ਪੀੜਤਾਂ ਦੇ ਪਰਿਵਾਰਕ ਮੈਂਬਰਾਂ ਸਮੇਤ 63 ਲੋਕਾਂ ਦੀ ਰਿਪੋਰਟਾਂ ਨੈਗੇਟਿਵ

ਜਯੋਦੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਐਤਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਬੀਤੇ ਦਿਨੀਂ ਜਿਹੜੇ ਦੋ ਨਵੇਂ ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ ਵਿੱਚ ਪੀੜਤ ਬਜ਼ੁਰਗ ਵਿਜੇ ਕੁਮਾਰ (74) ਵਾਸੀ ਜ਼ੀਰਕਪੁਰ ਦੀ ਮੌਤ ਹੋ ਗਈ ਸੀ ਅਤੇ ਪਿੰਡ ਮਿਲਖ ਦੀ ਸੁਮਨ ਕੌਰ ਦੀ ਜਣੇਪੇ ਤੋਂ ਬਾਅਦ ਰਿਪੋਰਟ ਪਾਜ਼ੇਟਿਵ ਆਈ ਸੀ। ਇਨ੍ਹਾਂ ਦੋਵਾਂ ਦੇ ਟੱਬਰਾਂ ਸਮੇਤ 63 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ 50 ਨਮੂਨਿਆਂ ਦੀ ਰਿਪੋਰਟਾਂ ਆਉਣੀਆਂ ਬਾਕੀ ਹਨ।
ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਘਰਾਂ ਦਾ ਸਰਵੇ ਕੀਤਾ ਗਿਆ ਸੀ ਅਤੇ ਸੈਂਕੜੇ ਲੋਕਾਂ ਦੀ ਮੈਡੀਕਲ ਜਾਂਚ ਦੌਰਾਨ 113 ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸੀ। ਜਿਨ੍ਹਾਂ ’ਚੋਂ ਅੱਜ 63 ਸੈਂਪਲਾਂ ਦੀ ਰਿਪੋਰਟ ਆ ਗਈ ਹੈ ਅਤੇ ਇਹ ਸਾਰੀਆਂ ਰਿਪੋਰਟਾਂ ਨੈਗੇਟਿਵ ਹਨ ਅਤੇ ਬਾਕੀ 50 ਸੈਂਪਲਾਂ ਦੀ ਰਿਪੋਰਟ ਭਲਕੇ ਸੋਮਵਾਰ ਨੂੰ ਮਿਲੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਪਿੰਡ ਮਿਲਖ ’ਚੋਂ 33 ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚ ਕਰੋਨਾ ਪੀੜਤ ਅੌਰਤ ਸੁਮਨ ਕੌਰ ਦਾ ਪਤੀ, ਸੱਸ, ਸਹੁਰਾ ਸਮੇਤ ਗਲੀ ਮੁਹੱਲੇ ਦੇ ਲੋਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਹੈ ਪ੍ਰੰਤੂ ਇਸ ਦੇ ਬਾਵਜੂਦ ਸੱਤ ਘਰਾਂ ’ਚ ਰਹਿੰਦੇ 42 ਵਿਅਕਤੀਆਂ 14 ਦਿਨਾਂ ਲਈ ਇਕਾਂਤਵਾਸ ਤਹਿਤ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣਗੇ। ਇੰਜ ਹੀ ਦੂਜੇ ਪੀੜਤ ਬਜ਼ੁਰਗ ਵਿਜੇ ਕੁਮਾਰ (74) ਵਾਸੀ ਜ਼ੀਰਕਪੁਰ, ਜਿਸ ਦੀ ਬੀਤੇ ਕੱਲ੍ਹ ਮੌਤ ਹੋ ਗਈ ਸੀ, ਉਸ ਦੀ ਪਤਨੀ, ਬੇਟਾ ਅਤੇ ਨੂੰਹ ਦੇ ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਵੀ ਆਪਣੇ ਘਰ ਵਿੱਚ ਇਕਾਂਤਵਾਸ ’ਚ ਰਹਿਣ ਲਈ ਆਖਿਆ ਗਿਆ ਹੈ।
ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਪਿੰਡ ਮਿਲਖ ਦੀ ਪੀੜਤ ਅੌਰਤ ਸੁਮਨ ਕੌਰ ਦਾ ਜਣੇਪੇ ਲਈ ਸਰਕਾਰੀ ਡਿਸਪੈਂਸਰੀ ਮੁੱਲਾਂਪੁਰ ਗਰੀਬਦਾਸ ਵਿੱਚ ਕਾਰਡ ਬਣਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਉਹ ਸੈਕਟਰ-16 ਹਸਪਤਾਲ ’ਚੋਂ ਆਪਣਾ ਚੈਕਅਪ ਕਰਵਾ ਰਹੀ ਸੀ। ਉਂਜ ਕਦੇ ਕਦਾਈਂ ਮੁੱਲਾਂਪੁਰ ਡਿਸਪੈਂਸਰੀ ਵੀ ਅੌਰਤਾਂ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਂਚ ਲਈ ਆ ਜਾਂਦੀ ਸੀ। ਪੀੜਤ ਅੌਰਤ ਦੇ ਪਤੀ ਨੇ ਸਿਹਤ ਵਿਭਾਗ ਦੀ ਟੀਮ ਨੂੰ ਦੱਸਿਆ ਕਿ 15 ਕੁ ਦਿਨਾਂ ਪਹਿਲਾਂ ਵੀ ਸੁਮਨ ਸੈਕਟਰ-16 ਹਸਪਤਾਲ ਵਿੱਚ ਰੁਟੀਨ ਜਾਂਚ ਲਈ ਗਈ ਸੀ, ਹੋ ਸਕਦਾ ਵੇਟਿੰਗ ਏਰੀਆ ਜਾਂ ਆਉਂਦੇ ਜਾਂਦੇ ਕਿਸੇ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆ ਗਈ ਹੋਵੇ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 98 ਹੈ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 54 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਇਸ ਸਮੇਂ 41 ਐਕਟਿਵ ਕੇਸ ਹਨ। ਇਹ ਸਾਰੇ ਮਰੀਜ਼ ਪੀਜੀਆਈ ਅਤੇ ਗਿਆਨ ਸਾਗਰ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…