nabaz-e-punjab.com

ਈਜੀਐਸ ਅਧਿਆਪਕ ਜਗਮੋਹਨ ਸਿੰਘ ਦੀ ਆਤਮਹੱਤਿਆ ਲਈ ਸਰਕਾਰ ਦੀਆਂ ਮੁਲਜ਼ਮ ਮਾਰੂ ਨੀਤੀਆਂ ਜ਼ਿੰਮੇਵਾਰ

ਸਾਂਝਾ ਅਧਿਆਪਕ ਮੋਰਚਾ ਵੱਲੋਂ ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ ਵਿੱਤੀ ਮਦਦ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਮੋਗਾ ਜ਼ਿਲ੍ਹੇ ਤੋਂ ਈ.ਜੀ.ਐੱਸ ਅਧਿਆਪਕ ਜਗਮੋਹਨ ਸਿੰਘ ਵੱਲੋਂ ਆਰਥਿਕ ਤੰਗੀਆਂ ਕਾਰਨ ਕੀਤੀ ਆਤਮ ਹੱਤਿਆ ਲਈ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਉਂਦਿਆਂ ਇਸ ਦਰਦਨਾਕ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਬਰਨਾਲਾ ਜਿਲ੍ਹੇ ਦੇ ਅਧਿਆਪਕ ਰਾਜਵੀਰ ਸਿੰਘ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਡਿਊਟੀ ਦੌਰਾਨ ਸਰਕਾਰ ਦੇ ਮਾੜੇ ਟਰੈਫ਼ਿਕ ਪ੍ਰਬੰਧਾਂ ਦੀ ਭੇਂਟ ਚੜ੍ਹਨ ਸਦਕਾ ਹਾਦਸੇ ਵਿੱਚ ਹੋਈ ਮੋਤ ਲਈ ਵੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਬਾਜ਼ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ ਅਤੇ ਸੂਬਾ ਕੋ ਕਨਵੀਨਰਾਂ ਅਨੂਪਜੀਤ ਸਿੰਘ, ਜਗਮੀਤ ਸਿੰਘ, ਵੀਰਪਾਲ ਕੌਰ, ਰਣਜੀਤ ਸਿੰਘ, ਸੰਜੀਵ ਕੁਮਾਰ, ਸਤਨਾਮ ਸ਼ੇਰੋਂ, ਵਿਨੀਤ ਕੁਮਾਰ, ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਸੁਖਰਾਜ ਸਿੰਘ, ਜਸਵੰਤ ਪੰਨੂ, ਸੁਖਜਿੰਦਰ ਹਰੀਕਾ, ਹਾਕਮ ਸਿੰਘ, ਹਰਵਿੰਦਰ ਬਿਲਗਾ, ਹਰਦੀਪ ਟੋਡਰਪੁਰ, ਇੰਦਰਜੀਤ ਸਿੰਘ, ਸੁਖਰਾਜ ਕਾਹਲੋਂ, ਅੰਮ੍ਰਿਤਪਾਲ ਸਿੱਧੂ, ਗੁਰਜਿੰਦਰ ਪਾਲ, ਗੁਰਵਿੰਦਰ ਸਿੰਘ, ਦੀਦਾਰ ਸਿੰਘ ਮੁੱਦਕੀ ਨੇ ਦੱਸਿਆ ਕਿ ਈ.ਜੀ.ਐੱਸ ਅਧਿਆਪਕ 14 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਪਰ ਹਾਲੇ ਤੱਕ ਰੈਗੂਲਰ ਕਰਨ ਲਈ ਕੋਈ ਠੋਸ ਨੀਤੀ ਨਹੀਂ ਤਿਆਰ ਕੀਤੀ, ਸਗੋ ਇਹਨਾਂ ਨੂੰ ਸਿਰਫ 5000 ਰੁਪਏ ਤਨਖਾਹ ’ਤੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹਨਾਂ ਵਿੱਚੋਂ ਕੁਝ ਨੂੰ ਤਾਂ ਸਿਰਫ 2500 ਰੁਪਏ ਮਾਸਿਕ ਤਨਖਾਹ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਇਹਨਾਂ ਅਧਿਆਪਕਾਂ ਨੇ ਆਪਣੀ ਜਿੰਦਗੀ ਦੇ ਕਈ ਕੀਮਤੀ ਸਾਲ ਸਿੱਖਿਆ ਵਿਭਾਗ ਨੂੰ ਦਿੱਤੇ ਹਨ, ਪਰ ਸਿੱਖਿਆ ਵਿਭਾਗ ਇਹਨਾਂ ਨੂੰ ਜਿਉਣ ਯੋਗ ਉਜਰਤ ਵੀ ਨਹੀਂ ਦੇ ਸਕਿਆ ਹੈ। ਇਹਨਾਂ ਦੇ ਨਾਲ ਹੀ ਏ.ਆਈ.ਈ, ਐੱਸ.ਟੀ.ਆਰ, ਆਈ.ਈ.ਵੀ ਅਧਿਆਪਕ ਵੀ ਸਰਕਾਰ ਦੇ ਇਸ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਮਹਿੰਗਾਈ ਦੇ ਸਮੇਂ ਵਿੱਚ ਇੰਨੀ ਘੱਟ ਤਨਖਾਹ ’ਤੇ ਲੰਬੇ ਸਮੇਂ ਤੋਂ ਸਰਕਾਰ ਹੱਥੋਂ ਸੋਸ਼ਿਤ ਹੁੰਦੇ ਅਧਿਆਪਕਾਂ ਦੀ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਹੋ ਰਹੀ, ਸਗੋਂ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਅਣਗੌਲਾ ਕਰ ਰਹੀ ਹੈ ਅਤੇ ਇਹਨਾਂ ਅਧਿਆਪਕਾਂ ਨੂੰ ਭੁੱਖੇ ਮਾਰ ਰਹੀ ਹੈ। ਮਹਿੰਗਾਈ ਦੀ ਮਾਰ ਨਾ ਝੱਲਦੇ ਹੋਏ ਤੇ ਹਾਲਾਤਾਂ ਤੋਂ ਹਾਰੇ ਅਧਿਆਪਕ ਹੁਣ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ, ਜੋ ਕਿ ਬਹੁਤ ਮਾੜਾ ਅਤੇ ਨਿੰਦਨਯੋਗ ਵਰਤਾਰਾ ਹੈ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਈ.ਜੀ.ਐੱਸ, ਐਸ.ਟੀ.ਆਰ, ਏ.ਆਈ.ਈ ਅਤੇ ਆਈ.ਈ.ਵੀ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ’ਤੇ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਦੀ ਨੀਤੀ ਜਲਦ ਬਣਾਉਣ ਦੀ ਮੰਗ ਕੀਤੀ। ਘੱਟ ਤਨਖਾਹ ਅਤੇ ਕੱਚੇ ਰੋਜ਼ਗਾਰ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਕਾਰਨ ਆਤਮਹੱਤਿਆ ਕਰਨ ਵਾਲੇ ਈ.ਜੀ.ਐਸ ਅਧਿਆਪਕ ਮਨਮੋਹਨ ਸਿੰਘ ਅਤੇ ਮਾਰੂ ਹਾਦਸੇ ਦਾ ਸ਼ਿਕਾਰ ਬਰਨਾਲੇ ਜਿਲ੍ਹੇ ਵਿੱਚਲੇ ਅਧਿਆਪਕ ਰਾਜਵੀਰ ਸਿੰਘ ਦੇ ਪੀੜਤ ਪਰਿਵਾਰ ਨੂੰ ਮਾਲੀ ਮੱਦਦ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …