ਕਰਫਿਊ ਵਿੱਚ ਅਕਾਲ ਆਸ਼ਰਮ ਕਲੋਨੀ ਸੈਕਟਰ-77 ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ

ਕਲੋਨੀ ਵਾਸੀ ਸੋਹਾਣਾ ਹਸਪਤਾਲ ਤੇ ਭਗਤ ਆਸਾ ਰਾਮ ਦੀ ਸਮਾਧ ਤੋਂ ਪਾਣੀ ਢੋਹਣ ਲਈ ਮਜਬੂਰ

ਗਮਾਡਾ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਇਕ ਦੂਜੇ ’ਤੇ ਸੁੱਟੀ ਜ਼ਿੰਮੇਵਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨੇੜੇ ਅਕਾਲ ਆਸ਼ਰਮ ਕਲੋਨੀ ਸੈਕਟਰ-77 ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਸਥਾਨਕ ਲੋਕ ਪਿਛਲੇ 10 ਦਿਨਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਕਾਰਨ ਕਲੋਨੀ ਵਾਸੀ ਕਿਸੇ ਅਧਿਕਾਰੀ ਨੂੰ ਮਿਲ ਕੇ ਆਪਣਾ ਦੁਖੜਾ ਸੁਣਾਉਣ ਤੋਂ ਵੀ ਲਾਚਾਰ ਹਨ। ਜਸਪਾਲ ਸਿੰਘ ਨੇਗੀ, ਰਵਿੰਦਰ ਸਿੰਘ ਸੋਹਲ, ਸੁਰਜੀਤ ਕੌਰ ਕਾਲੜਾ, ਤੇਜਿੰਦਰ ਕੌਰ, ਹਰਜੀਤ ਕੌਰ, ਰਾਜਵੰਤ ਕੌਰ, ਕਮਲੇਸ਼ ਰਾਣੀ, ਕੰਵਲਜੀਤ ਕੌਰ ਅਤੇ ਆਗਿਆਜੀਤ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਆਪਣੀ ਪਿਆਸ ਬੁਝਾਉਣ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ (ਆਈ) ਹਸਪਤਾਲ ਸੋਹਾਣਾ ਅਤੇ ਭਗਤ ਆਸਾ ਰਾਮ ਦੀ ਸਮਾਧ ਦੀ ਟੁੱਟੀ ਤੋਂ ਬਾਲਟੀਆਂ ਵਿੱਚ ਪਾਣੀ ਲਿਆਉਣਾ ਪੈ ਰਿਹਾ ਹੈ। ਉਧਰ, ਗਮਾਡਾ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਰਹੇ ਹਨ।
ਪੀੜਤ ਲੋਕਾਂ ਨੇ ਦੱਸਿਆ ਕਿ ਉਹ ਮੁਹਾਲੀ ਪ੍ਰਸ਼ਾਸਨ, ਜਲ ਸਪਲਾਈ ਵਿਭਾਗ ਅਤੇ ਗਮਾਡਾ ਦੇ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਨਾ ਹੋਣ ਕਾਰਨ ਸ਼ੁਰੂ ਤੋਂ ਪਾਣੀ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਗਰਮੀ ਦੇ ਮੌਸਮ ਵਿੱਚ ਦਿੱਕਤਾਂ ਹੋਰ ਜ਼ਿਆਦਾ ਵਧ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਲੋਨੀ ਵਿੱਚ ਦੋ ਤਿੰਨ ਘਰਾਂ ਵਿੱਚ 65 ਫੁੱਟ ਡੂੰਘੇ ਸਬਮਰਸੀਬਲ ਪੰਪ ਅਤੇ ਕਈ ਘਰਾਂ ਵਿੱਚ ਨਲਕੇ ਲੱਗੇ ਹੋਏ ਹਨ ਲੇਕਿਨ ਇਨ੍ਹਾਂ ਦਾ ਪਾਣੀ ਦੂਸ਼ਿਤ ਹੋਣ ਕਾਰਨ ਵਰਤੋਂ ਯੋਗ ਨਹੀਂ ਰਿਹਾ। ਇਸ ਪਾਣੀ ਨੂੰ ਸਿਰਫ਼ ਬਾਥਰੂਮ ਜਾਂ ਭਾਂਡੇ ਧੋਣ ਵਰਤਦੇ ਹਨ। ਪਹਿਲਾਂ ਉਨ੍ਹਾਂ ਨੂੰ ਜਲ ਸਪਲਾਈ ਵਿਭਾਗ ਵੱਲੋਂ ਪਾਣੀ ਸਪਲਾਈ ਕੀਤਾ ਜਾਂਦਾ ਸੀ। ਇਸ ਸਾਲ ਜਨਵਰੀ ਵਿੱਚ ਜਲ ਸਪਲਾਈ ਵਿਭਾਗ ਨੇ ਪਾਣੀ ਦੀ ਸਪਲਾਈ ਗਮਾਡਾ ਦੇ ਸਪੁਰਦ ਕਰ ਦਿੱਤੀ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਗਮਾਡਾ ਨੇ ਹੁਣ ਤੱਕ ਪਾਣੀ ਦੀ ਬੂੰਦ ਸਪਲਾਈ ਨਹੀਂ ਕੀਤੀ। ਇਸ ਸਬੰਧੀ ਜਦੋਂ ਪੀੜਤ ਲੋਕਾਂ ਨੇ ਗਮਾਡਾ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਪਿੱਛਾ ਛੁਡਾ ਲਿਆ ਕਿ ਹਾਲੇ ਤੱਕ ਪਾਣੀ ਦੀ ਸਪਲਾਈ ਗਮਾਡਾ ਦੇ ਹਵਾਲੇ ਨਹੀਂ ਕੀਤੀ ਗਈ ਹੈ।
ਪੀੜਤ ਲੋਕਾਂ ਨੇ ਦੱਸਿਆ ਕਿ ਕਲੋਨੀ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਬੂਰਾ ਹਾਲ ਹੈ। ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਸਟਰੀਟ ਲਾਈਟਾਂ ਵੀ ਬੰਦ ਰਹਿੰਦੀਆਂ ਹਨ ਅਤੇ ਕਲੋਨੀ ਦੀਆਂ ਸੜਕਾਂ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ। ਕਾਂਗਰਸ ਘਾਹ, ਕਾਂਗਜ ਬੂਟੀ ਅਤੇ ਭੰਗ ਦੇ ਬੂਟੇ ਘਰਾਂ ਤੋਂ ਵੀ ਉੱਚੇ ਉੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਕੈਬਨਿਟ ਮੰਤਰੀ ਤੋਂ ਲੈ ਕੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਦੱਸ ਚੁੱਕੇ ਹਨ ਲੇਕਿਨ ਹੁਣ ਤੱਕ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਇਆ। ਜਿਸ ਕਾਰਨ ਆਈਟੀ ਸਿਟੀ ਦੇ ਵਸਨੀਕ ਹੋਣ ਦੇ ਬਾਵਜੂਦ ਉਹ ਨਰਕ ਭੋਗਣ ਲਈ ਮਜਬੂਰ ਹਨ।
ਉਧਰ, ਗਮਾਡਾ ਦੇ ਐਕਸੀਅਨ ਪੰਕਜ ਮਹਿੰਮੀ ਨੇ ਸਪੱਸ਼ਟ ਕੀਤਾ ਕਿ ਹਾਲੇ ਤੱਕ ਜਲ ਸਪਲਾਈ ਵਿਭਾਗ ਨੇ ਪਾਣੀ ਦੀ ਸਪਲਾਈ ਗਮਾਡਾ ਨੂੰ ਨਹੀਂ ਸੌਂਪੀ ਗਈ ਹੈ। ਇਲਾਕੇ ਦੇ ਜੇਈ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਲ ਸਪਲਾਈ ਵਿਭਾਗ ਵੱਲੋਂ ਗਮਾਡਾ ਨੂੰ ਪੱਤਰ ਜ਼ਰੂਰ ਲਿਖਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਫੀਲਡ ’ਚੋਂ ਵੇਰਵੇ ਇਕੱਠੇ ਕਰਕੇ ਸਰਵੇ ਰਿਪੋਰਟ ਵੀ ਦਿੱਤੀ ਜਾ ਚੁੱਕੀ ਹੈ ਲੇਕਿਨ ਹਾਲੇ ਤੱਕ ਗੱਲ ਕੰਢੇ ਪਾਸੇ ਨਹੀਂ ਲੱਗੀ ਹੈ। ਉਂਜ ਜੇਈ ਨੇ ਦੱਸਿਆ ਕਿ ਸੈਕਟਰ-77 ਵਿੱਚ ਗਮਾਡਾ ਵੱਲੋਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਪ੍ਰੰਤੂ ਅਕਾਲ ਆਸ਼ਰਮ ਕਲੋਨੀ ਦੀ ਪਾਈਪਲਾਈਨ ਕਾਫੀ ਪੁਰਾਣੀ ਹੋਣ ਕਾਰਨ ਪੂਰਾ ਪ੍ਰੈਸ਼ਰ ਨਹੀਂ ਝੱਲਦੀ ਅਤੇ ਰਸਤੇ ਵਿੱਚ ਪਾਣੀ ਲੀਕ ਹੋਣ ਕਾਰਨ ਘਰਾਂ ਵਿੱਚ ਨਹੀਂ ਪਹੁੰਚ ਰਿਹਾ ਹੈ। ਜੇਈ ਮੁਤਾਬਕ ਪਾਈਪਲਾਈਨ ਦੀ ਮੁਰੰਮਤ ਦੀ ਜ਼ਿੰਮੇਵਾਰੀ ਜਲ ਸਪਲਾਈ ਵਿਭਾਗ ਦੀ ਹੈ। ਦੂਜੇ ਪਾਸੇ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਪਾਣੀ ਸਪਲਾਈ ਦਾ ਕੰਮ ਗਮਾਡਾ ਕੋਲ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…