
ਗਣਤੰਤਰ ਦਿਵਸ: ਖਰੜ ਵਿੱਚ ਐਸਡੀਐਮ ਹਿਮਾਂਸ਼ੂ ਜੈਨ ਨੇ ਲਹਿਰਾਇਆ ਤਿਰੰਗਾ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਜਨਵਰੀ:
ਖਰੜ ਪ੍ਰਸ਼ਾਸਨ ਵੱਲੋਂ ਅੱਜ ਇੱਥੇ ਗਣਤੰਤਰ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਦਿਹਾੜਾ ਸਾਡੇ ਸਮੂਹ ਦੇਸ਼ ਵਾਸੀਆਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਦੀ ਜਾਮਣੀ ਭਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਡਾ. ਭੀਮ ਰਾਓ ਅੰਬੇਦਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਸਨ। ਜਿਨ੍ਹਾਂ ਵੱਲੋਂ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਗਿਆ। ਜੋ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਦੁਨੀਆਂ ਵਿੱਚ ਸਭ ਤੋਂ ਵੱਡੇ ਗਣਤੰਤਰ ਦਾ ਜਨਮ ਹੋਇਆ।
ਇਸ ਮੌਕੇ ਐਸਡੀਐਮ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਮੀਡੀਆ ਕਰਮੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਜਸਵਿੰਦਰ ਸਿੰਘ ਢਿੱਲੋਂ, ਸਬ ਰਜਿਸਟਰਾਰ ਗੁਰਮੰਦਰ ਸਿੰਘ, ਨੈਬ ਤਹਿਸੀਲਦਾਰ ਵਿਵੇਕ ਨਿਰਮੋਹੀ, ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ, ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਅਤੇ ਖਰੜ ਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਵੀ ਹਾਜ਼ਰ ਸਨ। ਉਧਰ, ਗਣਤੰਤਰ ਦਿਵਸ ਸਮਾਗਮ ਦੇ ਦੌਰਾਨ ਟਰੈਕਟਰਾਂ ’ਤੇ ਸਵਾਰ ਕਿਸਾਨ ਸਮਾਗਮ ਵਾਲੀ ਥਾਂ ’ਤੇ ਪਹੁੰਚੇ ਅਤੇ ਨਾਅਰੇਬਾਜ਼ੀ ਕਰਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਪੁਲੀਸ ਨੇ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ।