ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਰੌਲੇ-ਰੱਪੇ ਦੌਰਾਨ ਸਾਰੇ ਮਤੇ ਸਰਬਸੰਮਤੀ ਨਾਲ ਪਾਸ

ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵਿਰੋਧੀ ਧਿਰ ਨੇ ਮਕੈਨੀਕਲ ਸਫ਼ਾਈ ਅਤੇ ਠੇਕੇਦਾਰਾਂ ਤੋਂ ਕਥਿਤ ਕਮਿਸ਼ਨ ਲੈਣ ਦੇ ਦੋਸ਼ ਲਗਾਉਣ ਕਾਰਨ ਹਾਊਸ ਵਿੱਚ ਕਾਫ਼ੀ ਕਾਫ਼ੀ ਹੰਗਾਮਾ ਹੋਇਆ। ਇਸ ਰੌਲਾ ਰੱਪੇ ਦੌਰਾਨ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੌਂਸਲਰ ਸੁਖਦੇਵ ਸਿੰਘ ਪਟਵਾਰੀ ਸਮੇਤ ਹੋਰ ਵੱਖ-ਵੱਖ ਕੌਂਸਲਰਾਂ ਨੇ ਸ਼ਹਿਰ ਵਿੱਚ ਸਫ਼ਾਈ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੰਦਰੂਨੀ ਸੜਕਾਂ ਦੀ ਸਫ਼ਾਈ ਕਰਨ ਵਾਲੇ ਕਰਮਚਾਰੀ ਮੁੱਖ ਸੜਕਾਂ ’ਤੇ ਲਾਏ ਗਏ ਹਨ। ਜਿਸ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਮਾੜਾ ਅਸਰ ਪੈ ਰਿਹਾ ਹੈ।
ਜਿਸ ਦਾ ਜਵਾਬ ਦਿੰਦਿਆਂ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਸਮੇਂ ਸਿਰ ਨਾ ਹੋਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ। ਉਂਜ ਪਤਝੜ ਕਾਰਨ ਰੁੱਖਾਂ ਤੋਂ ਵੱਡੀ ਗਿਣਤੀ ਵਿੱਚ ਸੁੱਕੇ ਪੱਤੇ ਟੁੱਟ ਕੇ ਜ਼ਮੀਨ ’ਤੇ ਡਿੱਗ ਪਏ ਸਨ। ਮੁੱਖ ਸੜਕਾਂ ਦੀ ਸਫ਼ਾਈ ਬੇਹੱਦ ਜ਼ਰੂਰੀ ਸੀ, ਇਸ ਕਰਕੇ ਕਰਮਚਾਰੀਆਂ ਨੂੰ ਸ਼ਿਫ਼ਟ ਕਰਕੇ ਸੜਕਾਂ ਦੀ ਸਫ਼ਾਈ ’ਤੇ ਲਾਇਆ ਗਿਆ ਹੈ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਦੋਸ਼ ਲਾਇਆ ਕਿ ਸਫ਼ਾਈ ਠੇਕੇ ਵਿੱਚ ਵੱਡੇ ਪੱਧਰ ’ਤੇ ਕਥਿਤ ਭ੍ਰਿਸ਼ਟਾਚਾਰ ਹੁੰਦਾ ਹੈ ਅਤੇ ਵੱਖ-ਵੱਖ ਅਫ਼ਸਰਾਂ ਨੂੰ ਕਮਿਸ਼ਨ ਵੰਡਿਆ ਜਾਂਦਾ ਹੈ। ਇਨ੍ਹਾਂ ਦੋਸ਼ਾਂ ਬਾਰੇ ਮੇਅਰ ਜੀਤੀ ਸਿੱਧੂ ਨੇ ਮਨਜੀਤ ਸੇਠੀ ਨੂੰ ਲਿਖਤੀ ਸ਼ਿਕਾਇਤ ਦੇਣ ਦੀ ਗੱਲ ਆਖੀ ਪ੍ਰੰਤੂ ਸੇਠੀ ਦਾ ਕਹਿਣਾ ਸੀ ਕਿ ਜਦੋਂ ਉਹ ਹਾਊਸ ਵਿੱਚ ਇਹ ਮੁੱਦਾ ਚੁੱਕ ਰਹੇ ਹਨ ਤਾਂ ਸਾਰਾ ਕੁੱਝ ਆਨ ਰਿਕਾਰਡ ਹੋ ਜਾਂਦਾ ਹੈ ਅਤੇ ਮੇਅਰ ਨੂੰ ਖ਼ੁਦ ਇਸ ਦਾ ਨੋਟਿਸ ਲੈ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਮੇਅਰ ਨੇ ਕਿਹਾ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਇਨ੍ਹਾਂ ਵਿੱਚ ਕੋਈ ਦਮ ਨਹੀਂ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਅੱਜ ਮੈਕੇਨਾਈਜ਼ਡ ਸਵੀਪਿੰਗ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਕੰਮ ਦਾ ਵਰਕ ਆਰਡਰ ਜਾਰੀ ਹੋਣ ਨਾਲ ਇਸ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਫਿਲਹਾਲ ਬਦਲਵੇਂ ਪ੍ਰਬੰਧ ਵਜੋਂ ਸਫ਼ਾਈ ਕਰਮਚਾਰੀ ਆਊਟਸੋਰਸਿੰਗ ’ਤੇ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਗਮਾਡਾ ਵੱਲੋਂ ਸ਼ਹਿਰ ਵਿੱਚ ਬਣਾਈਆਂ ਗਈਆਂ ਨਵੀਆਂ ਸੜਕਾਂ ਨੂੰ ਨਗਰ ਨਿਗਮ ਅਧੀਨ ਲੈਣ ਦਾ ਮਤਾ ਪਾਸ ਕੀਤਾ ਗਿਆ ਹੈ। ਇੰਜ ਹੀ ਮੁਹਾਲੀ ਵਿੱਚ ਮੱਛਰਾਂ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਖਾਸਕਰ ਡੇਂਗੂ ਤੋ ਬਚਾਅ ਲਈ ਸਰਕਾਰ ਵੱਲੋਂ ਬਣਾਏ ਗਏ ਬਾਇਲਾਜ ਪਾਸ ਕੀਤੇ ਗਏ ਹਨ। ਇਸ ਦੇ ਤਹਿਤ ਜੇਕਰ ਨਿਯਮਾਂ ਦੀ ਉਲੰਘਣਾ ਕਰਕੇ ਰਿਹਾਇਸ਼ੀ, ਕਮਰਸ਼ੀਅਲ ਜਾਂ ਉਸਾਰੀ ਅਧੀਨ ਇਮਾਰਤਾਂ ਵਿੱਚ ਮੱਛਰ ਪਨਪਦਾ ਹੈ ਤਾਂ ਸਬੰਧਤ ਨੂੰ ਜੁਰਮਾਨਾ ਕਰਨ ਸਮੇਤ ਚਲਾਨ ਕੱਟਣ ਦਾ ਮਤਾ ਪਾਸ ਕੀਤਾ ਗਿਆ ਹੈ। ਲੁੱਕ ਦਾ ਰੇਟ ਵਧਣ ਕਾਰਨ ਵੱਖ-ਵੱਖ ਕੰਮਾਂ ਦੀ ਤਖਮੀਨਾ ਰਾਸ਼ੀ ਵਿੱਚ ਵਾਧਾ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੁਲਜੀਤ ਸਿੰਘ ਬੇਦੀ ਕਮਿਸ਼ਨਰ ਡਾ. ਕਮਲ ਗਰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …