ਮੁਹਾਲੀ ਦੇ ਵਸਨੀਕਾਂ ਨੂੰ ਅਗਲੇ ਸਾਲ ਫਰਵਰੀ 2021 ਵਿੱਚ ਮਿਲੇਗਾ ਨਹਿਰੀ ਪਾਣੀ

60 ਕਰੋੜ ਰੁਪਏ ਦੇ ਵੱਕਾਰੀ ਪ੍ਰਾਜੈਕਟ ਦਾ ਕੰਮ ਬੜੌਦਾ ਦੀ ਕੰਪਨੀ ਨੂੰ ਸੌਂਪਿਆ

ਕੋਵਿਡ ਬੰਦਸ਼ਾਂ ਦੇ ਬਾਵਜੂਦ 20 ਫੀਸਦੀ ਕੰਮ ਮੁਕੰਮਲ, ਫੇਜ਼ 1 ਵਿੱਚ ਸੈਕਟਰ-66 ਤੱਕ ਪਾਈ ਜਾਵੇਗੀ ਪਾਈਪਲਾਈਨ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਬਾਸ਼ਿੰਦਿਆਂ ਨੂੰ ਭਵਿੱਖ ਵਿੱਚ ਲੋੜ ਅਨੁਸਾਰ ਪੀਣ ਵਾਲਾ ਪਾਣੀ ਮਿਲਣ ਦੀ ਆਸ ਬੱਝ ਗਈ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਬੀੜਾ ਚੁੱਕਦਿਆਂ ਆਈਟੀ ਸਿਟੀ ਮੁਹਾਲੀ ਦੇ ਵਸਨੀਕਾਂ ਦੀ ਪਿਆਸ ਬੁਝਾਉਣ ਲਈ ਲੋੜ ਅਨੁਸਾਰ ਨਹਿਰੀ ਪਾਣੀ ਦੀ ਸਪਲਾਈ ਦੇਣ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਪੁੱਡਾ ਦੇ ਬੁਲਾਰੇ ਨੇ ਦੱਸਿਆ ਕਿ ਗਮਾਡਾ ਵੱਲੋਂ ਮੁਹਾਲੀ ਵਿੱਚ 60 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਸਪਲਾਈ ਲਈ ਨਵੀਂ ਪਾਈਪਲਾਈਨ ਵਿਛਾਈ ਜਾ ਰਹੀ ਹੈ ਅਤੇ ਇਹ ਕੰਮ ਬੜੌਦਾ ਦੀ ਐਮਐਸ ਸਪੰਨਪਾਈਪ ਐਂਡ ਕੰਪਨੀ ਨੂੰ ਸੌਂਪਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਣੀ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲੇ ਫੇਜ਼ ਵਿੱਚ ਇਹ ਪਾਈਪਲਾਈਨ ਸੈਕਟਰ-66 ਤੱਕ ਪਾਈ ਜਾਵੇਗੀ ਅਤੇ ਫੇਜ਼-2 ਵਿੱਚ ਐਰੋਸਿਟੀ ਅਤੇ ਆਈਟੀ ਸਿਟੀ ਨੂੰ ਕਵਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਫੇਜ਼ ਇਕ ਦਾ ਕੰਮ ਅਗਲੇ ਸਾਲ ਫਰਵਰੀ 2021 ਤੱਕ ਮੁਕੰਮਲ ਹੋ ਜਾਵੇਗਾ ਅਤੇ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੇ ਬਾਵਜੂਦ ਕੰਪਨੀ ਨੇ 20 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਕਾਰਜ ਦੇ ਮੁਕੰਮਲ ਹੋਣ ਉੱਤੇ ਮੁਹਾਲੀ ਨੂੰ 20 ਐਮਜੀਡੀ ਹੋਰ ਪਾਣੀ ਮਿਲੇਗਾ, ਜੋ ਇਸ ਸ਼ਹਿਰ ਵਾਸੀਆਂ ਦੀਆਂ ਪਾਣੀ ਸਬੰਧੀ ਜ਼ਰੂਰਤਾਂ ਦੀ ਪੂਰਤੀ ਵੱਲ ਵੱਡਾ ਕਦਮ ਹੈ। ਇਹ ਪਾਈਪਲਾਈਨ ਪਿੰਡ ਝੁੰਗੀਆਂ ਨੇੜੇ ਸ਼ੀਂਹਪੁਰ ਵਿੱਚ ਵਾਟਰ ਟਰੀਟਮੈਂਟ ਪਲਾਟ ਤੋਂ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਦਾ ਕੰਮ 5 ਫਰਵਰੀ, 2020 ਨੂੰ ਅਲਾਟ ਕੀਤਾ ਗਿਆ ਸੀ ਪਰ ਕੋਵਿਡ-19 ਤੋਂ ਬਚਾਅ ਲਈ ਲਗਾਏ ਲੌਕਡਾਊਨ ਕਾਰਨ ਇਹ ਕੰਮ ਮਈ ਮਹੀਨੇ ਵਿੱਚ ਸ਼ੁਰੂ ਹੋਇਆ। ਫੇਜ਼-1 ਵਿੱਚ 17 ਕਿੱਲੋਮੀਟਰ ਅਤੇ ਫੇਜ਼-2 ਵਿੱਚ 20 ਕਿੱਲੋਮੀਟਰ ਪਾਈਪਲਾਈਨ ਪਾਈ ਜਾਵੇਗੀ।
(ਬਾਕਸ ਆਈਟਮ)
ਅਜੋਕੇ ਸਮੇਂ ਵਿੱਚ ਮੁਹਾਲੀ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਪਿਛਲੇ ਕਰੀਬ ਤਿੰਨ ਸਾਲਾਂ ਵਿੱਚ ਧਰਤੀ ਹੇਠਲਾ ਪਾਣੀ ਦਾ ਪੱਧਰ 200 ਫੁੱਟ ਤੋਂ ਵੀ ਵੱਧ ਥੱਲੇ ਚਲਾ ਗਿਆ ਹੈ। ਪਾਣੀ ਦੇ ਜ਼ਿਆਦਾਤਰ ਟਿਊਬਵੈੱਲ ਫੇਲ ਹੋ ਗਏ ਹਨ ਅਤੇ ਕਈ ਟਿਊਬਵੈੱਲਾਂ ਦੀ ਮਸ਼ੀਨਰੀ ਕਾਫੀ ਪੁਰਾਣੀ ਹੋਣ ਕਾਰਨ ਕੰਡਮ ਹੋ ਚੁੱਕੀ ਹੈ। ਮੁਹਾਲੀ ਪ੍ਰਸ਼ਾਸਨ ਕੋਲ ਇਸ ਵੇਲੇ ਕੇਵਲ 13.4 ਮਿਲੀਅਨ ਗੈਲਨ ਪਾਣੀ ਹੀ ਉਪਲਬਧ ਹੈ ਜਦੋਂਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਪ੍ਰਤੀ ਦਿਨ 30 ਮਿਲੀਅਨ ਗੈਲਨ ਤੋਂ ਵੱਧ ਪਾਣੀ ਦੀ ਲੋੜ ਹੈ। ਸ਼ਹਿਰ ਵਾਸੀਆਂ ਨੂੰ 10 ਮਿਲੀਆ ਗੈਲਨ ਨਹਿਰੀ ਪਾਣੀ ਅਤੇ 3.4 ਮਿਲੀਅਨ ਗੈਲਨ ਪਾਣੀ ਟਿਊਬਵੈਲਾਂ ਰਾਹੀਂ ਪ੍ਰਾਪਤ ਹੋ ਰਿਹਾ ਹੈ ਜੋ ਕਿ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਾਫ਼ੀ ਘੱਟ ਹੈ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…