Share on Facebook Share on Twitter Share on Google+ Share on Pinterest Share on Linkedin ਗਣਤੰਤਰ ਦਿਵਸ: ਡੀਸੀ ਤੇ ਐਸਐਸਪੀ ਨੇ ਕੀਤਾ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਮੁਹਾਲੀ ਵਿੱਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾਉਣਗੇ ਤਿਰੰਗਾ ਝੰਡਾ ਨਬਜ਼-ਏ-ਪੰਜਾਬ, ਮੁਹਾਲੀ, 24 ਜਨਵਰੀ: ਮੁਹਾਲੀ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਖਾਣਾਂ ਅਤੇ ਭੂ-ਵਿਗਿਆਨ, ਜਲ ਸਰੋਤ, ਭੂਮੀ ਅਤੇ ਜਲ ਸੰਭਾਲ, ਮੰਤਰੀ ਬਰਿੰਦਰ ਕੁਮਾਰ ਗੋਇਲ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣਗੇ। ਇਸ ਸਬੰਧੀ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਅੱਜ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲਿਆ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਕੌਮੀ ਸਮਾਗਮ ਨੂੰ ਸਫਲ ਬਣਾਉਣ ਲਈ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਪਰੇਡ ਕਮਾਂਡਰ ਡੀਐਸਪੀ ਪ੍ਰੀਤਕੰਵਰ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਮਾਰਚ ਪਾਸਟ ਵਿੱਚ ਤਿੰਨ ਪੁਲੀਸ ਪਲਟਨਾਂ, ਸਮੇਤ ਮਹਿਲਾ ਪੁਲੀਸ, ਐਨਸੀਸੀ ਕੈਡਿਟਾਂ ਦੀਆਂ ਪੰਜ ਪਲਟਨਾਂ ਅਤੇ ਦੋ ਸਕੂਲਾਂ ਦੇ ਬੈਂਡਾਂ ਨੇ ਭਾਗ ਲਿਆ। ਫੁੱਲ ਡਰੈੱਸ ਰਿਹਰਸਲ ਦੌਰਾਨ ਇੱਕ ਕਾਲਜ ਸਮੇਤ 14 ਸਕੂਲਾਂ ਦੇ 1586 ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜੋਸ਼ ਨਾਲ ਭਰਪੂਰ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ। ਸਕੂਲ ਆਫ਼ ਐਮੀਨੈਂਸ ਫੇਜ਼-11, ਸਕੂਲ ਆਫ਼ ਐਮੀਨੈਂਸ ਫੇਜ਼-3ਬੀ1, ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਏਪੀਜੇ ਸਕੂਲ ਮੁੰਡੀ ਖਰੜ, ਲਾਰੈਂਸ ਪਬਲਿਕ ਸਕੂਲ ਮੁਹਾਲੀ, ਗਿਲਕੋ ਇੰਟਰਨੈਸ਼ਨਲ ਸਕੂਲ ਖਰੜ, ਸਵਾਮੀ ਰਾਮ ਤੀਰਥ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਵਿਸ਼ਿਆਂ ਉੱਤੇ ਆਧਾਰਿਤ ਵੱਖ-ਵੱਖ ਡਾਂਸ ਗੀਤ, ਕੋਰੀਓਗ੍ਰਾਫੀਆਂ ਅਤੇ ਹੋਰ ਗਤੀਵਿਧੀਆਂ ਨਾਲ ਸਭਿਆਚਾਰਕ ਸਮਾਗਮ ਦੌਰਾਨ ਜੋਸ਼ ਭਰਪੂਰ ਪੇਸ਼ਕਾਰੀ ਦਿੱਤੀ। ਪਰੇਡ ਵਿੱਚ ਭਾਗ ਲੈਣ ਵਾਲੀਆਂ ਪਲਟਨਾਂ ਵਿੱਚ ਸਰਕਾਰੀ ਕਾਲਜ ਮੁਹਾਲੀ, ਸ਼ਿਵਾਲਿਕ ਸਕੂਲ ਫੇਜ਼-6, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਲਕਸ਼ਮੀਲਤਾਰਾ ਰਾਠੌਰ ਸਕੂਲ ਸਿਆਲਬਾ ਮਾਜਰੀ, ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਅਤੇ ਸਕੂਲ ਆਫ਼ ਐਮੀਨੈਂਸ ਫੇਜ਼-3ਬੀ1 ਦੀਆਂ ਬੈਂਡ ਟੀਮਾਂ ਸ਼ਾਮਲ ਸਨ। ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕਰਨ ਉਪਰੰਤ ਡੀਸੀ ਆਸ਼ਿਕਾ ਜੈਨ ਨੇ ਗਣਤੰਤਰ ਦਿਵਸ ਸਮਾਰੋਹ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਮੈਗਾ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਗਣਤੰਤਰ ਦਿਵਸ ਨੂੰ ਪੂਰੀ ਦੇਸ਼ ਭਗਤੀ ਅਤੇ ਰਾਸ਼ਟਰਵਾਦੀ ਭਾਵਨਾ ਨਾਲ ਮਨਾਇਆ ਜਾਵੇ। ਇਸ ਮੌਕੇ ਏਡੀਸੀ (ਜ) ਵਿਰਾਜ ਐਸ ਤਿੜਕੇ, ਕਮਿਸ਼ਨਰ ਟੀ ਬੈਨਿਥ, ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਏਡੀਸੀ (ਦਿਹਾਤੀ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਐਸਡੀਐਮ ਦਮਨਦੀਪ ਕੌਰ, ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਐਸਪੀ ਐਚਐਸ ਮਾਨ, ਡੀਈਓ ਡਾ. ਗਿੰਨੀ ਦੁੱਗਲ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ