
ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਪੁਲੀਸ ਦੀ ਜ਼ਿੰਮੇਵਾਰੀ ਅਹਿਮ: ਆਈਜੀ ਅਮਿਤ ਪ੍ਰਸ਼ਾਦ
ਕਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਦਿਆਂ ਪੰਜਾਬ ਪੁਲੀਸ ਦੇ 39 ਪੁਲੀਸ ਅਫ਼ਸਰ ਤੇ ਮੁਲਾਜ਼ਮ ਸ਼ਹੀਦ ਹੋਏ: ਆਈਜੀ
ਪੰਜਾਬ ਪੁਲੀਸ ਆਪਣੇ ਮੁਲਾਜ਼ਮਾਂ ਨਾਲ ਹਮੇਸ਼ਾ ਡਟ ਕੇ ਖੜੀ ਹੈ ਤੇ ਭਵਿੱਖ ’ਚ ਵੀ ਖੜੀ ਰਹੇਗੀ
ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮਾਗਮ ਵਿੱਚ ਵੱਡੇ ਇਕੱਠ ਤੋਂ ਕੀਤਾ ਗੁਰੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲੀਸ ਦੇ ਹੱਥ ਹੁੰਦੀ ਹੈ ਅਤੇ ਪੁਲੀਸ ਦਾ ਜਜ਼ਬਾ ਹੀ ਦੇਸ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੂਪਨਗਰ ਰੇਂਜ ਦੇ ਆਈਜੀ ਅਮਿਤ ਪ੍ਰਸਾਦਿ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਆਈਜੀ ਅਮਿਤ ਪ੍ਰਸ਼ਾਦ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਅਤੇ ਐਸਐਸਪੀ ਸਤਿੰਦਰ ਸਿੰਘ ਨੇ ਫੁੱਲ ਮਾਲਾਵਾਂ/ਰੀਥ ਰੱਖਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ੋਕ ਸਲਾਮੀ ਵੀ ਦਿੱਤੀ।
ਆਈਜੀ ਅਮਿਤ ਪ੍ਰਸ਼ਾਦ ਨੇ ਕਿਹਾ ਕਿ ਪੁਲੀਸ ਜਵਾਨ ਆਪਣੇ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਦੇਸ਼ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ, ਉਨ੍ਹਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਲਈ 21 ਅਕਤੂਬਰ ਨੂੰ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇਸ਼ ਵਿੱਚ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ 264 ਜਵਾਨਾਂ ਨੇ ਸ਼ਹੀਦੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੋਹਰੀ ਲੜਾਈ ਲੜ ਰਿਹਾ ਹੈ। ਇਕ ਲੜਾਈ ਦੇ ਦੁਸ਼ਮਣ ਤਾਂ ਨਜ਼ਰ ਆਉਂਦੇ ਹਨ, ਦੂਜੀ ਲੜਾਈ ਕੋਵਿਡ-19 ਨਾਲ ਚਲ ਰਹੀ ਹੈ ਪਰ ਇਹ ਦੁਸ਼ਮਣ ਨਾ ਨਜ਼ਰ ਆਵੇ ਨਾ ਹੀ ਪਤਾ ਚਲੇ ਕਦੋਂ ਕਿੱਥੋਂ ਆ ਜਾਵੇਗਾ ਪ੍ਰੰਤੂ ਇਹ ਲੜਾਈ ਵੀ ਪੁਲੀਸ ਫਰੰਟ ਲਾਈਨ ’ਤੇ ਲੜ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਦਿਆਂ ਪੰਜਾਬ ਪੁਲੀਸ ਦੇ 39 ਪੁਲੀਸ ਅਫ਼ਸਰ ਅਤੇ ਮੁਲਾਜ਼ਮਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ।
ਇਸ ਮੌਕੇ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਕਾਇਮ ਰੱਖਣ ਲਈ ਪੁਲੀਸ ਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਲਗਨ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਅਤਿਵਾਦ ਦੇ ਦੌਰਾਨ ਪੁਲੀਸ ਅਫ਼ਸਰਾਂ ਤੇ ਜਵਾਨਾਂ ਨੇ ਸ਼ਹਾਦਤਾਂ ਦੇ ਕੇ ਸੂਬੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਹੈ, ਸਾਨੂੰ ਉਨ੍ਹਾਂ ਦੀਆਂ ਸ਼ਹਾਦਤਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਸੁਫ਼ਨੇ ਸਾਕਾਰ ਕਰਨੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਐਸਪੀ ਅਕਾਸ਼ਦੀਪ ਸਿੰਘ ਅੌਲਖ ਨੇ ਸਾਰੇ ਸ਼ਹੀਦਾਂ ਦੇ ਨਾਮ ਪੜ੍ਹੇ। ਇਸ ਮੌਕੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਐਸਪੀ ਸ੍ਰੀਮਤੀ ਰਵਜੋਤ ਗਰੇਵਾਲ, ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਐਸਪੀ ਸਰਤਾਜ ਸਿੰਘ ਚਾਹਲ, ਐਸਪੀ (ਟਰੈਫ਼ਿਕ) ਕੇਸਰ ਸਿੰਘ ਧਾਲੀਵਾਲ ਸਮੇਤ ਸਮੂਹ ਡੀਐਸਪੀਜ਼ ਅਤੇ ਇੰਸਪੈਕਟਰ ਤੇ ਪੁਲੀਸ ਜਵਾਨਾਂ ਨੇ ਫੁੱਲ ਮਾਲਾਵਾਂ ਚੜ੍ਹਾ ਸ਼ਰਧਾਂਜਲੀ ਭੇਟ ਕੀਤੀ।