Share on Facebook Share on Twitter Share on Google+ Share on Pinterest Share on Linkedin ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਨੇ ਨਸ਼ਾ ਤਸਕਰ ਤੇ ਦੋ ਨਸ਼ੇੜੀ ਫੜ ਕੇ ਕੀਤੇ ਪੁਲੀਸ ਹਵਾਲੇ ਸੂਚਨਾ ਦੇਣ ਬਾਵਜੂਦ ’ਤੇ ਮੌਕੇ ’ਤੇ ਨਹੀਂ ਪੁੱਜੀ ਪੁਲੀਸ, ਪਿੰਡ ਵਾਸੀ ਟਰਾਲੀ ਵਿੱਚ ਲੱਦ ਕੇ ਖ਼ੁਦ ਥਾਣੇ ਲੈ ਕੇ ਪੁੱਜੇ 3 ਨੌਜਵਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੀਤਾ ਪੁਲੀਸ ਨੂੰ ਫੋਨ, ਹਾਲੇ ਤੱਕ ਨਹੀਂ ਹੋਈ ਕਾਰਵਾਈ, ਪੁਲੀਸ ਵੱਲੋਂ ਜਾਂਚ ਜਾਰੀ: ਐਸਐਚਓ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ: ਮੁਹਾਲੀ ਨੇੜਲੇ ਪਿੰਡਾਂ ਵਿੱਚ ਨੌਜਵਾਨਾਂ ਦੀ ਟੋਲੀ ਵੱਲੋਂ ਸ਼ਰ੍ਹੇਆਮ ਨਸ਼ਾ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਨਜ਼ਦੀਕੀ ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਨੇ ਪਹਿਲਕਦਮੀ ਕਰਦਿਆਂ ਅੱਜ ਤਿੰਨ ਨੌਜਵਾਨਾਂ ਨੂੰ ਫੜ ਕੇ ਸੋਹਾਣਾ ਪੁਲੀਸ ਦੇ ਹਵਾਲੇ ਕੀਤਾ ਹੈ। ਰੰਗੇ ਹੱਥੀ ਕਾਬੂ ਕੀਤੇ ਇਨ੍ਹਾਂ ਨੌਜਵਾਨਾਂ ’ਚੋਂ ਇਕ ਨਸ਼ਾ ਤਸਕਰ ਹੈ। ਜਿਸ ਨੇ ਲੋਕਾਂ ਦੀ ਮੌਜੂਦਗੀ ਵਿੱਚ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਹ ਅੰਬਾਲਾ ’ਚੋਂ ਨਸ਼ੇ ਦੀਆਂ ਗੋਲੀਆਂ, ਸ਼ੀਸ਼ੀਆਂ ਅਤੇ ਟੀਕੇ ਲਿਆ ਕੇ ਪਿੰਡਾਂ ਵਿੱਚ 400 ਤੋਂ 500 ਰੁਪਏ ਵਿੱਚ ਵੇਚਦਾ ਹੈ। ਜਿਸ ਕਿਸੇ ਨੂੰ ਨਸ਼ਿਆਂ ਦੀ ਜ਼ਿਆਦਾ ਤੋੜ ਲੱਗੀ ਹੋਵੇ ਉਹ 600 ਰੁਪਏ ਤੱਕ ਦੇਣ ਨੂੰ ਵੀ ਰਾਜ਼ੀ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਲੇਕਿਨ ਸੂਚਨਾ ਮਿਲਣ ਦੇ ਬਾਵਜੂਦ ਕੋਈ ਪੁਲੀਸ ਕਰਮਚਾਰੀ ਮੌਕੇ ’ਤੇ ਨਹੀਂ ਪੁੱਜਾ। ਇਹੀ ਨਹੀਂ ਲੋਕਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਪਹੁੰਚ ਕੀਤੀ ਅਤੇ ਨਸ਼ਾ ਤਸਕਰ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਵੀ ਪੁਲੀਸ ਨੂੰ ਫੋਨ ਕੀਤਾ ਲੇਕਿਨ ਬਾਅਦ ਵਿੱਚ ਪਿੰਡ ਵਾਸੀਆਂ ਨੇ ਟਰਾਲੀ ਵਿੱਚ ਉਕਤ ਨੌਜਵਾਨਾਂ ਨੂੰ ਸੋਹਾਣਾ ਥਾਣੇ ਵਿੱਚ ਲਿਜਾ ਕੇ ਪੁਲੀਸ ਦੇ ਸਪੁਰਦ ਕੀਤੇ ਗਏ। ਕੁਝ ਦਿਨ ਪਹਿਲਾਂ ਵੀ ਰਾਏਪੁਰ ਕਲਾਂ ਵਿੱਚ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਸਾਲ ਪਹਿਲਾਂ ਉਸ ਦੇ ਛੋਟੇ ਭਰਾ ਦੀ ਮੌਤ ਵੀ ਨਸ਼ੇ ਦੀ ਓਵਰਡੋਜ ਨਾਲ ਹੋਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਘਰਾਂ ਦੇ ਕਾਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਉਨ੍ਹਾਂ ਦਾ ਬੂਰਾ ਹਾਲ ਹੈ। ਇਕੱਤਰ ਜਾਣਕਾਰੀ ਅਨੁਸਾਰ ਅੱਜ ਨੇੜਲੇ ਪਿੰਡ ਸ਼ਾਮਪੁਰ ਦਾ ਇਕ ਨੌਜਵਾਨ ਪਿੰਡ ਰਾਏਪੁਰ ਕਲਾਂ ਵਿੱਚ ਨਸ਼ੇ ਦੇ ਟੀਕੇ ਵੇਚਣ ਲਈ ਆਪਣੇ ਪੱਕੇ ਗਾਹਕਾਂ ਦੀ ਭਾਲ ਵਿੱਚ ਸੀ। ਸ਼ੱਕ ਪੈਣ ’ਤੇ ਪਿੰਡ ਵਾਸੀਆਂ ਨੂੰ ਉਸ ਨੂੰ ਘੇਰਾ ਪਾ ਕੇ ਫੜ ਲਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਟੀਕਾ ਅਤੇ ਸਰਿੰਜ ਬਰਾਮਦ ਹੋਈ। ਉਸ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਕੋਲ ਮੰਨਿਆਂ ਉਹ ਅੰਬਾਲਾ ਤੋਂ ਨਸ਼ੇ ਪੱਤਾ ਲਿਆ ਕੇ ਆਪਣੇ ਪਿੰਡਾਂ ਵਿੱਚ ਵੇਚਦਾ ਹੈ। ਪਿੰਡ ਵਾਸੀ ਹਾਲੇ ਨੌਜਵਾਨ ਤੋਂ ਪੁੱਛਗਿੱਛ ਕਰ ਹੀ ਰਹੇ ਸੀ ਕਿ ਏਨੇ ਵਿੱਚ ਕਾਬੂ ਕੀਤੇ ਨੌਜਵਾਨ ਦੇ ਫੋਨ ’ਤੇ ਨਸ਼ੇੜੀਆਂ ਦੀਆਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ। ਮੋਬਾਈਲ ਦਾ ਫੋਨ ਸਪੀਕਰ ਆਨ ਕੇ ਲੋਕਾਂ ਨੇ ਖ਼ੁਦ ਫੋਨ ਸੁਣਿਆ ਤਾਂ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਪਿੰਡ ਨਿਆਮੀਆਂ ਦਾ ਦੱਸਦਿਆਂ ਕਿਹਾ ਕਿ ਜਲਦੀ ਸਮਾਨ (ਨਸ਼ਾ) ਮੁਹੱਈਆ ਕਰੋ। ਪਿੰਡ ਵਾਸੀ ਨੇ ਖ਼ੁਦ ਨਸ਼ਾ ਤਸਕਰ ਬਣ ਕੇ ਗੱਲ ਕੀਤੀ ਅਤੇ ਉਸ ਪਿੰਡ ਨੇੜਿਓਂ ਲੰਘਦੀ ਰੇਲਵੇ ਲਾਈਨ ਕੋਲ ਬੁਲਾ ਲਿਆ। ਜਿਵੇਂ ਹੀ ਨੌਜਵਾਨ ਨਸ਼ੇ ਦੀ ਡਿਮਾਂਡ ਕੀਤੀ ਤਾਂ ਪਿੱਛੇ ਛੁਪ ਕੇ ਬੈਠੇ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਮਗਰੋਂ ਪਿੰਡ ਲਾਂਡਰਾਂ ਦੇ ਨੌਜਵਾਨ ਦਾ ਫੋਨ ਆਇਆ। ਉਸ ਨੇ ਨਸ਼ਾ ਮੰਗਿਆ। ਜਿਸ ਨੂੰ ਵੀ ਪਿੰਡ ਦੇ ਬੱਸ ਅੱਡੇ ਕੇ ਸੱਦ ਲਿਆ। ਜਿਵੇਂ ਹੀ ਨੌਜਵਾਨ ਨੇ ਨਸ਼ੇ ਦਾ ਟੀਕੇ ਲੈਣ ਲਈ 500 ਦਾ ਨੋਟ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਫੜ ਲਿਆ ਅਤੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਪਿੰਡ ਦੀ ਸੱਥ ਵਿੱਚ ਇਕੱਠਾ ਕਰਕੇ ਕਰਾਸ ਪੁੱਛਗਿੱਛ ਕੀਤੀ। ਪਿੰਡ ਨਿਆਮੀਆਂ ਅਤੇ ਲਾਂਡਰਾਂ ਦੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਕੋਈ ਨਸ਼ਾ ਨਹੀਂ ਵੇਚਦੇ ਹਨ। ਸਿਰਫ਼ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਸ਼ਾਮਪੁਰ ਦਾ ਨੌਜਵਾਨ ਹੀ ਨਸ਼ੇ ਲਿਆ ਕੇ ਦਿੰਦਾ ਹੈ। (ਬਾਕਸ ਆਈਟਮ) ਉਧਰ, ਯੁਵਕ ਸੇਵਾਵਾਂ ਕਲੱਬ ਪਿੰਡ ਰਾਏਪੁਰ ਕਲਾਂ ਦੇ ਪ੍ਰਧਾਨ ਰਜਿੰਦਰ ਸਿੰਘ ਅਤੇ ਬਲਾਕ ਸਮਿਤੀ ਦੀ ਮੈਂਬਰ ਬੀਬੀ ਕਰਮਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀਆਂ ਬਾਂਹਾਂ ਨਸ਼ੇ ਦੇ ਟੀਕੇ ਲਗਾਉਣ ਨਾਲ ਸੂਜੀਆਂ ਹੋਈਆਂ ਸਨ ਅਤੇ ਕਾਫੀ ਥਾਵਾਂ ’ਤੇ ਟੀਕੇ ਲਗਾਉਣ ਦੇ ਜ਼ਖ਼ਮ ਸਨ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਨੌਜਵਾਨਾਂ ਨੂੰ ਮੌਤ ਦੇ ਮੂੰਹ ’ਚ ਜਾਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਪ੍ਰਸ਼ਾਸਨ ਨੂੰ ਹਰ ਪੱਖੋ ਸਹਿਯੋਗ ਦੇਣ ਲਈ ਤਿਆਰ ਹਨ। (ਬਾਕਸ ਆਈਟਮ) ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਵੱਲੋਂ ਤਿੰਨ ਨੌਜਵਾਨ ਪੁਲੀਸ ਦੇ ਸਪੁਰਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਅਤੇ ਉਨ੍ਹਾਂ ਵੱਲੋਂ ਕਾਬੂ ਕੀਤੇ ਨੌਜਵਾਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਥਾਣਾ ਮੁਖੀ ਨੂੰ ਜਦੋਂ ਸੂਚਨਾ ਮਿਲਣ ਦੇ ਬਾਵਜੂਦ ਮੌਕੇ ’ਤੇ ਨਾ ਪੁੱਜਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੂਚਨਾ ਮਿਲਣ ’ਤੇ ਪੁਲੀਸ ਕਰਮਚਾਰੀ ਪਿੰਡ ਗਏ ਸੀ ਪ੍ਰੰਤੂ ਉਹ ਗਲਤ ਪਤੇ ’ਤੇ ਪਹੁੰਚ ਗਏ ਜਦੋਂ ਅਸਲ ਟਿਕਾਣੇ ਦਾ ਪਤਾ ਕਰਕੇ ਉੱਥੇ ਪੁੱਜੇ ਤਾਂ ਪਿੰਡ ਵਾਸੀ ਨੌਜਵਾਨਾਂ ਨੂੰ ਲੈ ਕੇ ਥਾਣੇ ਆ ਗਏ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ