
ਮੁਹਾਲੀ ਦੇ ਵਿਕਾਸ ਲਈ 60.64 ਕਰੋੜ ਦੇ ਮਤੇ ਪਾਸ, ਵਿਰੋਧੀ ਧਿਰ ਵੱਲੋਂ ਪੱਖਪਾਤ ਦਾ ਦੋਸ਼
ਸੈਕਟਰ-78 ਵਿੱਚ ਬਣੇਗਾ ਨਵਾਂ ਫਾਇਰ ਸਟੇਸ਼ਨ, ਬੀ ਸੜਕਾਂ ਦੀ ਹੋਵੇਗੀ ਮਸ਼ੀਨੀ ਸਫ਼ਾਈ
ਸਫ਼ਾਈ ਕਰਮਚਾਰੀਆਂ ਲਈ ਸਾਜੋ ਸਾਮਾਨ ਤੇ ਮਸ਼ੀਨਰੀ ਖ਼ਰੀਦਣ ਲਈ 2.64 ਕਰੋੜ ਦੇ ਮਤੇ ਨੂੰ ਦਿੱਤੀ ਮਨਜ਼ੂਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਮੁਹਾਲੀ ਨਗਰ ਨਿਗਮ ਦੀ ਅੱਜ ਬਾਅਦ ਦੁਪਹਿਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 21 ਕਰੋੜ ਦੇ ਮਤੇ ਬਹੁਸੰਮਤੀ ਨਾਲ ਧੜਾਧੜ ਪਾਸ ਕੀਤੇ ਗਏ ਅਤੇ ਮਹਿਜ਼ 10 ਤੋਂ 15 ਮਿੰਟਾਂ ਵਿੱਚ ਮੀਟਿੰਗ ਦੀ ਕਾਰਵਾਈ ਨੂੰ ਸਮੇਟ ਦਿੱਤਾ ਗਿਆ। ਅਖੀਰਲੇ ਪੜਾਅ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ ਸੈਣੀ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ ਅਤੇ ਰਾਜਬੀਰ ਕੌਰ ਗਿੱਲ ਵੱਲੋਂ ਉਨ੍ਹਾਂ ਦੇ ਵਾਰਡਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਉਂਦਿਆਂ ਹਾਊਸ ਵਿੱਚ ਜਵਾਬ ਮੰਗਿਆ ਗਿਆ ਪ੍ਰੰਤੂ ਮੇਅਰ ਅਤੇ ਉਨ੍ਹਾਂ ਦੇ ਸਾਥੀ ਕੌਂਸਲਰ ਆਪੋ ਆਪਣੀਆਂ ਸੀਟਾਂ ਤੋਂ ਉੱਠ ਕੇ ਹਾਊਸ ’ਚੋਂ ਬਾਹਰ ਚਲੇ ਗਏ। ਪਿਛਲੀ ਮੀਟਿੰਗ ਵਿੱਚ ਵੀ ਵਿਰੋਧੀ ਧਿਰ ਨੇ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ। ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਵਾਰਡ ਵਿੱਚ ਡੇਢ ਸਾਲ ਪਹਿਲਾਂ ਵਿਕਾਸ ਕੰਮਾਂ ਦੇ ਵਰਕ ਆਰਡਰ ਜਾਰੀ ਹੋਏ ਸੀ ਪਰ ਹੁਣ ਤੱਕ ਕੰਮ ਸ਼ੁਰੂ ਨਹੀਂ ਕੀਤੇ ਗਏ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਨਾਜਾਇਜ਼ ਰੇਹੜੀ-ਫੜੀ ਅਤੇ ਹੋਰ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਦਿਆਂ ਮੇਅਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਦਿੱਤੀ (ਜਿਸ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਲਈ ਸਮਾਂਬੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ)। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਅਦਾਲਤੀ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਮੇਅਰ ਜੀਤੀ ਸਿੱਧੂ ਨੇ ਅਦਾਲਤੀ ਹੁਕਮਾਂ ਦੀ ਕਾਪੀ ਨਾਲ ਬੈਠੇ ਅਧਿਕਾਰੀ ਨੂੰ ਫੜਾ ਦਿੱਤੀ। ਜਿਨ੍ਹਾਂ ਨੇ 20 ਦਿਨਾਂ ਵਿੱਚ ਬਣਦੀ ਕਾਰਵਾਈ ਮੁਕੰਮਲ ਕਰਨ ਦਾ ਭਰੋਸਾ ਦਿੱਤਾ।
ਸੈਕਟਰ-76 ਤੋਂ 80 ਦੇ ਵਿਕਾਸ ਕਾਰਜਾਂ ’ਤੇ 18 ਕਰੋੜ ਰੁਪਏ ਅਤੇ ਸੈਕਟਰ-78 ਵਿੱਚ ਤਿੰਨ ਕਰੋੜ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਫਾਇਰ ਸਟੇਸ਼ਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। ਨਗਰ ਨਿਗਮ ਵੱਲੋਂ ਮੈਨੂਅਲ ਸਫ਼ਾਈ ਲਈ ਭਰਤੀ ਕੀਤੇ ਜਾਣ ਵਾਲੇ 1 ਹਜ਼ਾਰ ਮੁਲਾਜ਼ਮਾਂ ਲਈ ਬੂਟ, ਦਸਤਾਨੇ, ਵਰਦੀਆਂ, ਰੇਹੜੀਆਂ, ਟਰਾਲੀਆਂ ਅਤੇ ਹੋਰ ਸਾਮਾਨ ਖ਼ਰੀਦਣ ਲਈ 2 ਕਰੋੜ 64 ਲੱਖ ਰੁਪਏ ਰੱਖੇ ਗਏ ਹਨ। ਇਹ ਮਤਾ ਟੇਬਲ ਆਈਟਮ ਰਾਹੀਂ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਮਤੇ ਰਾਹੀਂ ਸ਼ਹਿਰ ਦੀਆਂ ਬੀ-ਸੜਕਾਂ ਦੀ ਮਕੈਨੀਕਲ ਸਵੀਪਿੰਗ ਦਾ ਕੰਮ ਠੇਕੇ ’ਤੇ ਦੇਣ ਲਈ ਮਤਾ ਪੇਸ਼ ਕੀਤਾ ਗਿਆ। ਸੁਖਦੇਵ ਸਿੰਘ ਪਟਵਾਰੀ ਨੇ ਇਸ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਬੀ-ਸੜਕਾਂ ’ਤੇ ਮਸ਼ੀਨੀ ਸਫ਼ਾਈ ਲਈ ਠੇਕੇਦਾਰ ਨੂੰ ਸਰਕਾਰੀ ਖਜ਼ਾਨਾ ਲੁਟਾਉਣ ਦੀ ਲੋੜ ਨਹੀਂ ਹੈ ਕਿਉਂਕਿ ਵਾਹਨ ਪਾਰਕਿੰਗ ਦੀ ਸਮੱਸਿਆ ਦੇ ਚੱਲਦਿਆਂ ਅੰਦਰਲੀ ਸੜਕਾਂ ਦੇ ਦੋਵੇਂ ਪਾਸੇ ਘਰਾਂ ਦੇ ਬਾਹਰ ਵਾਹਨ ਖੜੇ ਹੁੰਦੇ ਹਨ। ਉੱਥੇ ਮਸ਼ੀਨੀ ਸਫ਼ਾਈ ਕਾਮਯਾਬ ਨਹੀਂ ਹੋਵੇਗੀ। ਲਿਹਾਜ਼ਾ ਬੀ-ਸੜਕਾਂ ਦੀ ਮੈਨੂਅਲ ਸਫ਼ਾਈ ਕੀਤੀ ਜਾਵੇਗੀ। ਇਸ ਪਹਿਲਾਂ ਤੋਂ ਸ਼ਹਿਰ ਦੀਆਂ ਏ-ਸੜਕਾਂ ਦੀ ਮਸ਼ੀਨੀ ਸਫ਼ਾਈ ਕੀਤੀ ਜਾਂਦੀ ਹੈ ਅਤੇ ਹੁਣ ਬੀ-ਸੜਕਾਂ ਦੀ ਵੀ ਵਾਲ-ਟੂ-ਵਾਲ ਸਵੀਪਿੰਗ ਦਾ ਕੰਮ ਮਕੈਨੀਕਲ ਤੌਰ ’ਤੇ ਕਰਵਾਇਆ ਜਾਵੇਗਾ। ਇਸ ਕੰਮ ’ਤੇ ਤਿੰਨ ਸਾਲਾਂ ਲਈ 37 ਕਰੋੜ ਖ਼ਰਚ ਕੀਤੇ ਜਾਣਗੇ।

ਮੀਟਿੰਗ ਵਿੱਚ ਟੈਕਸੀ ਸਟੈਂਡਾਂ ਦੀ ਨੀਤੀ ਅਤੇ ਗਰੀਨ ਬੈਲਟਾਂ ਦੇ ਰੱਖ-ਰਖਾਓ ਦੀ ਨੀਤੀ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਕਈ ਕੌਂਸਲਰਾਂ ਨੇ ਟੈਕਸੀ ਗੱਡੀਆਂ ਦੀ ਫੀਸ ਘਟਾਉਣ ਤੇ ਨੀਯਤ ਕੀਤੀਆਂ ਘੱਟੋ-ਘੱਟ 10 ਟੈਕਸੀ ਗੱਡੀਆਂ ਦੀ ਗਿਣਤੀ ਘਟਾਉਣ ’ਤੇ ਜ਼ੋਰ ਦਿੱਤਾ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਸੋਧ ਕਰਨ ਦੇ ਅਧਿਕਾਰ ਮੇਅਰ ਨੂੰ ਦੇਣ ਲਈ ਕਿਹਾ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਮੀਟਿੰਗ ਸ਼ੁਰੂ ਤੋਂ ਪਹਿਲਾਂ ਕੌਂਸਲਰ ਬਲਰਾਜ ਕੌਰ ਧਾਲੀਵਾਲ ਦੇ ਸਹੁਰਾ ਕਰੋੜਾ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।