
ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਮੁੱਖ ਮੰਤਰੀ ਨੂੰ ਮਿਲੇ ਵੱਖ-ਵੱਖ ਵਿਦੇਸ਼ੀ ਕੰਪਨੀਆਂ ਦੇ ਨੁਮਾਇੰਦੇ
ਰੂਸ ਵੱਲੋਂ ਰਹਿੰਦ-ਖੂੰਹਦ ਤੋਂ ਬਿਜਲੀ ਬਣਾਉਣ ਅਤੇ ਚੀਨ ਵੱਲੋਂ ਮੈਟਰੋ ਰੇਲ ਪ੍ਰੋਜੈਕਟ ਵਿੱਚ ਦਿਲਚਸਪੀ ਦਿਖਾਈ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 8 ਅਗਸਤ:
ਰੂਸ, ਚੀਨ ਅਤੇ ਯੂ.ਏ.ਈ ਸਣੇ ਵੱਖ-ਵੱਖ ਕੰਪਨੀਆਂ ਨੇ ਪੰਜਾਬ ਦੇ ਰੱਖਿਆ ਅਤੇ ਮੈਟਰੋ ਰੇਲ ਪ੍ਰੋਜੈਕਟਾਂ ਸਣੇ ਵੱਖ-ਵੱਖ ਖੇਤਰਾਂ ਵਿੱਚ ਵਪਾਰਕ ਇਕਾਈਆਂ ਸਥਾਪਤ ਕਰਨ ਦੀ ਦਿਲਚਸਪੀ ਵਿਖਾਈ ਹੈ। ਪੰਜਾਬ ਦੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਇਹ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਦੀ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ। ਬੁਲਾਰੇ ਅਨੁਸਾਰ ਐਨਰਗੋ ਗਰੁੱਪ ਕੰਪਨੀ ਐਲ.ਐਲ.ਸੀ. ਦੀ ਤਰਫੋਂ ਸਬੇਰਬੈਂਕ ਦੇ ਨੁਮਾਇੰਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲੇ ਅਤੇ ਉਨ੍ਹਾਂ ਨੇ ਸੂਬੇ ਵਿੱਚ ਰਹਿੰਦ-ਖੂੰਹਦ ਤੋਂ ਬਿਜਲੀ ਬਣਾਉਣ ਦਾ ਪ੍ਰੋਜੈਕਟ ਪੇਸ਼ ਕੀਤਾ ਅਤੇ ਮੁਕੰਮਲ ਤੌਰ ’ਤੇ ਤਿਆਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਪੇਸ਼ਕਸ਼ ਕੀਤੀ।
ਕਾਰਪੋਰੇਟ ਬੈਂਕਿੰਗ ਦੇ ਮੁਖੀ ਵਿਜੈਨ ਸੋਗੋਮੋਨੀਯਨ ਨੇ ਕਿਹਾ ਕਿ ਰੂਸ ਦੀ ਕੰਪਨੀ ਐਨਰਗੋ ਨੇ ਪੰਜਾਬ ਵਿੱਚ ਵੱਡੀ ਪੱਧਰ ’ਤੇ ਖੋਜ ਕੀਤੀ ਹੈ ਅਤੇ ਸੂਬੇ ਦੀ ਖੇਤੀਬਾੜੀ ਸਮਰੱਥਾ ਨੂੰ ਦੇਖਿਆ ਹੈ। ਇਸ ਕਰਕੇ ਇਹ ਪੰਜਾਬ ਵਿੱਚ ‘‘ਮੇਕ ਇਨ ਇੰਡੀਆ’’ ਦੇ ਢਾਂਚੇ ਹੇਠ ਰਹਿੰਦ-ਖੂੰਹਦ ਤੋਂ ਬਿਜਲੀ ਬਣਾਉਣ ਦਾ ਤਕਨਾਲੋਜੀਕਲ ਪਲਾਂਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਾ ਚਾਹੁੰਦੀ ਹੈ। ਕੰਪਨੀ ਅਨੁਸਾਰ ਇਹ ਪਲਾਂਟ ਪਸ਼ੂਆਂ ਦੇ ਗੋਹੇ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਆਦਿ ਵਰਗੇ ਕੱਚੇ ਮਾਲ ਤੋਂ ਊਰਜਾ ਪੈਦਾ ਕਰੇਗੀ। ਸਬੇਰਬੈਂਕ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਰੂਸ ਦੀ ਹੈਲੀਕਾਪਟਰ ਬਣਾਉਣ ਵਾਲੀ ਕੰਪਨੀ ਭਾਰਤ ਵਿੱਚ ਵੀ ਇਸ ਵਾਸਤੇ ਇਕ ਸੁਵਿਧਾ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਵਾਸਤੇ ਜ਼ਰੂਰੀ ਜ਼ਮੀਨ ਦੀ ਪੇਸ਼ਕਸ਼ ਕਰਨ ਲਈ ਉਤਸੁਕ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਸਬੰਧ ਵਿੱਚ ਕੰਪਨੀ ਸੂਬਾ ਸਰਕਾਰ ਕੋਲ ਰਸਮੀ ਪੇਸ਼ਕਾਰੀ ਕਰੇਗੀ। ਵਿਜੈਨ ਅਨੁਸਾਰ ਬਹੁਤ ਸਾਰੀਆਂ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਡਿਫੈਂਸ ਉਤਪਾਦਨ ਇਕਾਈਆਂ ਸਥਾਪਤ ਕਰਨ ਲਈ ਦਿਲਚਸਪੀ ਰੱਖਦੀਆਂ ਹਨ। ਗਰੇਟ ਈਗਲ ਗਰੁੱਪ ਦੇ ਪ੍ਰਬੰਧਕੀ ਡਾਇਰੈਕਟਰ ਕਾਰਤਿੱਕ ਚੋਪੜਾ ਨੇ ਵੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੌਰਾਨ ਲੁਧਿਆਣਾ ’ਚੋਂ ਇਕ ਮੈਟਰੋ ਪ੍ਰੋਜੈਕਟ ਸ਼ੁਰੂ ਕਰਨ ਵਾਸਤੇ ਚੀਨ ਦੀ ਦਿਲਚਸਪੀ ਬਾਰੇ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਦੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਸ ਬਾਰੇ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਤਸੁਕ ਹਨ। ਉਨ੍ਹਾਂ ਨੇ ਵਫਦ ਨੂੰ ਕਿਹਾ ਕਿ ਉਹ ਕੰਪਨੀ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨਾਲ ਸੰਪਰਕ ਵਿੱਚ ਰਹਿਣ ਲਈ ਆਖਣ।
ਸਰਕਾਰੀ ਬੁਲਾਰੇ ਅਨੁਸਾਰ ਚੋਪੜਾ ਨੇ ਯੂ.ਏ.ਈ ਨੂੰ ਬਰਾਮਦ ਕਰਨ ਲਈ ਫੂਡ ਪ੍ਰੋਸੈਸਿੰਗ ਇਕਾਈਆਂ ਸਥਾਪਤ ਕਰਨ ਦੀ ਵੀ ਪੇਸ਼ਕਸ਼ ਕੀਤੀ ਜਿਸ ਬਾਰੇ ਮੁੱਖ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਭਰਿਆ। ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਵਿੱਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦੇਸ਼ੀ ਨਿਵੇਸ਼ ਲਈ ਆਪਣੇ ਦਰਵਾਜ਼ੇ ਚਪੱਟ ਖੋਲ੍ਹੇ ਹੋਏ ਹਨ ਅਤੇ ਇਸ ਸਾਲ ਮਾਰਚ ਵਿੱਚ ਸਰਕਾਰ ਬਣਨ ਤੋਂ ਬਾਅਦ ਨਿਵੇਸ਼ਕਾਂ ਪੱਖੀ ਕਈ ਕਦਮ ਚੁੱਕੇ ਹਨ। ਪੰਜਾਬ ਸਰਕਾਰ ਨਾਲ ਵਪਾਰ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਕਰਨ ਲਈ ਹੋਰ ਵੀ ਕਈ ਦੇਸ਼ਾਂ ਨੇ ਦਿਲਚਸਪੀ ਵਿਖਾਈ ਹੈ।