ਸੜਕ ਕੰਢੇ ਲੱਗਦੀਆਂ ਅਣਅਧਿਕਾਰਤ ਦੁਕਾਨਾਂ ਤੋਂ ਸੈਕਟਰ ਵਾਸੀ ਤੇ ਰਾਹਗੀਰ ਅੌਖੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਾਰਗ ’ਤੇ ਪਿੰਡ ਚੱਪੜਚਿੜੀ ਸਮੇਤ ਹੋਰ ਥਾਵਾਂ ’ਤੇ ਸੜਕ ਕਿਨਾਰੇ ਲੱਗੀਆਂ ਸਬਜ਼ੀਆਂ, ਨਾਰੀਅਲ ਪਾਣੀ ਅਤੇ ਫਲ ਫਰੂਟ ਦੀਆਂ ਪੱਕੀਆਂ ਦੁਕਾਨਾਂ ਅਤੇ ਰੇਹੜੀਆਂ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਲੋਕ ਕਾਫ਼ੀ ਅੌਖੇ ਹਨ। ਆਂਸਲ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਸੈਕਟਰ-114 ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਅਤੇ ਮੀਤ ਪ੍ਰਧਾਨ ਪਾਲ ਸਿੰਘ ਰਤੁ ਨੇ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਵਾਹਨ ਚਾਲਕ ਸੜਕ ਉੱਤੇ ਹੀ ਬੇਤਰਤੀਬ ਗੱਡੀਆਂ ਖੜੀਆਂ ਕਰਕੇ ਸਾਮਾਨ ਖ਼ਰੀਦਣ ਲੱਗ ਜਾਂਦੇ ਹਨ। ਜਿਸ ਕਾਰਨ ਸੜਕ ਉੱਤੇ ਟਰੈਫ਼ਿਕ ਪ੍ਰਭਾਵਿਤ ਹੁੰਦਾ ਹੈ। ਸ਼ਿਕਾਇਤ ਦੇ ਨਿਪਟਾਰੇ ਲਈ ਆਂਸਲ ਪ੍ਰਾਪਰਟੀਜ਼ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੋਵਾਂ ਧਿਰਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਸੈਕਟਰ ਵਾਸੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।
ਸੈਕਟਰ ਵਾਸੀਆਂ ਨੇ ਏਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਸੈਕਟਰ ਦੇ ਮੁੱਖ ਗੇਟ ’ਤੇ ਟਰੈਫ਼ਿਕ ਕੰਟਰੋਲ ਅਤੇ ਅਣਅਧਿਕਾਰਤ ਦੁਕਾਨਾਂ ਲੱਗਣ ਕਾਰਨ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਆਂਸਲ ਗੇਟ ਦੇ ਅੱਗੇ ਅਤੇ ਸੜਕ ’ਤੇ ਸਾਰਾ ਦਿਨ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਅਤੇ ਲੜਾਈ ਝਗੜੇ ਅਤੇ ਦੁਰਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਮੁਹਾਲੀ ਤੋਂ ਚੱਪੜਚਿੜੀ ਟੀ-ਪੁਆਇੰਟ ’ਤੇ ਟਰੈਫ਼ਿਕ ਲਾਈਟ ਨਾ ਹੋਣ ਕਾਰਨ ਵਾਹਨ ਚਾਲਕ ਇੱਕ ਦੂਜੇ ਤੋਂ ਪਹਿਲਾਂ ਅੱਗੇ ਲੰਘਣ ਦੀ ਕੋਸ਼ਿਸ਼ ਕਾਰਨ ਜਾਮ ਲੱਗ ਜਾਂਦਾ ਹੈ। ਆਂਸਲ ਵਾਸੀ ਰਵਿੰਦਰ ਕਪੂਰ ਦੀ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਚੁੱਕੀ ਹੈ ਜਦੋਂਕਿ ਹਰਦੀਪ ਸਿੰਘ ਹਾਦਸੇ ਵਿੱਚ ਜ਼ਖ਼ਮੀ ਹੋ ਚੁੱਕਾ ਹੈ।
ਉਧਰ, ਪਿਛਲੇ ਦਿਨੀਂ ਐੱਸਐੱਸਪੀ ਦੇ ਹੁਕਮਾਂ ’ਤੇ ਲਾਂਡਰਾਂ ਜੰਕਸਨ ਦੇ ਟਰੈਫ਼ਿਕ ਇੰਚਾਰਜ ਏਐਸਆਈ ਦਲਬੀਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਆਂਸਲ ਸੈਕਟਰ ਦਾ ਦੌਰਾ ਕਰਕੇ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਸੜਕ ਵਿਚਕਾਰ ਪਲਾਸਟਿਕ ਦੇ ਢੋਲ ਲਗਾ ਕੇ ਆਰਜ਼ੀ ਪ੍ਰਬੰਧ ਕੀਤਾ ਗਿਆ। ਲੇਕਿਨ ਵਾਹਨ ਚਾਲਕ ਮਨਮਰਜ਼ੀ ਕਰਨ ਤੋਂ ਬਾਜ ਨਹੀਂ ਆਉਂਦੇ। ਪੁਲੀਸ ਨੇ ਦੋ ਦਿਨ ਦੇ ਅੰਦਰ-ਅੰਦਰ ਸੜਕ ਕਿਨਾਰੇ ਲੱਗਦੀਆਂ ਅਣਅਧਿਕਾਰਤ ਦੁਕਾਨਾਂ ਹਟਾਉਣ ਦੀ ਹਦਾਇਤ ਕੀਤੀ ਗਈ ਹੈ। ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਲਦੀ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੈਕਟਰ ਵਾਸੀ ਠੋਸ ਕਦਮ ਚੁੱਕਣ ਲਈ ਮਜਬੂਰ ਹੋਣਗੇ। ਇਸ ਮੌਕੇ ਜਨਰਲ ਸਕੱਤਰ ਅਚਿਨ ਗਾਬਾ, ਕੈਸ਼ੀਅਰ ਨਿਹਾਲ ਸਿੰਘ, ਜਸਮੇਰ ਸਿੰਘ ਮੁਲਤਾਨੀ, ਕਰਨਲ ਜਸਕਰਨ ਸਿੰਘ ਬਜਾਜ, ਬਲਬੀਰ ਸਿੰਘ ਸਿੱਧੂ ਅਤੇ ਕੇਪੀਐਸ ਮੁੰਦਰਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…