂ ਰਾਜ ਰਾਣੀ (60), 1 ਮਹੀਨੇ ਦੀ ਮਾਸੂਮ ਬੱਚੀ ਅਤੇ ਸੁਨੀਲ ਦਾ ਸਾਲਾ ਰਿਤੇਸ਼ ਕੁਮਾਰ (20) ਸ਼ਾਮਲ ਹਨ। ਇਹ ਸਾਰੇ ਜਣੇ ਨਵਾਂ ਗਾਉਂ ਦੇ ਆਦਰਸ਼ ਨਗਰ ਵਿੱਚ ਇੱਕੋ ਹੀ ਕਮਰੇ ਵਿੱਚ ਰਹਿੰਦੇ ਸਨ। ਸੁਨੀਲ ਕੁਮਾਰ ਪੀਜੀਆਈ ਵਿੱਚ ਸਫ਼ਾਈ ਕਰਮਚਾਰੀ ਤਾਇਨਾਤ ਹੈ।
ਇਨ੍ਹਾਂ ਤੱਥਾਂ ਦੀ ਪੁਸ਼ਟੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸੁਨੀਲ ਕੁਮਾਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਸੁਨੀਲ ਦੀ ਪਤਨੀ, ਮਾਂ, ਮਾਸੂਮ ਬੱਚੀ ਅਤੇ ਸਾਲੇ ਦੇ ਸ਼ੱਕ ਦੇ ਆਧਾਰ ’ਤੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ ਅਤੇ ਇਨ੍ਹਾਂ ਸਾਰਿਆਂ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਇੱਥੋਂ ਦੇ ਸੈਕਟਰ-66 ਸਥਿਤ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਰੱਖਿਆ ਗਿਆ ਸੀ ਲੇਕਿਨ ਇਨ੍ਹਾਂ ਚਾਰੇ ਜਣਿਆਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਦੱਸਿਆ ਗਿਆ ਹੈ ਕਿ ਪੀੜਤ ਸੁਨੀਲ ਪੀਜੀਆਈ ਵਿੱਚ ਕਰੋਨਾ ਸਬੰਧੀ ਬਣਾਏ ਗਏ ਵਿਸ਼ੇਸ਼ ਵਾਰਡ ਵਿੱਚ ਸਫ਼ਾਈ ਕਰਮਚਾਰੀ ਵਜੋਂ ਤਾਇਨਾਤ ਸੀ। ਇਸ ਦੌਰਾਨ ਉਹ ਵੀ ਲਪੇਟੇ ਵਿੱਚ ਆ ਗਿਆ। ਡਿਊਟੀ ਤੋਂ ਬਾਅਦ ਉਹ ਸਿੱਧਾ ਘਰ ਆਉਂਦਾ ਸੀ ਅਤੇ ਆਪਣੇ ਟੱਬਰ ਨਾਲ ਰਹਿੰਦਾ ਸੀ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲਾਗ ਲੱਗ ਗਈ ਹੈ। ਸੁਨੀਲ ਦੀ ਪਤਨੀ ਅਤੇ ਮਾਸੂਮ ਬੱਚੀ ਨੂੰ ਪੀਜੀਆਈ ਦਾਖ਼ਲ ਕੀਤਾ ਗਿਆ ਹੈ ਜਦੋਂਕਿ ਬਜ਼ੁਰਗ ਮਾਂ ਅਤੇ ਸਾਲੇ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਭਰਤੀ ਕੀਤਾ ਗਿਆ ਹੈ।
ਉਧਰ, ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਅਤੇ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਹੇਠ ਐਤਵਾਰ ਨੂੰ ਦੁਬਾਰਾ ਨਵਾਂ ਗਾਉਂ ਸਥਿਤ ਆਦਰਸ਼ ਨਗਰ ਵਿੱਚ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਆਦਰਸ਼ ਨਗਰ ਦੇ 94 ਘਰਾਂ ਦਾ ਸਰਵੇ ਕੀਤਾ ਗਿਆ ਅਤੇ 339 ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ।
ਐਸਐਮਓ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਸੁਨੀਲ ਕੁਮਾਰ ਨੇ ਬਿਮਾਰ ਹੋਣ ਤੋਂ ਪਹਿਲਾਂ ਡਾ. ਸ਼ਿਵਾਨੀ ਤੋਂ ਦਵਾਈ ਲਈ ਸੀ। ਹੁਣ ਸਿਹਤ ਵਿਭਾਗ ਨੇ ਮਹਿਲਾ ਡਾਕਟਰ ਦੇ ਪੂਰੇ ਟੱਬਰ, ਉਸ ਦੀ ਘਰੇਲੂ ਨੌਕਰਾਣੀ ਸਮੇਤ 5 ਪਰਿਵਾਰਾਂ ਦੇ 19 ਮੈਂਬਰਾਂ ਨੂੰ ਹਾਊਸ ਆਈਸੋਲੇਟ ਕੀਤਾ ਗਿਆ ਹੈ। ਡਾ. ਸ਼ਿਵਾਨੀ ਨੇ ਸਰਵੇ ਟੀਮ ਨੂੰ ਦੱਸਿਆ ਕਿ ਉਹ ਆਪਣੇ ਘਰ ਪੌੜੀਆਂ ਵਿੱਚ ਖੜੀ ਸੀ ਤੱਦ ਅਚਾਨਕ ਸੁਨੀਲ ਉਸ ਕੋਲ ਆਇਆ ਅਤੇ ਉਸ ਨੂੰ ਦਵਾਈ ਦਿੱਤੀ ਗਈ ਸੀ। ਉਂਜ ਕਰਫਿਊ ਲੱਗਣ ਤੋਂ ਬਾਅਦ ਡਾ. ਸ਼ਿਵਾਨੀ ਨੇ ਆਪਣੀ ਕਲੀਨਿਕ ਨਹੀਂ ਖੋਲ੍ਹਿਆ ਹੈ। ਐਸਐਮਓ ਨੇ ਦੱਸਿਆ ਕਿ ਡਾ. ਸ਼ਿਵਾਨੀ ਸਮੇਤ ਉਸ ਦੇ ਪਤੀ, ਸੱਸ, ਸਹੁਰਾ, ਪੜਦਾਦੀ, ਬੇਟੀ, ਨੌਕਰਾਣੀ ਅਤੇ ਉਸ ਦਾ ਪਤੀ ਅਤੇ ਸੱਸ ਤੇ ਸਹੁਰੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਛੇ ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਜਿਹੜੇ ਮਰੀਜ਼ ਜੇਰੇ ਇਲਾਜ ਵੀ ਹਨ, ਉਨ੍ਹਾਂ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…