
ਪੰਜਾਬ ਦੀ ਰਾਜਧਾਨੀ ਦੇ ਵਾਸੀਆਂ ਨੇ ਉਜਾੜਾ ਰੋਕਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੀਤੀ ਸੀ ਫਰਿਆਦ
ਪੰਜਾਬ ਯੂਨੀਵਰਸਿਟੀ ਵਿੱਚ ਮਾਂ ਬੋਲੀ ਲਾਗੂ ਕਰਨ ਲਈ ਖਾੜਕੂਆਂ ਦਾ ਨਾਮ ਲੈ ਕੇ ਕੀਤੀ ਸੀ ਸ਼ਰਾਰਤ
ਯੂਟੀ ਦੇ ਐਸਐਸਪੀ ਰਹੇ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਕਈ ਪ੍ਰੋਫੈਸਰਾਂ ’ਤੇ ਢਾਹਿਆ ਸੀ ਕਹਿਰ
ਜਗਤਾਰ ਭੁੱਲਰ ਦੀ ਤੀਜੀ ਕਿਤਾਬ ‘‘ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ’’ ਵਿੱਚ ਕਈ ਅਹਿਮ ਖੁਲਾਸੇ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਮਾਰਚ:
ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਭੁੱਲਰ ਨੇ ਆਪਣੀ ਤੀਜੀ ਕਿਤਾਬ ‘‘ਪ੍ਰਜਾੰਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ’’ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਲੇਖਕ ਮੁਤਾਬਕ ਜਦ ਚੰਡੀਗੜ੍ਹ ਰਾਜਧਾਨੀ ਬਣਾਉਣ ਲਈ ਲੋੜ ਤੋਂ ਵੱਧ ਉਜਾੜਾ ਹੋ ਰਿਹਾ ਸੀ ਤਾਂ ਇਨ੍ਹਾਂ 50 ਪਿੰਡਾਂ ਦੇ ਲੋਕ ਬਹੁਤ ਦੁਖੀ ਹੋ ਗਏ ਸਨ। ਦੁਖੀ ਲੋਕਾਂ ਦੀ ਕੋਈ ਬਾਂਹ ਨਹੀਂ ਸੀ ਫੜ ਰਿਹਾ। ਨਾ ਹੀ ਸਿਆਸੀ ਪਾਰਟੀਆਂ ਅਤੇ ਨਾ ਹੀ ਸਰਕਾਰਾਂ। ਅੰਤ ਸਾਲ 1972 ਦੌਰਾਨ ਦੁਖੀ ਪਿੰਡ ਵਾਸੀਆਂ ਦੇ ਕੁਝ ਮੋਹਤਵਰ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜਾ ਕੇ ਮਿਲੇ ਸਨ ਅਤੇ ਉਹ ਫਿਰ ਚੰਡੀਗੜ੍ਹ ਆਕੇ ਗਰਜ਼ੇ ਵੀ ਸਨ ਅਤੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਰਾਜਧਾਨੀ ਦੇ ਨਾਮ ’ਤੇ ਜੋ ਉਜਾੜਾ ਹੋਣਾ ਸੀ ਉਹ ਹੋ ਗਿਆ, ਇਸ ਤੋਂ ਬਾਅਦ ਹੋਣ ਵਾਲਾ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਸਮੇਂ ਸੰਤਾਂ ਨੇ ਪਿੰਡ ਆਟਾਵਾ ਵਿੱਚ ਪਿੰਡਾਂ ਦੀ ਹੋਈ ਰੈਲੀ ਨੂੰ ਸੰਬੋਧਨ ਕੀਤਾ ਸੀ।
ਇਸੇ ਕਿਤਾਬ ਵਿਚ ਜਿਕਰ ਹੈ ਕਿ ਜਦ ਪੰਜਾਬ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਨਹੀਂ ਲਾਗੂ ਹੋ ਰਹੀ ਸੀ ਤਾਂ ਫਿਰ ਡਾਕਟਰ ਦੀਪਕ ਮਨਮੋਹਨ ਸਿੰਘ ਸਮੇਤ ਕਈ ਮਾਂ ਬੋਲੀ ਦੇ ਸ਼ੁਦਾਈ ਪੁੱਤਰਾਂ ਵੱਲੋਂ ਇੱਕ ਸ਼ਰਾਰਤ ਘੜੀ ਗਈ, ਹਾਲਾਂਕਿ ਫਿਰ ਉਹ ਸ਼ਰਾਰਤ ਮਹਿੰਗੀ ਵੀ ਪਈ। ਉਸ ਸਮੇਂ ਚੰਡੀਗੜ੍ਹ ਪੁਲੀਸ ਦੇ ਐਸਐਸਪੀ ਸੁਮੇਧ ਸੈਣੀ ਸਨ। ਅਸਲ ਵਿਚ ਹਰ ਵਾਰ ਮਾਂ ਬੋਲੀ ਨੂੰ ਲਾਗੂ ਕਰਾਉਣ ਵਾਲਾ ਮਤਾ ਫੇਲ ਹੋ ਜਾਂਦਾ ਸੀ ਕਿਉਂਕਿ ਕੋਈ ਨਹੀਂ ਸੀ ਚਾਹੁੰਦਾ ਕਿ ਯੂਨੀਵਰਸਿਟੀ ਵਿਖੇ ਪੰਜਾਬੀ ਮਾਂ ਬੋਲੀ ਲਾਗੂ ਹੋਵੇ ਜਿਸ ਕਰਕੇ ਸ਼ਰਾਰਤ ਕੀਤੀ ਗਈ ਕਿ ਅਗਰ ਅਗਲੀ ਮੀਟਿੰਗ ਵਿਚ ਕਿਸੇ ਨੇ ਪੰਜਾਬੀ ਭਾਸ਼ਾ ਦਾ ਵਿਰੋਸ਼ ਕੀਤਾ ਤਾਂ ਫਿਰ ਉਨ੍ਹਾਂ ਨੇ ਖਾੜਕੂਆਂ ਨੂੰ ਦੱਸ ਦੇਣਾ ਕਿ ਆਹ ਆਹ ਪ੍ਰੋਫੈਸਰ ਨੇ ਪੰਜਾਬੀ ਮਾਂ ਬੋਲੀ ਦਾ ਵਿਰੋਧ ਕੀਤਾ ਸੀ। ਫਿਰ ਇਸ ਤਰ੍ਹਾਂ ਹੀ ਹੋਇਆ ਅਤੇ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ 250 ਮੈਂਬਰਾਂ ਨੇ ਹੀ ਮਾਂ ਬੋਲੀ ਦੇ ਹੱਕ ਵਿਚ ਹੱਥ ਖੜੇ ਕਰ ਦਿੱਤੇ।
ਫਿਰ ਉਸੇ ਦਿਨ ਹੀ ਸੁਮੇਧ ਸੈਣੀ ਨੇ ਡਾਕਟਰ ਸ਼ਿੰਦਰਪਾਲ ਸਿੰਘ, ਡਾਕਟਰ ਗੁਰਮੇਜ ਸਿੰਘ, ਡਾਕਟਰ ਮੇਜਰ ਸਿੰਘ ਸਮੇਤ ਤਿੰਨ ਚਾਰ ਕਾਲਜ ਅਧਿਆਪਕਾਂ ਨੂੰ ਚੁੱਕ ਲਿਆ। ਇਨ੍ਹਾਂ ਸਾਰਿਆਂ ਨੂੰ ਫਿਰ ਸੁਮੇਧ ਸੈਣੀ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਵੈਸੇ ਉਨ੍ਹਾਂ ਦਿਨਾਂ ਵਿਚ ਸੱਚਮੁੱਚ ਹੀ ਖਾੜਕੂਆਂ ਨੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਆਰ ਪੀ ਭਾਂਬਾ ਨੂੰ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਧਮਕੀ ਦਿੱਤੀ ਸੀ, ਜਿਸ ਕਰਕੇ ਉਪ ਕੁਲਪਤੀ ਆਪਣੀ ਤੀਜੀ ਮਿਆਦ ਛੱਡ ਕੇ ਵਿਦੇਸ਼ ਭੱਜ ਗਏ ਸਨ। ਪੱਤਰਕਾਰ ਜਗਤਾਰ ਸਿੰਘ ਦੀ ਇਸ ਕਿਤਾਬ ਵਿੱਚ ਹੋਰ ਵੀ ਬਹੁਤ ਸਾਰੇ ਰੋਚਕ ਕਿੱਸੇ ਤੇ ਭਰਪੂਰ ਜਾਣਕਾਰੀਆਂ ਹਨ ਜੋ ਪੰਜਾਬ ਨੂੰ ਤਾਨਾ, ਮੇਹਣਾ ਤੇ ਰੋਸ ਪ੍ਰਗਟ ਕਰਦੀਆਂ ਹਨ ਕਿ ਆਖਿਰ ਤੇਰੇ ਪੈਸਿਆਂ ਨਾਲ, ਤੇਰੇ ਕਰਕੇ ਅਤੇ ਤੇਰੇ ਹੀ ਪਿੰਡ ਉਜਾੜਕੇ ਵਸਾਈ ਗਈ ਹਾਂ, ਕਿਉਂ ਪੰਜਾਬ ਸਿਆਂ ਮੈਨੂੰ ਭੁੱਲ ਗਿਆ ਹਾਂ।