ਰਿਹਾਇਸ਼ੀ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ: ਜਸਪ੍ਰੀਤ ਕੌਰ

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੇ ਵਿਕਾਸ ਕੰਮਾਂ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਮੁਹਾਲੀ ਸ਼ਹਿਰ ਵਿਚਲੇ ਰਿਹਾਇਸ਼ੀ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਇੱਥੋਂ ਦੇ ਵਾਰਡ ਨੰਬਰ-1 ਦੀ ਕੌਂਸਲਰ ਬੀਬਾ ਜਸਪ੍ਰੀਤ ਕੌਰ ਨੇ ਐਤਵਾਰ ਸ਼ਾਮ ਨੂੰ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਬਣੇ ਫੇਜ਼-2 ਦੇ ਪਾਰਕ ਦੀ ਚਾਰਦੀਵਾਰੀ ਬਣਾਉਣ ਅਤੇ ਹੋਰ ਬਾਕੀ ਰਹਿੰਦੇ ਕੰਮ ਸ਼ੁਰੂ ਕਰਵਾਉਣ ਮੌਕੇ ਆਖੀ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫੇਜ਼-2 ਦੇ ਪ੍ਰਧਾਨ ਚਰੰਜੀ ਲਾਲ ਨੇ ਵਿਕਾਸ ਕੰਮਾਂ ਲਈ ਸਹਿਯੋਗ ਦੇਣ ’ਤੇ ਮਹਿਲਾ ਕੌਂਸਲਰ ਦਾ ਧੰਨਵਾਦ ਕੀਤਾ।
ਇਸ ਮੌਕੇ ਬੀਬਾ ਜਸਪ੍ਰੀਤ ਕੌਰ ਨੇ ਕਿਹਾ ਕਿ ਇਸ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਸੀਨੀਅਰ ਸਿਟੀਜਨਾਂ ਦੇ ਬੈਠਣ ਲਈ ਵਧੀਆ ਬੈਂਚ ਅਤੇ ਬੱਚਿਆਂ ਦੇ ਖੇਡਣ ਲਈ ਵਧੀਆਂ ਝੁੱਲੇ ਲਗਾਉਣ ਸਮੇਤ ਜੌਗਿਗ ਟਰੈਕ, ਸਫ਼ਾਈ ਅਤੇ ਫੁੱਲ ਬੂਟਿਆਂ ਨੂੰ ਪਾਣੀ ਦੇਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਜਾ ਰਹੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਕਾਸ ਕਾਰਜਾਂ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਵਾਰਡ ਨੰਬਰ-1 ਨੂੰ ਨਮੂਨੇ ਦਾ ਵਾਰਡ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਰੰਜੀ ਲਾਲ ਨੇ ਕਿਹਾ ਕਿ ਇਹ ਪਾਰਕ ਬਿਲਕੁਲ ਸੜਕ ਕਿਨਾਰੇ ਹੋਣ ਕਾਰਨ ਇੱਥੇ ਅਕਸਰ ਗਲਤ ਅਨਸਰ ਆ ਕੇ ਬੈਠ ਜਾਂਦੇ ਹਨ ਅਤੇ ਲਾਵਾਰਿਸ ਪਸ਼ੂ ਵੀ ਗੰਦਗੀ ਫੈਲਾਉਂਦੇ ਹਨ। ਜਿਸ ਕਾਰਨ ਅੌਰਤਾਂ ਅਤੇ ਬੱਚੇ ਪਾਰਕ ਵਿੱਚ ਆਉਣ ਤੋਂ ਕਤਰਾਉਂਦੇ ਹਨ। ਲੇਕਿਨ ਹੁਣ ਸਥਾਨਕ ਲੋਕਾਂ ਨੂੰ ਇਸ ਸਮੱਸਿਆ ਤੋਂ ਪੱਕਾ ਛੁਟਕਾਰਾ ਮਿਲੇਗਾ।
ਇਸ ਮੌਕੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ, ਪਰਵਿੰਦਰ ਸਿੰਘ ਬੌਬੀ, ਦਿਲਜੋਤ ਸਿੰਘ, ਭੁਪਿੰਦਰ ਸਿੰਘ, ਮਮਤਾ, ਸੁਨੀਤਾ ਰਾਣੀ, ਗੁਰਪ੍ਰੀਤ ਕੌਰ, ਦਰਸ਼ਨ ਟਿਊਣਾ, ਸਰੂਪ ਸਿੰਘ, ਕੁਲਦੀਪ ਸਿੰਘ ਬਰਾੜ, ਕੇਸੀ ਖੋਸਲਾ, ਲਛਮਣ ਸਿੰਘ, ਕੰਵਲ ਸਿੰਘ, ਬਿਧੀ ਚੰਦ, ਰਾਮ ਲਾਲ, ਸੁਖਦਰਸ਼ਨ, ਪਵਨ ਕੁਮਾਰ, ਮੁਨੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।

Check Also

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ ਨਬਜ਼-ਏ-ਪੰਜਾਬ, ਮੁਹਾਲੀ, 8 ਮਈ: ਪੰਜਾ…