nabaz-e-punjab.com

ਮੁਹਾਲੀ ਫੇਜ਼-4 ਦੇ ਵਸਨੀਕ ਬਿਜਲੀ-ਪਾਣੀ ਸਪਲਾਈ ਦੀ ਸਮੱਸਿਆ ਤੋਂ ਡਾਢੇ ਤੰਗ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਸਥਾਨਕ ਫੇਜ਼-4 ਦੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬਲਦੇਵ ਸਿੰਘ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਫੇਜ਼-4 ਦੇ ਵਿਕਾਸ ਅਤੇ ਸਾਫ਼ ਸਫ਼ਾਈ ਸਬੰਧੀ ਆਉਂਦੀਆਂ ਮੁਸ਼ਕਲਾਂ ਸਬੰਧੀ ਕਈ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ। ਮੈਂਬਰਾਂ ਵੱਲੋਂ ਮੁੱਖ ਤੌਰ ’ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਸਬੰਧੀ ਮੁਸ਼ਕਲਾਂ ਲਈ ਬਿਜਲੀ ਅਤੇ ਪਾਣੀ ਸਪਲਾਈ ਵਿਭਾਗਾਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਜ਼ੋਰ ਦਿੱਤਾ ਗਿਆ।
ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਦਿਨ ਵਿੱਚ ਵਾਰ ਵਾਰ ਬਿਜਲੀ ਚਲੀ ਜਾਂਦੀ ਹੈ ਅਤੇ ਵਿਭਾਗ ਦੇ ਵਿਸ਼ੇਸ਼ ਸ਼ਿਕਾਇਤ ਨੰਬਰ 1912 ਟੈਲੀਫੋਨ ਕਰਨ ’ਤੇ ਮਿਲਦਾ ਨਹੀਂ ਜਾਂ ਅਟੈਂਡ ਹੀ ਨਹੀਂ ਕੀਤਾ ਜਾਂਦਾ। ਬਿਜਲੀ ਸ਼ਿਕਾਇਤ ਦਫ਼ਤਰ ਦਾ ਨੰਬਰ ਜਾਂ ਬੰਦ ਆਉਂਦਾ ਹੈ ਜਾਂ ਅਟੈਂਡ ਹੀ ਨਹੀਂ ਕੀਤਾ ਜਾਂਦਾ। ਮੈਂਬਰਾਂ ਵੱਲੋਂ ਇਹ ਵੀ ਸ਼ਿਕਾਇਤ ਕੀਤੀ ਗਈ ਕਿ ਪਿਛਲੇ ਮਹੀਨਿਆਂ ਵਿੱਚ ਬਿਜਲੀ ਦੀਆਂ ਮੁੱਖ ਤਾਰਾਂ ਬਦਲੀਆਂ ਗਈਆਂ ਹਨ ਅਤੇ ਘਰਾਂ ਦੇ ਬਿਜਲੀ ਮੀਟਰ ਬਾਹਰ ਖੰਬਿਆਂ ’ਤੇ ਸਿਫ਼ਟ ਕੀਤੇ ਗਏ ਹਨ। ਇਹ ਸਾਰੇ ਕੰਮ ਠੇਕੇਦਾਰ ਦੇ ਬੰਦਿਆਂ ਵੱਲੋਂ ਕੀਤੇ ਗਏ ਹਨ ਪਰ ਬਿਜਲੀ ਵਿਭਾਗ ਦੇ ਤਕਨੀਕੀ ਅਮਲੇ ਵੱਲੋਂ ਕੋਈ ਨਿਗਰਾਨੀ/ਚੈਕਿੰਗ ਆਦਿ ਨਹੀਂ ਕੀਤੀ ਗਈ। ਘਰਾਂ ਦੇ ਬਿਜਲੀ ਮੀਟਰ ਜੋ ਬਾਹਰ ਖੰਬਿਆਂ ’ਤੇ ਸ਼ਿਫ਼ਟ ਕੀਤੇ ਗਏ ਹਨ। ਉਨ੍ਹਾਂ ਵਿੱਚ ਪੁਰਾਣੀਆਂ ਤਾਰਾਂ ਵੀ ਨਾਲ ਲਟਕ ਰਹੀਆਂ ਹਨ। ਬਰਸਾਤਾਂ ਵਿੱਚ ਇਹਨਾਂ ਤਾਰਾਂ ਕਰਕੇ ਕਰੰਟ ਆਉਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਇਹ ਬਿਜਲੀ ਵਾਰ ਵਾਰ ਜਾਣ ਦਾ ਵੀ ਮੁੱਖ ਕਾਰਨ ਹਨ।
ਉਪਰੋਕਤ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਬਿਜਲੀ ਦੇ ਬਿੱਲ ਮਹੀਨਾਵਾਰ ਆਉਣੇ ਚਾਹੀਦੇ ਹਨ ਕਿਉਂਕਿ 10 ਕਿੱਲੋਵਾਟ ਤੋਂ ਘੱਟ ਲੋਡ ਵਾਲੇ ਮੀਟਰਾਂ ਦੇ ਬਿੱਲ ਦੋ ਮਹੀਨੇ ਬਾਅਦ ਆਉਣ ਕਾਰਨ ਯੂਨਿਟਾਂ ਦੀ ਗਿਣਤੀ ਵੱਧਣ ਨਾਲ ਬਿਜਲੀ ਦੀਆਂ ਦਰਾਂ ਵੱਧ ਲਗਦੀਆਂ ਹਨ। ਇਸ ਸਬੰਧੀ ਮੁਹਾਲੀ ਸਿਟੀਜ਼ਨ ਫੋਰਮ ਵੱਲੋਂ ਵੀ ਵੱਖ ਵੱਖ ਪੱਧਰ ’ਤੇ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਮਿਉਂਸੀਪਲ ਕਾਰਪੋਰੇਸ਼ਨ ਦੀ ਮਿਤੀ 16 ਸਤੰਬਰ 2015 ਦੀ ਮੀਟਿੰਗ ਵਿੱਚ ਮੁਹਾਲੀ ਦੇ ਫੇਜ਼-2 ਅਤੇ ਫੇਜ਼-4 ਲਈ 2 ਕਰੋੜ 66 ਲੱਖ 67 ਹਜ਼ਾਰ ਦੀ ਲਾਗਤ ਨਾਲ ਯੂਜੀਐਸਆਰ ਬੂਸਟਰ ਪ੍ਰਵਾਨ ਕੀਤੇ ਗਏ ਸਨ ਪਰ ਫੇਜ਼-2 ਅਤੇ ਫੇਜ਼-4 ਲਈ ਪਾਣੀ ਦੇ ਇਹ ਬੂਸਟਰ ਅੱਜ ਤੱਕ ਨਹੀਂ ਲਗਾਏ ਗਏ। ਇੱਕ ਤਾਂ ਗੰਦੇ ਪਾਣੀ ਅਤੇ ਪਾਣੀ ਦਾ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਕਾਫੀ ਸਮੇਂ ਤੋਂ ਚਲੀ ਆ ਰਹੀ ਹੈ। ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਸਕਿਤ ਮਕਾਨਾਂ ਵਿੱਚ ਪਾਣੀ ਦੀ ਸਪਲਾਈ ਲਈ ਫੇਜ਼-4 ਵਾਸੀਆਂ ਦੀ ਸ਼ਿਕਾਇਤ ਬਰਕਰਾਰ ਹੈ। ਮੀਟਿੰਗ ਵਿੱਚ ਅਕਾਲੀ ਦਲ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ, ਸਰਪ੍ਰਸਤ ਗੋਪਾਲ ਸ਼ਰਮਾ, ਚੇਅਰਮੈਨ ਸੁਰਿੰਦਰ ਸਿੰਘ ਸੋਢੀ, ਜਨਰਲ ਸਕੱਤਰ ਹਰਿੰਦਰਪਾਲ ਸਿੰਘ, ਆਡੀਟਰ ਅਮਰਜੀਤ ਸਿੰਘ ਕੋਹਲੀ, ਵਿੱਤ ਸਕੱਤਰ ਤਰਲੋਕ ਸਿੰਘ ਅਤੇ ਮੈਂਬਰ ਸਰਬਜੀਤ ਸਿੰਘ ਆਦਿ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…