Nabaz-e-punjab.com

ਸਰਦੀ ਦੇ ਮੌਸਮ ਵਿੱਚ ਪਿੰਡ ਧਰਮਗੜ੍ਹ ਦੇ ਵਸਨੀਕਾਂ ਦੇ ਹਲਕ ਸੁੱਕੇ, ਪਸ਼ੂਆਂ ਨੂੰ ਵੀ ਨਹੀਂ ਮਿਲ ਰਿਹਾ ਪਾਣੀ

ਸਰਕਾਰੀ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਸੋਮਵਾਰ ਤੋਂ ਨਹੀਂ ਹੋ ਰਹੀ ਪੀਣ ਵਾਲੇ ਪਾਣੀ ਦੀ ਸਪਲਾਈ

ਪਿੰਡ ਵਾਸੀ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਨਿੱਜੀ ਟਿਊਬਵੈੱਲਾਂ ਤੋਂ ਪਾਣੀ ਭਰਨ ਲਈ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਸਰਦੀ ਦੇ ਮੌਸਮ ਵਿੱਚ ਵੀ ਇੱਥੋਂ ਦੇ ਫੇਜ਼-11 ਨੇੜਲੇ ਪਿੰਡ ਧਰਮਗੜ੍ਹ ਦੇ ਵਸਨੀਕਾਂ ਦੇ ਹਲਕ ਸੁੱਕ ਗਏ ਹਨ। ਇਹੀ ਨਹੀਂ ਪਿਛਲੇ ਤਿੰਨ ਦਿਨਾਂ ਤੋਂ ਪਸ਼ੂਆਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ ਹੈ। ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ, ਬਾਬਾ ਬਿੰਦਰ ਸਿੰਘ ਭੁੱਲਰ, ਹਰਪ੍ਰੀਤ ਸਿੰਘ ਸਿੱਧੂ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਸਰਕਾਰੀ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਸੋਮਵਾਰ ਤੋਂ ਪਿੰਡ ਵਿੱਚ ਪਾਣੀ ਦੀ ਸਪਲਾਈ ਨਹੀਂ ਹੋਈ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੀ ਪਿਆਸ ਬੁਝਾਉਣ ਸਮੇਤ ਪਸ਼ੂਆਂ ਅਤੇ ਹੋਰ ਲੋੜਾਂ ਪੁਰੀ ਕਰਨ ਲਈ ਕਿਸਾਨਾਂ ਦੇ ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਲਗਾਏ ਨਿੱਜੀ ਟਿਊਬਵੈੱਲਾਂ ਤੋਂ ਪਾਣੀ ਢੋਹਣਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਅਚਾਨਕ ਸਰਕਾਰੀ ਟਿਊਬਵੈੱਲ ਦੀ ਮੋਟਰ ਖ਼ਰਾਬ ਹੋ ਗਈ ਸੀ। ਇਸ ਸਬੰਧੀ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਅਤੇ ਸਬੰਧਤ ਅਮਲੇ ਨੇ ਮੌਕੇ ’ਤੇ ਜਾਇਜ਼ਾ ਲਿਆ ਅਤੇ ਸ਼ਾਮ ਨੂੰ ਮੋਟਰ ਖੋਲ੍ਹ ਕੇ ਆਪਣੇ ਨਾਲ ਲੈ ਗਏ ਲੇਕਿਨ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਮੋਟਰ ਠੀਕ ਨਹੀਂ ਹੋਈ। ਜਿਸ ਕਾਰਨ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਉਨ੍ਹਾਂ ਕਿਹਾ ਕਿ ਮੋਟਰ ਖ਼ਰਾਬ ਹੋਣ ਕਾਰਨ ਸਵੱਛ ਭਾਰਤ ਮੁਹਿੰਮ ’ਤੇ ਮਾੜਾ ਅਸਰ ਪਿਆ ਹੈ। ਕਿਉਂਕਿ ਟੈਂਕੀਆਂ ਵਿੱਚ ਪਾਣੀ ਨਾ ਹੋਣ ਕਾਰਨ ਲੋਕਾਂ ਨੂੰ ਜੰਗਲ ਪਾਣੀ ਲਈ ਖੁੱਲ੍ਹੇ ਵਿੱਚ ਜਾਣਾ ਪੈ ਰਿਹਾ ਹੈ ਅਤੇ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਅੌਰਤਾਂ ਨੂੰ ਕਰਨਾ ਪੈ ਰਿਹਾ ਹੈ। ਬਰਤਨ ਅਤੇ ਕੱਪੜੇ ਧੌਣ ਲਈ ਪਾਣੀ ਨਹੀਂ ਮਿਲ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਧਰਮਗੜ੍ਹ ਵਿੱਚ ਕਾਫੀ ਅਰਸਾ ਪਹਿਲਾਂ ਸਰਕਾਰੀ ਟਿਊਬਵੈੱਲ ਲਗਾਇਆ ਗਿਆ ਸੀ ਲੇਕਿਨ ਹੁਣ ਧਰਤੀ ਹੇਠਾਂ ਪਾਣੀ ਕਾਫੀ ਡੂੰਘਾ ਚਲਾ ਗਿਆ ਹੈ। ਜਿਸ ਕਾਰਨ ਪੁਰਾਣੀ ਮਸ਼ੀਨਰੀ ਲੋੜ ਅਨੁਸਾਰ ਪਾਣੀ ਨਹੀਂ ਕੱਢ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਨਵੇਂ ਸਿਰਿਓਂ ਡੂੰਘਾ ਟਿਊਬਵੈੱਲ ਕਰਕੇ ਆਧੁਨਿਕ ਮਸ਼ੀਨਰੀ ਫਿੱਟ ਕੀਤੀ ਜਾਵੇ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਨੇ ਪਹਿਲਾਂ ਤਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਲੇਕਿਨ ਬਾਅਦ ਵਿੱਚ ਫੀਲਡ ਸਟਾਫ਼ ਤੋਂ ਮੁੱਢਲੀ ਜਾਣਕਾਰੀ ਹਾਸਲ ਮਗਰੋਂ ਦੱਸਿਆ ਕਿ ਪਿੰਡ ਧਰਮਗੜ੍ਹ ਵਿੱਚ ਸਰਕਾਰੀ ਟਿਊਬਵੈੱਲ ਦੀ ਮੋਟਰ ਅਚਾਨਕ ਖ਼ਰਾਬ ਹੋ ਗਈ ਸੀ। ਜਿਸ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਮੋਟਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਭਲਕੇ ਵੀਰਵਾਰ ਨੂੰ ਮੋਟਰ ਲਗਾ ਕੇ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…