
ਗੇਟਵੇਅ ਸਿਟੀ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਨੂੰ ਤਰਸੇ, ਅਧਿਕਾਰੀਆਂ ਨੇ ਚੁੱਪ ਵੱਟੀ
ਸੀਵਰੇਜ ਦੀ ਸੁਵਿਧਾ ਨਾ ਹੋਣ ਕਾਰਨ ਕਰੋੜਾਂ ਖ਼ਰਚਣ ਦੇ ਬਾਵਜੂਦ ਕਿਰਾਏ ਦੇ ਮਕਾਨਾਂ ’ਚ ਰਹਿ ਰਹੇ ਨੇ ਅਲਾਟੀ
ਗਮਾਡਾ\ਪੁੱਡਾ ਅਧਿਕਾਰੀਆਂ ਨੇ ਇਕ ਦੂਜੇ ’ਤੇ ਸੁੱਟੀ ਸੀਵਰੇਜ ਪ੍ਰਬੰਧਾਂ ਦੀ ਜ਼ਿੰਮੇਵਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਮੁਹਾਲੀ ਏਅਰਪੋਰਟ ਮੁੱਖ ਸੜਕ ਦੇ ਕਿਨਾਰੇ ’ਤੇ ਸਥਿਤ ਗੇਟਵੇਅ ਸਿਟੀ ਦੇ ਬਾਸ਼ਿੰਦੇ ਮੁੱਢਲੀ ਸਹੂਲਤਾਂ ਨੂੰ ਤਰਸ ਗਏ ਹਨ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਸੈਂਕੜੇ ਲੋਕ ਹਾਲੇ ਵੀ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲਈ ਮਜਬੂਰ ਹਨ। ਅਧਿਕਾਰੀਆਂ ਦੀ ਅਣਦੇਖੀ ਕਾਰਨ ਅਲਾਟੀਆਂ ਨੂੰ ਆਪਣੇ ਆਲੀਸ਼ਾਨ ਘਰ ਬਣਾ ਕੇ ਰਹਿਣ ਦੀ ਇੱਛਾ ਸੁਪਨਾ ਬਣ ਕੇ ਰਹਿ ਗਈ ਹੈ। ਗਮਾਡਾ\ਪੁੱਡਾ ਦਫ਼ਤਰ ਦੇ ਗੇੜੇ ਲਗਾ ਕੇ ਅੱਕੇ ਲੋਕ ਹੁਣ ਸੜਕਾਂ ’ਤੇ ਆਉਣ ਲਈ ਮਜਬੂਰ ਹਨ।
ਐਡਵੋਕੇਟ ਸੰਜੀਵ ਮੈਣੀ, ਹਰਚਰਨਜੀਤ ਸਿੰਘ, ਸਚਿਨ ਮੋਹਲ, ਬਲਵਿੰਦਰ ਸਿੰਘ, ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਗਮਾਡਾ\ਪੁੱਡਾ ਨੇ ਦਸੰਬਰ 2014 ਵਿੱਚ ਗੇਟਵੇਅ ਸਿਟੀ ਰਿਹਾਇਸ਼ੀ ਪ੍ਰਾਜੈਕਟ ਲਾਂਚ ਕੀਤਾ ਅਤੇ 15 ਜਨਵਰੀ 2015 ਨੂੰ ਇਹ ਸਕੀਮ ਬੰਦ ਹੋ ਗਈ ਸੀ। ਇੱਥੇ ਕੁੱਲ 417 ਰਿਹਾਇਸ਼ੀ ਪਲਾਟ ਵੇਚੇ ਗਏ ਹਨ। ਸਤੰਬਰ 2016 ਵਿੱਚ ਅਲਾਟਮੈਂਟ ਪੱਤਰ ਜਾਰੀ ਕਰਕੇ ਡੇਢ ਸਾਲ ਦੇ ਅੰਦਰ ਅੰਦਰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਹੁਣ ਤੱਕ ਕੋਈ ਇਕ ਸੁਵਿਧਾ ਮੁਹੱਈਆ ਨਹੀਂ ਕਰਵਾਈ ਗਈ।
ਰੁਪਿੰਦਰ ਸਿੰਘ, ਬਲਵਿੰਦਰ ਸਿੰਘ, ਵਰਿੰਦਰਪਾਲ, ਰਾਕੇਸ਼ ਰਾਓ, ਰਾਮ ਸਿੰਘ, ਭੂਸ਼ਨ ਕੁਮਾਰ ਅਤੇ ਕੰਵਲਜੀਤ ਸਿੰਘ ਸਮੇਤ ਕਰੀਬ 25 ਵਿਅਕਤੀਆਂ ਨੇ ਮਕਾਨ ਬਣਾ ਕੇ ਆਪਣੇ ਪਰਿਵਾਰਾਂ ਸਮੇਤ ਰਹਿਣਾ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਸੀਵਰੇਜ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁੱਡਾ ਨੇ ਸੀਵਰੇਜ ਲਾਈਨ ਦਾ ਪਾ ਦਿੱਤੀ ਹੈ ਪ੍ਰੰਤੂ ਹੁਣ ਤੱਕ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪੱਧਰ ’ਤੇ ਸੀਵਰੇਜ ਕੁਨੈਕਸ਼ਨ ਜੋੜੇ ਸਨ, ਉਨ੍ਹਾਂ ਨੂੰ ਗਮਾਡਾ ਦੇ ਮਿਲਖ ਅਫ਼ਸਰ ਨੇ ਨੋਟਿਸ ਦੇ ਰੂਪ ਵਿੱਚ ਪੱਤਰ ਲਿਖ ਕੇ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਅਣਅਧਿਕਾਰਤ ਤੌਰ ’ਤੇ ਸੀਵਰੇਜ ਕੁਨੈਕਸ਼ਨ ਜੋੜਿਆ ਹੈ।
ਗਮਾਡਾ ਨੇ ਸਬੰਧਤ ਵਿਅਕਤੀਆਂ ਨੂੰ 30 ਦਿਨਾਂ ਦੇ ਅੰਦਰ ਅੰਦਰ ਸੀਵਰੇਜ ਦੀ ਨਾਜਾਇਜ਼ ਵਰਤੋਂ ਬੰਦ ਕਰਕੇ ਗਮਾਡਾ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ ਅਤੇ ਧਮਕੀ ਵੀ ਦਿੱਤੀ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਕਾਨ ਮਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਦੋਂਕਿ ਸ਼ੁਰੂ ਵਿੱਚ ਅਧਿਕਾਰੀਆਂ ਨੇ ਇਹ ਭਰੋਸਾ ਦਿੱਤਾ ਕਿ ਜਦੋਂ ਤੱਕ ਸੀਵਰੇਜ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਹੀਂ ਹੋ ਜਾਂਦਾ ਉਦੋਂ ਤੱਕ ਹਫ਼ਤਾ ਜਾਂ 10 ਦਿਨ ਬਾਅਦ ਸੀਵਰੇਜ ਲਾਈਨ ਦੀ ਮਸ਼ੀਨੀ ਸਫ਼ਾਈ ਕਰਵਾ ਦਿੱਤੀ ਜਾਇਆ ਕਰੇਗੀ।
ਉਧਰ, ਮਨਜੀਤ ਕੌਰ, ਸਚਿਨ ਮੌਹਲ, ਸੰਜੀਵ ਮੈਣੀ, ਜਸਵਿੰਦਰ ਸਿੰਘ, ਨਵੀਨ ਮਲਹੋਤਰਾ, ਜਸਪਾਲ ਸਿੰਘ, ਵਿਜੇ ਕੁਮਾਰ ਅਤੇ ਮਨਮੋਹਨ ਸਿੰਘ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਮਕਾਨ ਤਾਂ ਬਣਾ ਲਏ ਹਨ ਪ੍ਰੰਤੂ ਸੀਵਰੇਜ ਨਾ ਹੋਣ ਕਾਰਨ ਉਹ ਹਾਲੇ ਵੀ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ। ਇੰਜ ਹੀ 50 ਹੋਰ ਮਕਾਨ ਉਸਾਰੀ ਅਧੀਨ ਹਨ। ਉਨ੍ਹਾਂ ਗਮਾਡਾ\ਪੁੱਡਾ ਨੂੰ ਹਫ਼ਤੇ ਦਾ ਅਲਟੀਮੇਟ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰਾਂ ਦੇ ਸੀਵਰੇਜ ਕੁਨੈਕਸ਼ਨ ਜੋੜ ਕੇ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਉਹ ਪਖਾਨੇ ਅਤੇ ਬਾਥਰੂਮ ਇਸਤੇਮਾਲ ਕਰਨ ਲਈ ਡੋਲੂ ਲੈ ਕੇ ਮੁੱਖ ਦਫ਼ਤਰ ਵਿੱਚ ਜਾਣ ਲਈ ਮਜਬੂਰ ਹੋਣਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਉਧਰ, ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਗਮਾਡਾ ਦੇ ਮਿਲਖ ਅਫ਼ਸਰ ਪਵਿੱਤਰ ਸਿੰਘ ਨੇ ਕਿਹਾ ਕਿ ਸੀਵਰੇਜ ਦੀ ਵਿਵਸਥਾ ਕਰਨ ਦੀ ਜ਼ਿੰਮੇਵਾਰੀ ਜਨ ਸਿਹਤ ਵਿੰਗ ਹੈ। ਉਂਜ ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਕਾਰਵਾਈ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਅਣਅਧਿਕਾਰਤ ਤੌਰ ’ਤੇ ਆਪਣੇ ਘਰਾਂ ਦੇ ਸੀਵਰੇਜ ਕੁਨੈਕਸ਼ਨ ਜੋੜ ਲਏ ਹਨ। ਐਕਸੀਅਨ ਬਲਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਕਤ ਸਮੱਸਿਆ ਸਬੰਧੀ ਹੁਣ ਤੱਕ ਕੋਈ ਪੀੜਤ ਵਿਅਕਤੀ ਨੂੰ ਉਨ੍ਹਾਂ ਨੂੰ ਨਹੀਂ ਮਿਲਿਆ ਹੈ ਅਤੇ ਨਾ ਹੀ ਕਿਸੇ ਸ਼ਿਕਾਇਤ ਹੀ ਦਿੱਤੀ ਹੈ। ਐਸਡੀਓ (ਸੀਵਰੇਜ) ਦਿਲਦਾਰ ਰਾਣਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ।