
ਗਮਾਡਾ ਦੀ ਅਣਦੇਖੀ ਦਾ ਸੰਤਾਪ ਭੋਗ ਰਹੇ ਨੇ ਐਰੋਸਿਟੀ ਦੇ ਬਾਸ਼ਿੰਦੇ
ਟੁੱਟੀਆਂ ਸੜਕਾਂ, ਸੀਵਰੇਜ, ਡਰੇਨ ਵਾਟਰ ਸਿਸਟਮ ਦਾ ਬੂਰਾ ਹਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਸ਼ਹਿਰ ਦੇ ਵਿਕਾਸ ਦਾ ਧੁਰਾ ਭਾਵੇਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਰਿਹਾਇਸ਼ੀ ਇਲਾਕੇ ਦੇ ਆਲੇ ਦੁਆਲੇ ਘੁੰਮਦਾ ਹੈ, ਪ੍ਰੰਤੂ ਐਰੋਸਿਟੀ ਦੇ ਬਾਸ਼ਿੰਦੇ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ। ਇਸ ਖੇਤਰ ਦੀ ਬਦਤਰ ਹਾਲਤ ਨੂੰ ਦੇਖਕੇ ਲੋਕ ਹੁਣ ਇੱਧਰ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ। ਐਰੋਸਿਟੀ ਬਲਾਕ-ਡੀ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਨੇ ਮੀਡੀਆ ਨੂੰ ਇਲਾਕੇ ਦੀ ਖਸਤਾ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਐਰੋਸਿਟੀ ਸੜਕ ਪੰਜਾਬ ਸਰਕਾਰ ਅਤੇ ਗਮਾਡਾ ਲਈ ਸੋਨੇ ਦੀ ਖਾਨ ਬਣੀ ਹੋਈ ਹੈ ਅਤੇ ਇੱਥੇ ਲੋਕ ਵੱਡੀ ਪੱਧਰ ’ਤੇ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ ਪਰ ਜਦੋਂ ਲੋਕ ਐਰੋਸਿਟੀ ਸੜਕ ਦੇ ਆਲੇ-ਦੁਆਲੇ ਦੀਆਂ ਸੜਕਾਂ, ਸੀਵਰੇਜ, ਡਰੇਨ ਵਾਟਰ ਸਿਸਟਮ ਦੀ ਮਾੜੀ ਹਾਲਤ ਨੂੰ ਦੇਖਦੇ ਹਨ ਤਾਂ ਉਹ ਪੈਸਾ ਲਗਾਉਣ ਤੋਂ ਪਹਿਲਾਂ ਸੋਚੀ ਪੈ ਜਾਂਦੇ ਹਨ।
ਗੁਰਿੰਦਰ ਸਿੰਘ ਨੇ ਦੱਸਿਆ ਕਿ ਸੜਕ ਵਿੱਚ ਡੂੰਘੇ ਖੱਡੇ, ਸੀਵਰੇਜ ਤੇ ਡਰੇਨ ਸਿਸਟਮ ਹੇਠਾਂ ਦੱਬ ਕੇ ਟੁੱਟ ਚੁੱਕ ਗਿਆ ਹੈ ਅਤੇ ਰਾਤ ਸਮੇਂ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਲਾਕੇ ਦਾ ਮਾਲਕ ਗਮਾਡਾ ਹੈ ਪ੍ਰੰਤੂ ਸਚਾਈ ਇਹ ਹੈ ਕਿ ਪਲਾਟ ਵੇਚਣ ਤੋਂ ਬਾਅਦ ਇਸ ਖੇਤਰ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਦਸ ਚੁੱਕੇ ਹਨ ਅਤੇ ਉਨ੍ਹਾਂ ਗਮਾਡਾ ਦੇ ਮੁੱਖ ਇੰਜੀਨੀਅਰ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ ਪਰ ਹੁਣ ਤੱਕ ਸਥਿਤੀ ਜਿਊਂ ਦੀ ਤਿਊਂ ਬਰਕਰਾਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਮਾਡਾ ਨੇ ਸਥਾਨਕ ਵਸਨੀਕਾਂ ਦੇ ਮਸਲੇ ਜਲਦੀ ਹੱਲ ਨਾ ਕੀਤੇ ਤਾਂ ਐਰੋਸਿਟੀ ਦੇ ਵਸਨੀਕ ਗਮਾਡਾ ਦਫ਼ਤਰ ਅੱਗੇ ਲੜੀਵਾਰ ਧਰਨਾ ਸ਼ੁਰੂ ਕਰਨ ਲਈ ਮਜਬੂਰ ਹੋਣਗੇ।