ਟੀਡੀਆਈ ਸਿਟੀ ਦੇ ਵਸਨੀਕਾਂ ਨੇ ਬਿਲਡਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ, ਬਿਲਡਰ ਦਾ ਪੁਤਲਾ ਸਾੜਿਆ

ਬਿਲਡਰ ’ਤੇ ਸਰਕਾਰ ਦੀ ਸ਼ਹਿ ’ਤੇ ਸੈਕਟਰ ਵਾਸੀਆਂ ਨਾਲ ਵਧੀਕੀਆਂ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਟੀਡੀਆਈ ਸਿਟੀ ਦੇ ਸੈਕਟਰ-110 ਅਤੇ ਸੈਕਟਰ-111 ਦੇ ਵਸਨੀਕਾਂ ਨੇ ਬਿਲਡਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਸੈਕਟਰ ਵਾਸੀਆਂ ਨੇ ਬਿਲਡਰ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਗਮਾਡਾ ਦੀ ਸ਼ਹਿ ’ਤੇ ਬਿਲਡਰ ਸਥਾਨਕ ਵਸਨੀਕਾਂ ਨਾਲ ਵਧੀਕੀਆਂ ਕਰਦੇ ਆ ਰਹੇ ਹਨ। ਜਸਵੀਰ ਸਿੰਘ ਗੜਾਂਗ, ਸੰਤ ਸਿੰਘ, ਸਾਧੂ ਸਿੰਘ, ਭਜਨ ਸਿੰਘ, ਮੋਹਿਤ ਮਦਾਨ, ਅਸ਼ੋਕ ਡੋਗਰਾ, ਐਮਐਲ ਸ਼ਰਮਾ, ਐਸਕੇ ਸ਼ਰਮਾ ਅਤੇ ਸੁਖਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੈਕਟਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਪ੍ਰੰਤੂ ਗਮਾਡਾ ਵੱਲੋਂ ਬਿਨਾ ਨਕਸ਼ੇ ਪਾਸ ਤੋਂ ਬਣਾਈ ਸੜਕ ਰਾਤ ਸਮੇਂ ਪੁੱਟ ਦਿੱਤੀ ਗਈ ਹੈ।
ਬਿਜਲੀ-ਪਾਣੀ ਅਤੇ ਸੀਵਰੇਜ ਦੀ ਕੋਈ ਸਹੂਲਤ ਨਹੀਂ ਹੈ। ਜਿਸ ਕਾਰਨ ਸੈਕਟਰ ਵਾਸੀ ਬੁਨਿਆਦੀ ਸਹੂਲਤਾਂ ਤਰਸ ਰਹੇ ਹਨ। ਇਸ ਸਬੰਧੀ ਉਹ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਲੇਕਿਨ ਪੰਜਾਬ ਸਰਕਾਰ, ਗਮਾਡਾ ਅਤੇ ਬਿਲਡਰ ’ਤੇ ਕੋਈ ਅਸਰ ਨਹੀਂ ਹੋ ਰਿਹਾ। ਲੋਕਾਂ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਜਨਰੇਟਰ ਨਾਲ ਬਿਜਲੀ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਇੱਥੇ ਰਹਿੰਦੇ ਲੋਕਾਂ ਕੋਲੋਂ ਕਮਿਊਨਿਟੀ ਸੈਂਟਰ ਅਤੇ ਕਲੱਬ ਦੇ ਨਾਂ ’ਤੇ ਹਜ਼ਾਰਾਂ ਰੁਪਏ ਜਬਰੀ ਮੈਂਬਰਸ਼ਿਪ ਦੇ ਰੂਪ ਵਿੱਚ ਲਏ ਜਾ ਰਹੇ ਹਨ, ਪ੍ਰੰਤੂ ਅਜੇ ਤਾਈਂ ਕਮਿਊਨਿਟੀ ਸੈਂਟਰ/ਕਲੱਬ ਬਣ ਕੇ ਤਿਆਰ ਨਹੀਂ ਹੋਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਲਡਰ ਤੋਂ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ।

ਸੈਕਟਰ ਵਾਸੀਆਂ ਵੱਲੋਂ ਉਪਰੋਕਤ ਸਮੱਸਿਆਵਾਂ ਬਾਰੇ ਮੁੱਖ ਮੰਤਰੀ, ਪੁੱਡਾ ਮੰਤਰੀ ਅਤੇ ਪ੍ਰਮੁੱਖ ਸਕੱਤਰ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਨ ਹੁਣ ਤੱਕ ਸਰਕਾਰ ਕੁੰਭਕਰਨ ਦੀ ਨੀਂਦ ਤੋਂ ਨਹੀਂ ਜਾਗੀ। ਸੈਕਟਰ ਵਾਸੀਆਂ ਨੇ ਦੱਸਿਆ ਕਿ ਸਿਆਸੀ ਦਬਾਅ ਕਾਰਨ ਗਮਾਡਾ ਅਧਿਕਾਰੀ ਬੇਵੱਸ ਜਾਪਦੇ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਦੇ ਕੁੱਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਡੀਆਈ ਦੇ ਕੰਮ ਕਰਨ ਲਈ ਦਿੱਲੀ ਤੋਂ ਫੋਨ ਆਉਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਬਿਲਡਰ ਦੇ ਕੰਮ ਕਰਨੇ ਪੈਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…