ਕੁੰਭੜਾ ਦੇ ਵਸਨੀਕਾਂ ਵੱਲੋਂ ਸੜਕ ’ਤੇ ਚੱਕਾ ਜਾਮ, ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ

ਸੜਕ ਜਾਮ ਕਰਨ ਤੋਂ ਤੁਰੰਤ ਬਾਅਦ ਨਵਾਂ ਟਰਾਂਸਫ਼ਾਰਮਰ ਲੈ ਕੇ ਪਹੁੰਚੇ ਪਾਵਰਕੌਮ ਦੀ ਟੀਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਲਗਾਤਾਰ 12 ਘੰਟੇ ਤੋਂ ਵੱਧ ਸਮਾਂ ਬਿਜਲੀ ਗੁੱਲ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਹੋਰਨਾਂ ਵਸਨੀਕਾਂ ਨੇ ਗਰੇਸੀਅਨ ਹਸਪਤਾਲ ਦੇ ਸਾਹਮਣੇ ਟੀ-ਪੁਆਇੰਟ ’ਤੇ ਸ਼ਾਮ ਨੂੰ ਚੱਕ ਜਾਮ ਕਰਕੇ ਸੂਬਾ ਸਰਕਾਰ ਅਤੇ ਪਾਵਰਕੌਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਲੰਘੀ ਰਾਤ 12 ਵਜੇ ਅਚਾਨਕ ਬੱਤੀ ਗੁੱਲ ਹੋ ਗਈ ਅਤੇ ਅੱਜ ਦੁਪਹਿਰ ਵੇਲੇ ਅੱਧੇ ਪਿੰਡ ਵਿੱਚ ਬਿਜਲੀ ਆ ਗਈ ਪ੍ਰੰਤੂ ਅੱਧੇ ਪਿੰਡ ਵਿੱਚ ਬੱਤੀ ਗੁੱਲ ਰਹੀ। ਜਿਸ ਕਾਰਨ ਅੱਤ ਦੀ ਗਰਮੀ ਤੋਂ ਬਚਨ ਲਈ ਲੋਕਾਂ ਨੂੰ ਸੜਕ ਕਿਨਾਰੇ ਫੁੱਟਪਾਥ ’ਤੇ ਰੁੱਖਾਂ ਹੇਠਾਂ ਬੈਠ ਕੇ ਦਿਨ ਗੁਜ਼ਾਰਨਾ ਪਿਆ। ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਇਸ ਸਬੰਧੀ ਪਾਵਰਕੌਮ ਦੇ 1912 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਸ਼ਿਕਾਇਤਘਰ ਮੁਹਾਲੀ ਦੇ ਕਈ ਗੇੜੇ ਮਾਰੇ ਗਏ ਪਰ ਉੱਥੇ ਤਾਲਾ ਲੱਗਾ ਹੋਇਆ ਸੀ। ਰੋਹ ਵਿੱਚ ਆਏ ਲੋਕਾਂ ਨੇ ਗਰੇਸੀਅਨ ਹਸਪਤਾਲ ਦੇ ਸਾਹਮਣੇ ਸੜਕ ’ਤੇ ਚੱਕਾ ਜਾਮ ਕਰਕੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਬਿਜਲੀ ਦੇ ਅਣਐਲਾਨੇ ਕੱਟ ਲੱਗਦੇ ਸੀ ਪਰ ਮੌਜੂਦਾ ਸਮੇਂ ਵਿੱਚ ਇਹ ਸਮੱਸਿਆ ਜ਼ਿਆਦਾ ਵੱਧ ਗਈ ਹੈ। ਬੱਤੀ ਕਦੋਂ ਗੁੱਲ ਹੋ ਜਾਵੇਗੀ ਅਤੇ ਕਦੋਂ ਵਾਪਸ ਆਵੇਗੀ, ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ। ਪਾਵਰਕੌਮ ਦੇ ਅਧਿਕਾਰੀ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੇ। ਪੀੜਤ ਲੋਕਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ 300 ਯੂਨਿਟ ਬਿਜਲੀ ਮੁਆਫ਼ੀ ਦੀਆਂ ਗੱਲਾਂ ਕਰ ਰਹੀ ਹੈ ਪਰ ਆਪ ਸਰਕਾਰ ਤੋਂ ਮੁੱਲ ਵੀ ਬਿਜਲੀ ਨਹੀਂ ਮਿਲ ਰਹੀ। ਜਿਸ ਕਾਰਨ ਰਾਜ ਦੇ ਲੋਕ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਮਨਜੀਤ ਸਿੰਘ, ਗੁਰਮੱੁਖ ਸਿੰਘ, ਮਨਦੀਪ ਸਿੰਘ, ਨਰਿੰਦਰ ਕੁਮਾਰ, ਮੇਵਾ ਸਿੰਘ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਰਾਹੁਲ ਕੁਮਾਰ, ਦੇਸ ਰਾਜ, ਗੁਰਮੀਤ ਕੌਰ, ਪਰਮਜੀਤ ਕੌਰ, ਸੋਨੀਆ ਰਾਣੀ, ਅੱਤਰੀ ਅਤੇ ਹੋਰਨਾਂ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਧਰ, ਸੜਕ ’ਤੇ ਚੱਕਾ ਜਾਮ ਕਰਨ ਦੀ ਸੂਚਨਾ ਮਿਲਦੇ ਹੀ ਪਾਵਰਕੌਮ ਦੀ ਟੀਮ ਤੁਰੰਤ ਨਵਾਂ ਟਰਾਂਸਫ਼ਾਰਮਰ ਲੈ ਕੇ ਕੁੰਭੜਾ ਵਿੱਚ ਪਹੁੰਚ ਗਈ। ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਨਵਾਂ ਟਰਾਂਸਫ਼ਾਰਮਰ ਰੱਖਿਆ ਜਾ ਰਿਹਾ ਸੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…