ਪਿੰਡ ਕੁੰਭੜਾ ਦੇ ਬਾਸ਼ਿੰਦਿਆਂ ਨੂੰ ਵਿਕਾਸ ਦੀ ਆਸ ਬੱਝੀ ਪਰ ਮੇਅਰ ਧੜੇ ਦੇ ਕੌਂਸਲਰਾਂ ਵਿੱਚ ਧੜੇਬੰਦੀ ਭਾਰੂ

ਮੇਅਰ ਕੁਲਵੰਤ ਸਿੰਘ ਨੇ ਕੁੰਭੜਾ ਵਿੱਚ 9100 ਮੀਟਰ ਨਵੀਂ ਜਲ ਸਪਲਾਈ ਪਾਈਪਲਾਈਨ ਵਿਛਾਉਣ ਸਬੰਧੀ ਦੋ ਥਾਵਾਂ ’ਤੇ ਕੀਤੇ ਉਦਘਾਟਨ

ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਇੱਥੋਂ ਦੇ ਸੈਕਟਰ-68 ਵਿੱਚ ਸਥਿਤ ਪਿੰਡ ਕੁੰਭੜਾ ਵਿੱਚ ਮੇਅਰ ਧੜੇ ਦੇ ਕੌਂਸਲਰਾਂ ਵਿੱਚ ਧੜੇਬੰਦੀ ਉੱਭਰ ਕੇ ਸਾਹਮਣੇ ਆਈ ਹੈ। ਜਿਸ ਕਾਰਨ ਮੇਅਰ ਕੁਲਵੰਤ ਸਿੰਘ ਨੂੰ ਅੱਜ ਕੁੰਭੜਾ ਵਿੱਚ 9100 ਮੀਟਰ ਲੰਮੀਂ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਦੋ ਥਾਵਾਂ ’ਤੇ ਵੱਖੋ ਵੱਖਰੇ ਉਦਘਾਟਨ ਕਰਨੇ ਪਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁੰਭੜਾ ਵਿੱਚ ਦੋਵੇਂ ਕੌਂਸਲਰ ਹੁਣ ਮੇਅਰ ਗਰੁੱਪ ਨਾਲ ਹਨ। ਮੇਅਰ ਨੇ ਪਹਿਲਾਂ ਮਹਿਲਾ ਅਕਾਲੀ ਕੌਂਸਲਰ ਬੀਬੀ ਰਮਨਪ੍ਰੀਤ ਕੌਰ ਦੀ ਵਾਰਡ ਵਿੱਚ ਕਹੀ ਦਾ ਟੱਕ ਲਗਾ ਕੇ ਇਸ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮਗਰੋਂ ਉਨ੍ਹਾਂ ਨੇ ਕੌਂਸਲਰ ਪਹਿਲਵਾਨ ਰਵਿੰਦਰ ਸਿੰਘ ਬੈਦਵਾਨ ਦੇ ਵਾਰਡ ਵਿੱਚ ਕਹੀ ਦਾ ਟੱਕ ਲਗਾਇਆ। ਇਸ ਸਬੰਧੀ ਸ੍ਰੀ ਬੈਦਵਾਨ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਾਂਝਾ ਪ੍ਰੋਗਰਾਮ ਉਲੀਕਿਆ ਗਿਆ ਸੀ। ਲੇਕਿਨ ਮਹਿਲਾ ਕੌਂਸਲਰ ਦੇ ਪਤੀ ਨੇ ਐਨ ਮੌਕੇ ਆਪਣਾ ਵੱਖਰਾ ਪ੍ਰੋਗਰਾਮ ਉਲੀਕ ਲਿਆ।
ਗੁਰਦੁਆਰਾ ਸਾਹਿਬ ਵਿੱਚ ਸਮਾਗਮ ਸੰਬੋਧਨ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੁੰਭੜਾ ਸਮੇਤ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੁੰਭੜਾ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਅੱਜ 9100 ਮੀਟਰ ਲੰਮੀ ਨਵੀਂ ਜਲ ਸਪਲਾਈ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ’ਤੇ 1.90 ਕਰੋੜ ਰੁਪਏ ਖ਼ਰਚਾ ਆਵੇਗਾ ਅਤੇ ਨਵੀਂ ਪਾਈਪਲਾਈਨ ਦੀ 100 ਸਾਲ ਮਿਆਦ ਹੋਵੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਕੁੰਭੜਾ ਵਿੱਚ 30 ਲੱਖ ਦੀ ਲਾਗਤ ਨਾਲ ਪੇਵਰ ਬਲਾਕ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਇਸ ਤੋਂ ਪਹਿਲਾਂ 33 ਲੱਖ ਰੁਪਏ ਦੀ ਲਾਗਤ ਨਾਲ ਸਮੁੱਚੇ ਵਿੱਚ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ। ਮੇਅਰ ਨੇ ਦੱਸਿਆ ਕਿ ਪਾਈਪਲਾਈਨ ਵਿਛਾਉਣ ਦਾ ਕੰਮ ਨੇਪਰੇ ਚੜ੍ਹਦੇ ਹੀ ਕੁੰਭੜਾ ਦੀ ਪੱਕੀ ਫਿਰਨੀ ਬਣਾਈ ਜਾਵੇਗੀ। ਇਸ ਸਬੰਧੀ 90 ਲੱਖ ਰੁਪਏ ਦੇ ਐਸਟੀਮੇਟ ਪਾਸ ਕੀਤੇ ਗਏ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਹਾਈ ਸਕੂਲ ਕੁੰਭੜਾ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ 6 ਨਵੇਂ ਕਮਰੇ ਉਸਾਰੇ ਜਾਣਗੇ। ਇਸ ਕੰਮ ’ਤੇ 35 ਲੱਖ ਰੁਪਏ ਖਰਚਾ ਆਉਣ ਦੀ ਸੰਭਾਵਨਾ ਹੈ।
ਇਸ ਮੌਕੇ ਕੌਂਸਲਰ ਪਹਿਲਵਾਨ ਰਵਿੰਦਰ ਸਿੰਘ ਬੈਦਵਾਨ ਨੇ ਕੁੰਭੜਾ ਦੇ ਸਰਬਪੱਖੀ ਵਿਕਾਸ ਅਤੇ ਪਿੰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਰਸਮੀ ਸ਼ੁਰੂਆਤ ਕਰਨ ’ਤੇ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਿੱਚ ਦੋ ਦਹਾਕੇ ਪਹਿਲਾ ਪਾਣੀ ਦੀ ਸਪਲਾਈ ਲਈ ਪਾਈਆਂ ਪਾਈਪਾਂ ਕਾਫੀ ਪੁਰਾਣੀ ਹੋਣ ਕਾਰਨ ਥਾਂ ਥਾਂ ਤੋਂ ਲੀਕੇਜ ਰਹਿੰਦੀ ਸੀ। ਜਿਸ ਕਾਰਨ ਕਈ ਵਾਰ ਪਿੰਡ ਵਾਸੀਆਂ ਨੂੰ ਗੰਧਲਾ ਪਾਣੀ ਸਪਲਾਈ ਹੋਣ ਪੇਚਸ਼ ਦੀ ਬਿਮਾਰੀ ਵੀ ਫੈਲ ਚੁੱਕੀ ਹੈ। ਲੇਕਿਨ ਹੁਣ ਲੋਕਾਂ ਨੂੰ ਸ਼ੁੱਧ ਪਾਣੀ ਅਤੇ ਬੁਨਿਆਦੀ ਸਹੂਲਤਾਂ ਮਿਲਣਗੀਆਂ। ਅਕਾਲੀ ਕੌਂਸਲਰ ਸ੍ਰੀਮਤੀ ਰਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਪਿੰਡ ਵਾਸੀਆਂ ਦੀ ਕਾਫੀ ਸਮੇਂ ਤੋਂ ਲਮਕ ਰਹੀ ਮੰਗ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ ਬਾਕੀ ਰਹਿੰਦੇ ਕੰਮ ਵੀ ਜਲਦੀ ਕਰਵਾਏ ਜਾਣਗੇ।
ਇਸ ਮੌਕੇ ਕੌਂਸਲਰ ਆਰ.ਪੀ. ਸ਼ਰਮਾ, ਹਰਪਾਲ ਸਿੰਘ ਚੰਨਾ, ਗੁਰਮੀਤ ਕੌਰ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਨੰਬਰਦਾਰ ਜਸਵੀਰ ਸਿੰਘ ਸੀਰਾ, ਦਿਲਬਾਗ ਸਿੰਘ, ਸ਼ੇਰ ਸਿੰਘ ਤੇ ਜਗਦੀਸ਼ ਸਿੰਘ ਦੋਵੇਂ ਸਾਬਕਾ ਪੰਚ, ਹਰਵਿੰਦਰ ਸਿੰਘ ਅਤੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…