
ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਕੁਲਜੀਤ ਬੇਦੀ ਦੇ ਕੰਮਾਂ ਦੀ ਸ਼ਲਾਘਾ, ਸਨਮਾਨਿਤ ਕੀਤਾ
ਐਸੋਸੀਏਸ਼ਨ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕੁਲਜੀਤ ਬੇਦੀ ਨੂੰ ਮੁੜ ਜਿਤਾਉਣ ਦਾ ਭਰੋਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ:
ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਫੇਜ਼ 3ਬੀ2 ਵੱਲੋਂ ਨਗਰ ਨਿਗਮ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਵੱਲੋਂ ਬਤੌਰ ਕੌਂਸਲਰ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਡੀ.ਐੱਸ. ਚੰਢੋਕ ਤੇ ਸੀਨੀਅਰ ਅਹੁਦੇਦਾਰ ਐੱਮ.ਐੱਲ. ਪੰਘੋਤਰਾ ਦੀ ਅਗਵਾਈ ਵਿੱਚ ਹੋਈ ਇੱਕ ਮੀਟਿੰਗ ਵਿੱਚ ਸ੍ਰੀ ਬੇਦੀ ਨੂੰ ਸਿਰੋਪਾ ਭੇਂਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਉਨ੍ਹਾਂ ਨੂੰ ਫਿਰ ਜਿਤਾ ਕੇ ਵਾਰਡ ਨੰਬਰ 8 ਦੀ ਬਤੌਰ ਕੌਂਸਲਰ ਸੇਵਾ ਸੰਭਾਲੀ ਜਾਵੇਗੀ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚ ਜੀ.ਪੀ.ਐੱਸ. ਗਿੱਲ, ਮਨਜੀਤ ਸਿੰਘ, ਰਣਜੋਧ ਸਿੰਘ, ਕਰਨਲ ਅੰਗਦ ਸਿੰਘ, ਦੀਪ ਇੰਦਰ ਸਿੰਘ ਸ਼ਾਹ, ਐਸ.ਐਸ. ਸੋਂਧੀ, ਮਨਮੋਹਨ ਸਿੰਘ, ਜਤਿੰਦਰ ਸਿੰਘ ਭੱਟੀ, ਪਰਮਜੀਤ ਸਿੰਘ, ਰਵਿੰਦਰ ਬਾਂਸਲ ਆਦਿ ਨੇ ਕਿਹਾ ਕਿ ਸ੍ਰੀ ਬੇਦੀ ਵੱਲੋਂ ਪਿਛਲੇ 15 ਸਾਲਾਂ ਦੌਰਾਨ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਵਾਰਡ ਦੇ ਹਰੇਕ ਖੇਤਰ ਵਿੱਚ ਵਿਕਾਸ ਕਾਰਜ ਕਰਵਾਏ ਅਤੇ ਲੋਕਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਦੁੱਖ ਤਕਲੀਫ਼ਾਂ ਵਿੱਚ ਨਾਲ ਖੜ੍ਹਦੇ ਹਨ। ਉਨ੍ਹਾਂ ਦੀ ਆਪਣੇ ਵਾਰਡ ਪ੍ਰਤੀ ਅਤੇ ਪੂਰੇ ਸ਼ਹਿਰ ਦੇ ਲੋਕਹਿਤਾਂ ਲਈ ਕੀਤੇ ਗਏ ਕੰਮਾਂ ਦੀ ਲਿਸਟ ਕਾਫ਼ੀ ਲੰਬੀ ਹੈ ਅਤੇ ਪੂਰੇ ਮੋਹਾਲੀ ਸ਼ਹਿਰ ਵਿੱਚ ਉਨ੍ਹਾਂ ਦੇ ਕੰਮਾਂ ਦੀ ਤਾਰੀਫ਼ ਹੁੰਦੀ ਹੈ।
ਪ੍ਰਧਾਨ ਡੀ.ਐਸ. ਚੰਢੋਕ ਅਤੇ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਐਮ.ਐਲ. ਪੰਘੋਤਰਾ ਅਤੇ ਹੋਰਨਾਂ ਅਹੁਦੇਦਾਰਾਂ ਨੇ ਵਾਰਡ ਨੰਬਰ 8 (ਫੇਜ਼ 3ਬੀ2) ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਸ੍ਰ. ਕੁਲਜੀਤ ਸਿੰਘ ਬੇਦੀ ਨੂੰ ਵੱਡੀ ਲੀਡ ਨਾਲ ਮੁੜ ਜਿਤਾ ਕੇ ਉਨ੍ਹਾਂ ਵੱਲੋਂ ਕੀਤੇ ਹੋਏ 15 ਸਾਲਾਂ ਦੇ ਕੰਮਾਂ ਦਾ ਮੁੱਲ ਮੋੜਨ।
ਇਸ ਮੌਕੇ ਸ੍ਰ. ਬੇਦੀ ਨੇ ਐਸੋਸੀਏਸ਼ਨ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੇ ਵਾਰਡ ਦੇ ਲੋਕਾਂ ਅਤੇ ਐਸੋਸੀਏਸ਼ਨਾਂ ਵੱਲੋਂ ਮਿਲ ਰਹੇ ਮੁੜ ਸਹਿਯੋਗ ਸਦਕਾ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਜਿੱਤ ਉਪਰੰਤ ਉਹ ਫਿਰ ਤੋਂ ਤਨੋਂ ਮਨੋਂ ਆਪਣੇ ਵਾਰਡ ਦੀ ਸੇਵਾ ਕਰਨਗੇ।