Nabaz-e-punjab.com

ਮੁਹਾਲੀ ਨੇੜਲੇ ਪਿੰਡ ਬਲੌਂਗੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ, ਅਧਿਕਾਰੀ ਬੇਖ਼ਬਰ

ਬਲੌਂਗੀ ਵਾਸੀ ਕਰਮ ਸਿੰਘ ਫੌਜੀ ਨੇ ਤਰਸ ਦੇ ਆਧਾਰ ’ਤੇ ਟੈਂਕਰ ਮੰਗਵਾ ਕੇ ਲੋਕਾਂ ਨੂੰ ਮੁਫ਼ਤ ਪਾਣੀ ਮੁਹੱਈਆ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਮੁਹਾਲੀ ਦੀ ਜੂਹ ਵਿੱਚ ਵਸਦੇ ਕਸਬਾਨੁਮਾ ਪਿੰਡ ਬਲੌਂਗੀ ਦੇ ਵਸਨੀਕ ਪੀਣ ਵਾਲੇ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਇਕ ਬੂੰਦ ਵੀ ਸਪਲਾਈ ਨਹੀਂ ਹੋਈ ਹੈ। ਜਿਸ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦੇ ਹਲਕ ਸੁੱਕ ਗਏ ਹਨ। ਦੱਸਿਆ ਗਿਆ ਹੈ ਕਿ ਟਿਊਬਵੈੱਲ ਦੀਆਂ ਮੋਟਰਾਂ ਸੜ ਜਾਣ ਕਾਰਨ ਇਹ ਸਮੱਸਿਆ ਆਈ ਹੈ ਅਤੇ ਲੋਕ ਟੈਂਕਰਾਂ ਦਾ ਖਾਰਾ ਪਾਣੀ ਪੀਣ ਲਈ ਮਜਬੂਰ ਹਨ।
ਬਲੌਂਗੀ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਮਰਨ ਵਰਤ ’ਤੇ ਬੈਠਣ ਵਾਲੇ ਸਮਾਜ ਸੇਵੀ ਆਗੂ ਬੀਸੀ ਪ੍ਰੇਮੀ, ਸੰਤੋਸ਼ ਕੁਮਾਰ, ਰਾਘਵ, ਅਜੈ ਕੁਮਾਰ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਲੋਕ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲਗਾਤਾਰ ਤਾਪਮਾਨ ਵਧਣ ਕਾਰਨ ਗਰਮੀ ਦੇ ਨਾਲ ਨਾਲ ਪਾਣੀ ਦੀ ਮੰਗ ਵੱਧ ਗਈ ਹੈ ਪ੍ਰੰਤੂ ਟਿਊਬਵੈਲਾਂ ਦੀਆਂ ਮੋਟਰਾਂ ਸੜ ਜਾਣ ਕਾਰਨ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸਾਲ ਗਰਮੀ ਦੇ ਮੌਸਮ ਵਿੱਚ ਬਲੌਂਗੀ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਪੰਤੂ ਪ੍ਰਸ਼ਾਸਨ ਵੱਲੋਂ ਪਾਣੀ ਦੀ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾਂਦੀ। ਉਧਰ, ਪਿੰਡ ਦੇ ਵਸਨੀਕ ਕਰਮ ਸਿੰਘ ਫੌਜੀ ਨੇ ਤਰਸ ਦੇ ਆਧਾਰ ’ਤੇ ਅੱਜ ਨਿੱਜੀ ਤੌਰ ’ਤੇ ਪਾਣੀ ਦਾ ਟੈਂਕਰ ਮੰਗਵਾ ਕੇ ਲੋਕਾਂ ਨੂੰ ਮੁਫ਼ਤ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਜਿਸ ਨਾਲ ਪਿੰਡ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ।
ਇਸ ਸਬੰਧੀ ਪਿੰਡ ਦੀ ਜਲ ਸਪਲਾਈ ਕਮੇਟੀ ਦੀ ਚੇਅਰਪਰਸਨ ਬੀਬੀ ਭਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਪਾਣੀ ਦੀਆਂ ਦੋ ਮੋਟਰਾਂ ਖਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੋਟਰਾਂ ਮੁਰੰਮਤ ਲਈ ਭੇਜੀਆਂ ਗਈਆਂ ਹਨ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਂਜ ਉਨ੍ਹਾਂ ਪਿੰਡ ਵਾਸੀਆਂ ਨੂੰ (ਜਿਨ੍ਹਾਂ ਨੇ ਹੁਣ ਤੱਕ ਆਪਣੇ ਪਾਣੀ ਦੇ ਬਿੱਲ ਨਹੀਂ ਭਰੇ) ਨੂੰ ਤੁਰੰਤ ਪਾਣੀ ਦੇ ਬਿੱਲ ਜਮ੍ਹਾ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਪਾਣੀ ਦਾ ਬਿੱਲ ਨਹੀਂ ਦਿੰਦੇ ਹਨ।
ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਸਾਲ 2000 ਵਿੱਚ ਪਿੰਡ ਵਾਸੀਆਂ ਪ੍ਰਤੀ ਘਰ 500 ਰੁਪਏ ਜਮਾਂ ਲੈ ਕੇ ਵਰਲਡ ਬੈਂਕ ਦੀ ਸਕੀਮ ਤਹਿਤ ਪਿੰਡ ਵਿੱਚ ਦੋ ਟਿਊਬਵੈੱਲ ਲਗਾਏ ਗਏ ਸਨ। ਜਿਸ ਤੋਂ ਬਾਅਦ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਪਾਣੀ ਦਾ ਬਿੱਲ 30 ਰੁਪਏ ਪ੍ਰਤੀ ਮਹੀਨਾ ਹੁੰਦਾ ਸੀ ਜੋ ਕਿ 2008 ਤੋਂ ਬਾਅਦ ਵੱਧ ਕੇ 75 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਪਾਣੀ ਦਾ ਚਾਰਜ ਉਨ੍ਹਾਂ ਨੂੰ ਦਿੱਤਾ ਜਾਵੇ ਤਾਂ ਜੋ ਪਿੰਡ ਦੀ ਪਾਣੀ ਦੀ ਸਪਲਾਈ ਵਿੱਚ ਲੋੜੀਂਦਾ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 2013 ਦੀਆਂ ਚੋਣਾਂ ਤੋਂ ਬਾਅਦ ਪਿੰਡ ਬਲੌਂਗੀ ਵਿੱਚ ਬਲਵਿੰਦਰ ਕੌਰ ਅਤੇ ਕਲੋਨੀ ਵਿੱਚ ਭਿੰਦਰਜੀਤ ਕੌਰ ਨੂੰ ਸਰਪੰਚ ਚੁਣਿਆ ਗਿਆ ਸੀ। ਉਦੋਂ ਪਿੰਡ ਦੀ ਸਰਪੰਚ ਨੂੰ ਚਾਰਜ ਦੇਣ ਦੀ ਥਾਂ ਬਲੌਂਗੀ ਕਲੋਨੀ ਦੀ ਸਰਪੰਚ ਭਿੰਦਰਜੀਤ ਨੂੰ ਪਾਣੀ ਦਾ ਚਾਰਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਭਿੰਦਰਜੀਤ ਕੌਰ ਸਰਪੰਚ ਵੀ ਨਹੀਂ ਹੈ ਤਾਂ ਇਹ ਚਾਰਜ ਪਿੰਡ ਬਲੌਂਗੀ ਦੇ ਸਰਪੰਚ ਨੂੰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਰੈਗੂਲਰ ਸਪਲਾਈ ਯਕੀਨੀ ਬਣਾਈ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …