ਦੇਸ਼ ਤੇ ਸੂਬੇ ਦੀ ਤਰੱਕੀ ਲਈ ਅੌਰਤਾਂ ਦਾ ਸਨਮਾਨ ਬਹੁਤ ਜ਼ਰੂਰੀ: ਕੁਲਵੰਤ ਸਿੰਘ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਮੁਹਾਲੀ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਅੌਰਤਾਂ ਅਤੇ ਨੌਜਵਾਨ ਮੁਟਿਆਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੌਰਤਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਵੇਂ ਅਜੋਕੇ ਸਮੇਂ ਵਿੱਚ ਅੌਰਤਾਂ ਕਈ ਖੇਤਰਾਂ ਵਿੱਚ ਪੁਰਸ਼ਾਂ ਤੋਂ ਵੀ ਅੱਗੇ ਨਿਕਲ ਗਈਆਂ ਹਨ ਪ੍ਰੰਤੂ ਹਾਲੇ ਵੀ ਅੌਰਤਾਂ ਦੇ ਵਿਕਾਸ ਅਤੇ ਤਰੱਕੀ ਲਈ ਕਾਫ਼ੀ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਿਖਰ ’ਤੇ ਪਹੁੰਚਾਉਣ ਲਈ ਅੌਰਤਾਂ ਦਾ ਅਹਿਮ ਯੋਗਦਾਨ ਹੈ ਅਤੇ ਮੌਜੂਦਾ ਸਮੇਂ ਵਿੱਚ ਅੌਰਤਾਂ ਵੀ ਧਰਨੇ ’ਤੇ ਡਟੀਆਂ ਹੋਈਆਂ ਹਨ। ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਅੌਰਤਾਂ ਦਾ ਸਨਮਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਸਮਾਜ ਵਿੱਚ ਅੌਰਤਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਯਕੀਨੀ ਬਣਾਉਣ।
ਇਸ ਤੋਂ ਪਹਿਲਾਂ ਡਾ. ਓਮਾ ਸ਼ਰਮਾ ਨੇ ਕਿਹਾ ਕਿ ਭਾਵੇਂ ਅੌਰਤ ਪਹਿਲਾਂ ਵੀ ਪੂਜਨੀਕ ਸੀ ਅਤੇ ਹੁਣ ਵੀ ਪੂਜਨੀਕ ਹੈ ਪ੍ਰੰਤੂ ਸਮਾਜਿਕ ਤਾਣਾ-ਬਾਣਾ ਏਨਾ ਕੁ ਉਲਝ ਗਿਆ ਹੈ। ਜਿਸ ਕਾਰਨ ਅੱਜ ਅੌਰਤ ਆਪਣੇ ਘਰ ਅਤੇ ਬਾਹਰ ਸੁਰੱਖਿਅਤ ਨਹੀਂ ਹੈ। ਉਨ੍ਹਾਂ ਅੌਰਤਾਂ ਨੂੰ ਪੁਰਸ਼ ਨਾਲ ਬਰਾਬਰ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਕ ਅੌਰਤ ਦੂਜੇ ਅੌਰਤ ਨੂੰ ਸਹਿਯੋਗ ਦੇਵੇ ਤਾਂ ਸਮਾਜਿਕ ਪਰਿਵਰਤਨ ਦੀ ਆਸ ਰੱਖੀ ਜਾ ਸਕਦੀ ਹੈ।
ਸਾਹਿਤਕਾਰ ਤੇ ਲੇਖਕ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਅੌਰਤਾਂ ’ਤੇ ਸ਼ੁਰੂ ਤੋਂ ਹੀ ਜੁਲਮ ਹੁੰਦੇ ਆਏ ਹਨ ਪ੍ਰੰਤੂ ਗੁਰੂ ਨਾਨਕ ਦੇਵ ਜੀ ਨੇ ਅੌਰਤਾਂ ਨੂੰ ਬਰਾਬਰ ਦਾ ਹੱਕ ਅਤੇ ਸਨਮਾਨ ਦੇਣ ਦਾ ਬੀੜਾ ਚੁੱਕਿਆ। ਜਿਸ ਦੀ ਬਦੌਲਤ ਅੱਜ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਅੌਰਤਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ਅਤੇ ਪਾਉਂਦੀਆਂ ਰਹਿਣੀਆਂ। ਜਸਵੰਤ ਦਮਨ ਨੇ ਕਿਹਾ ਕਿ ਪਹਿਲਾਂ ਅੌਰਤਾਂ ਨੂੰ ਘਰ ਤੋਂ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾਂਦਾ ਸੀ ਪਰ ਹੁਣ ਹਰ ਖੇਤਰ ਵਿੱਚ ਅੌਰਤਾਂ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ। ਇਸ ਮੌਕੇ ਸਾਬਕਾ ਕੌਂਸਲਰ ਓਪਿੰਦਰਪ੍ਰੀਤ ਕੌਰ ਗਿੱਲ, ਹਰਮਨਜੋਤ ਕੌਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਇਸ ਮੌਕੇ ਹਰਲੀਨ ਕੌਰ, ਡਾ. ਦਰਪਨ ਆਹਲੂਵਾਲੀਆ, ਮਹਿਰੀਨ ਕੌਰ ਬੈਦਵਾਨ, ਡਾ. ਸਰਬਜੀਤ ਕੌਰ ਸੋਹਲ, ਚਰਨਜੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਹਰਜਿੰਦਰ ਕੌਰ ਸੋਹਾਣਾ, ਰਾਜਵੀਰ ਕੌਰ ਗਿੱਲ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਆਰਪੀ ਸ਼ਰਮਾ, ਗੁਰਮੀਤ ਸਿੰਘ ਵਾਲੀਆ, ਸੁਖਮਿੰਦਰ ਸਿੰਘ ਬਰਨਾਲਾ, ਅਕਵਿੰਦਰ ਸਿੰਘ ਗੋਸਲ, ਡਾ. ਐਸਐਸ ਭੰਵਰਾ, ਡਾ. ਗੁਰਿੰਦਰ ਸਿੰਘ ਵਾਲੀਆ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਬਿੱਲਾ, ਅਰੁਣ ਗੋਇਲ, ਗੁਰਮੀਤ ਕੌਰ, ਰਜਨੀ ਗੋਇਲ, ਜਸਵੀਰ ਕੌਰ ਅੱਤਲੀ, ਪਰਮਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਪੂਰੇ ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਓਮਾ ਸ਼ਰਮਾ ਅਤੇ ਫੂਲਰਾਜ ਸਿੰਘ ਨੇ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …