ਲੁਧਿਆਣਾ ਵਿੱਚ ਰਿਹਾਇਸ਼ੀ ਤੇ ਵਪਾਰਕ ਅਰਬਨ ਅਸਟੇਟ ਵਿਕਸਿਤ ਕੀਤੀ ਜਾਵੇਗੀ: ਅਮਨ ਅਰੋੜਾ

ਪ੍ਰਾਜੈਕਟ ਲਈ ਲਾਡੋਵਾਲ ਬਾਈਪਾਸ ’ਤੇ ਕਰੀਬ 2000 ਏਕੜ ਜ਼ਮੀਨ ਦੀ ਕੀਤੀ ਜਾ ਰਹੀ ਹੈ ਸ਼ਨਾਖ਼ਤ

ਸਾਰੇ ਲੰਬਿਤ ਮਾਮਲੇ ਇਕ ਹਫ਼ਤੇ ਦੇ ਅੰਦਰ ਨਿਪਟਾਉਣ ਦੇ ਨਿਰਦੇਸ਼, ਲਾਪ੍ਰਵਾਹ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਇੱਕ ਰਿਹਾਇਸ਼ੀ ਅਤੇ ਵਪਾਰਕ ਅਰਬਨ ਅਸਟੇਟ ਵਿਕਸਿਤ ਕੀਤੀ ਜਾਵੇਗੀ। ਅੱਜ ਇੱਥੇ ਪੁੱਡਾ ਭਵਨ ਵਿਖੇ ਪੁੱਡਾ, ਗਮਾਡਾ ਅਤੇ ਗਲਾਡਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਲਾਡੋਵਾਲ ਬਾਈਪਾਸ ’ਤੇ ਇਸ ਰਿਹਾਇਸ਼ੀ ਅਤੇ ਵਪਾਰਕ ਅਰਬਨ ਅਸਟੇਟ ਲਈ ਪਿੰਡ ਬੱਗਾ ਕਲਾਂ, ਨੂਰਪੁਰ ਬੇਟ, ਗੜ੍ਹਾ ਅਤੇ ਗੌਂਸਪੁਰ ਦੀ ਤਕਰੀਬਨ 2000 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਕਾਰਵਾਈ ਅਧੀਨ ਹੈ।
ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਪ੍ਰਸਤਾਵਿਤ ਅਰਬਨ ਅਸਟੇਟ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਗਮਾਡਾ ਦੀ ਤਰਜ਼ ’ਤੇ ਲੈਂਡ ਪੁਲਿੰਗ ਰਾਹੀਂ ਇਹ ਜ਼ਮੀਨ ਐਕੁਆਇਰ ਕੀਤੀ ਜਾਵੇ। ਅਧਿਕਾਰੀਆਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਸਾਈਟ ਸਿਲੈਕਸ਼ਨ ਕਮੇਟੀ ਨੇ ਇਸ ਸਾਈਟ ਦੀ ਸਿਫ਼ਾਰਸ਼ ਕੀਤੀ ਹੈ ਅਤੇ ਇਸ ਜ਼ਮੀਨ ਨੂੰ ਐਕੁਆਇਰ ਕਰਨ ਲਈ ਇੱਕ ਕੰਸਲਟੈਂਟ ਵੀ ਲਗਾਇਆ ਗਿਆ ਹੈ।
ਲੰਬਿਤ ਪਏ ਕੇਸਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਮਨ ਅਰੋੜਾ ਨੇ ਸਪੱਸ਼ਟ ਕਿਹਾ ਕਿ ਸਾਰੇ ਲੰਬਿਤ ਮਾਮਲਿਆਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਪਟਾਇਆ ਜਾਵੇ ਅਤੇ ਨਿਰਧਾਰਿਤ ਸਮਾਂ ਸੀਮਾ ਵਿੱਚ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਉਣ ਲਈ ਇੱਕ ਵਿਧੀ ਵਿਕਸਿਤ ਕੀਤੀ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਅਧਿਕਾਰੀ ਵੱਲੋਂ ਕੰਮ ਪ੍ਰਤੀ ਲਾਪ੍ਰਵਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਰਕਾਰ ਦਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਪਾਰਦਰਸ਼ੀ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਾ ਹੈ।
ਮੀਟਿੰਗ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਪੁੱਡਾ ਦੇ ਮੁੱਖ ਪ੍ਰਸ਼ਾਸਕ ਪੁੱਡਾ-ਕਮ-ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਸ੍ਰੀਮਤੀ ਅਪਨੀਤ ਰਿਆਤ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਮੱਲ੍ਹੀ, ਚੀਫ਼ ਟਾਊਨ ਪਲਾਨਰ ਪੰਜਾਬ ਪੰਕਜ ਬਾਵਾ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…