Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ: ਐਤਕੀਂ ਫਿਰ ਕੁੜੀਆਂ ਨੇ ਬਾਜ਼ੀ ਮਾਰੀ

ਅਕਾਦਮਿਕ ਕੈਟਾਗਰੀ ਵਿੱਚ ਲੁਧਿਆਣਾ ਦੀ ਨੇਹਾ ਵਰਮਾ ਅੱਵਲ

ਖੇਡ ਕੋਟੇ ’ਚੋਂ ਗੁਰਦਾਸਪੁਰ ਦੀ ਨੰਦਨੀ ਮਹਾਜਨ 650 ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਬੁੱਧਵਾਰ ਨੂੰ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਵਾਰ ਵੀ ਮੈਰਿਟ ਵਿੱਚ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਉਂਜ ਐਤਕੀਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਕਾਰਨ ਬੱਚਿਆਂ ਵਿੱਚ ਪੜ੍ਹਨ ਅਤੇ ਅਧਿਆਪਕਾਂ ਵਿੱਚ ਸਖ਼ਤ ਮਿਹਨਤ ਕਰਕੇ ਪੜ੍ਹਾਉਣ ਦੀ ਰੁਚੀ ਦੇ ਚੱਲਦਿਆਂ ਸਰਹੱਦੀ ਪਿੰਡਾਂ ਅਤੇ ਸਰਕਾਰੀ ਸਕੂਲਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ।
ਸਿੱਖਿਆ ਬੋਰਡ ਵੱਲੋਂ ਜਾਰੀ ਅਕਾਦਮਿਕ ਕੈਟਾਗਰੀ ਦੀ ਸੂਚੀ ਮੁਤਾਬਕ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (ਲੁਧਿਆਣਾ) ਦੀ ਨੇਹਾ ਵਰਮਾ ਨੇ 650 ’ਚੋਂ 647 ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ (ਸੰਗਰੂਰ) ਦੀ ਹਰਲੀਨ ਕੌਰ, ਆਰਐਸ ਮਾਡਲ ਸਕੂਲ ਲੁਧਿਆਣਾ ਦੀ ਅੰਕਿਤਾ ਸਚਦੇਵਾ ਅਤੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ (ਲੁਧਿਆਣਾ) ਦੀ ਅੰਜਲੀ ਨੇ 645 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ।
ਇੰਝ ਹੀ ਬੀਸੀਐੱਮ ਸਕੂਲ ਲੁਧਿਆਣਾ ਦੇ ਅਭਿਗਿਆਨ ਕੁਮਾਰ, ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋ ਲੇਹਲ (ਅੰਮ੍ਰਿਤਸਰ) ਦੀ ਖੁਸ਼ਪ੍ਰੀਤ ਕੌਰ, ਨਨਕਾਣਾ ਸਾਹਿਬ ਮਾਡਲ ਹਾਈ ਸਕੂਲ ਲੁਧਿਆਣਾ ਦੀ ਅਨੀਸ਼ਾ ਚੋਪੜਾ, ਡਾਕਟਰ ਆਸਾ ਨੰਦ ਆਰੀਆ ਸਕੂਲ ਸ਼ਹੀਦ ਭਗਤ ਸਿੰਘ ਨਗਰ ਦੀ ਜੀਆ ਨੰਦਾ, ਸ਼ਹੀਦ ਬੀਬੀ ਸੁੰਦਰੀ ਪਬਲਿਕ ਕਾਹਨੂੰਵਾਨ (ਗੁਰਦਾਸਪੁਰ) ਦੀ ਦਮਨਪ੍ਰੀਤ ਕੌਰ, ਸਰਕਾਰੀ ਸਕੂਲ ਗੁਲਾਬਗੜ੍ਹ (ਬਠਿੰਡਾ) ਦੀ ਜਸ਼ਨਪ੍ਰੀਤ ਕੌਰ ਅਤੇ ਸਰਕਾਰੀ ਮਾਡਲ ਸਕੂਲ ਮਿਲਰ ਗੰਜ ਢੋਲੇਵਾਲ (ਲੁਧਿਆਣਾ) ਦੀ ਸੋਨੀ ਕੌਰ ਨੇ 644 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਹਾਸਲ ਪ੍ਰਾਪਤ ਕੀਤਾ ਹੈ।
ਖੇਡ ਕੋਟੇ ਦੀ ਸੂਚੀ ਅਨੁਸਾਰ ਤਿੰਨ ਲੜਕੀਆਂ 100 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀਆਂ ਹਨ। ਜਿਨ੍ਹਾਂ ਵਿੱਚ ਬਾਲ ਵਿਦਿਆ ਮੰਦਰ ਹਾਈ ਸਕੂਲ ਨੰਗਲ ਕੋਟਲੀ ਮੰਡੀ (ਗੁਰਦਾਸਪੁਰ) ਦੀ ਨੰਦਨੀ ਮਹਾਜਨ, ਬੀਸੀਐਮ ਸਕੂਲ ਜਮਾਲਪੁਰ ਕਲੋਨੀ (ਲੁਧਿਆਣਾ) ਦੀ ਰੀਤਿਕਾ ਅਤੇ ਤੇਜਾ ਸਿੰਘ ਸੁਤੰਤਰ ਸ਼ਿਮਲਾਪੁਰੀ (ਲੁਧਿਆਣਾ) ਦੇ ਨੀਰਜ ਯਾਦਵ ਸ਼ਾਮਲ ਹਨ। ਖੇਡ ਵਰਗ ’ਚੋਂ ਹੀ ਸਰਕਾਰੀ ਸਕੂਲ ਖਮਾਣੋਂ (ਫਤਹਿਗੜ੍ਹ ਸਾਹਿਬ) ਦੀ ਜਸਲੀਨ ਕੌਰ ਨੇ 646 ਅੰਕ ਲੈ ਕੇ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਕਮਲਪ੍ਰੀਤ ਕੌਰ ਅਤੇ ਬਾਲ ਵਿਦਿਆ ਮੰਦਰ ਨੰਗਰ ਕੋਟਲੀ ਮੰਡੀ (ਗੁਰਦਾਸਪੁਰ) ਦੀ ਰਾਬੀਆ 645 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਉਂਜ ਬੋਰਡ ਵੱਲੋਂ ਅਕਾਦਮਿਕ ਅਤੇ ਖੇਡ ਕੋਟੇ ਦੇ 336 ਵਿਦਿਆਰਥੀਆਂ ਜਾਰੀ ਸਾਂਝੀ ਮੈਰਿਟ ਸੂਚੀ ਵਿੱਚ ਖੇਡ ਕੋਟੇ ਦੇ ਵਾਧੂ ਅੰਕ ਜੋੜ ਕੇ ਨੰਦਨੀ ਮਹਾਜਨ ਨੂੰ ਪਹਿਲੇ ਨੰਬਰ ’ਤੇ ਦਰਸਾਇਆ ਗਿਆ ਹੈ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਐਤਕੀਂ 3 ਲੱਖ 17 ਹਜ਼ਾਰ 387 ਰੈਗੂਲਰ ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 2 ਲੱਖ 71 ਹਜ਼ਾਰ 554 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 85.56 ਫੀਸਦੀ ਬਣਦੀ ਹੈ। ਓਪਨ ਸਕੂਲ ਦੇ 25017 ਪ੍ਰੀਖਿਆ ਵਿੱਚ ਬੈਠੇ ਸਨ। ਜਿਨ੍ਹਾਂ ’ਚੋਂ 8187 ਪਾਸ ਹੋਏ। ਸਰਕਾਰੀ ਸਕੂਲਾਂ ਦਾ ਨਤੀਜਾ 88.21 ਫੀਸਦੀ ਰਿਹਾ ਹੈ, ਜਦਕਿ ਐਫੀਲੀਏਟਿਡ ਅਤੇ ਆਦਰਸ਼ ਸਕੂਲਾਂ ਦਾ ਨਤੀਜਾ 86.95 ਫੀਸਦੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 70.43 ਫੀਸਦੀ ਅਤੇ ਐਸੋਸੀਏਟ ਸਕੂਲਾਂ ਦਾ ਨਤੀਜਾ 79.51 ਫੀਸਦੀ ਰਿਹਾ ਹੈ। ਇਸ ਸਾਲ ਸ਼ਹਿਰੀ ਇਲਾਕਿਆਂ ਨਾਲੋਂ ਪੇਂਡੂ ਖੇਤਰ ਦਾ ਨਤੀਜਾ (86.67 ਫੀਸਦੀ) ਰਿਹਾ ਹੈ ਜਦੋਂਕਿ ਸ਼ਹਿਰੀ ਨਤੀਜਾ 83.38 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਅੱਧੀ ਰਾਤ 12 ਵਜੇ ਤੋਂ ਬਾਅਦ ਆਪਣਾ ਨਤੀਜਾ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਦੇਖ ਸਕਦੇ ਹਨ। ਉਧਰ, ਸਕੂਲ ਬੋਰਡ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਸਵੀਂ ਸ਼੍ਰੇਣੀ ਦਾ ਨਤੀਜਾ ਬਾਰ੍ਹਵੀਂ ਜਮਾਤ ਦੇ ਨਤੀਜੇ ਤੋਂ ਪਹਿਲਾਂ ਐਲਾਨਿਆ ਗਿਆ ਹੋਵੇ।
ਇਸ ਮੌਕੇ ਸਿੱਖਿਆ ਬੋਰਡ ਦੀ ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਕੌਮੀ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀ ਖਿਡਾਰੀਆਂ ਨੂੰ 25 ਅਤੇ ਸੂਬਾ ਪੱਧਰੀ ਖੇਡਾਂ ਵਾਲਿਆਂ ਨੂੰ 15 ਅੰਕ ਵਾਧੂ ਤੌਰ ’ਤੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਮੈਰਿਟ ਵਿੱਚ 854 ਵਿਦਿਆਰਥੀ ਖੇਡ ਕੋਟੇ ਦੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਨਕਲ ਦੇ ਸਿਰਫ਼ 40 ਕੇਸ ਬਣੇ ਹਨ। ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਬੋਰਡ ਮੁਖੀ ਵੱਲੋਂ ਨਕਲ ਪ੍ਰਤੀ ਵਰਤੀ ਗਈ ਸਖ਼ਤੀ ਕਾਰਨ ਐਤਕੀਂ ਨਕਲ ਦੇ ਨਾ ਮਾਤਰ ਹੀ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸਮਾਜਿਕ ਸਿੱਖਿਆ ਵਿਸ਼ੇ ਦੇ 6 ਅਤੇ ਹਿੰਦੀ ਅਤੇ ਗਣਿਤ ਵਿਸ਼ੇ ਦੇ 3-3 ਗਰੇਸ ਅੰਕ ਦਿੱਤੇ ਗਏ ਹਨ। ਉਂਜ ਐਤਕੀਂ ਵਿਦਿਆਰਥੀਆਂ ਨੂੰ ਕਰੈਡਿਟ ਅੰਕ ਵੀ ਦਿੱਤੇ ਗਏ ਹਨ। ਪੰਜਾਬੀ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 97.1 ਫੀਸਦੀ, ਅੰਗਰੇਜ਼ੀ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 91.09 ਫੀਸਦੀ, ਹਿੰਦੀ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 96.44 ਫੀਸਦੀ, ਗਣਿਤ ਵਿਸ਼ੇ ਦੀ 94.23 ਫੀਸਦੀ, ਸਾਇੰਸ ਵਿਸ਼ੇ ਦੀ 94.03 ਫੀਸਦੀ, ਸਮਾਜਿਕ ਸਿੱਖਿਆ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 97.88 ਫੀਸਦੀ ਅਤੇ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 99. 74 ਫੀਸਦੀ ਰਹੀ ਹੈ। ਇਸ ਮੌਕੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਮੁਹੰਮਦ ਤਈਅਬ, ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਡਾਇਰੈਕਟਰ (ਕੰਪਿਊਟਰ) ਨਵਨੀਤ ਕੌਰ ਗਿੱਲ, ਡਾਇਰੈਕਟਰ (ਅਕਾਦਮਿਕ) ਮਨਜੀਤ ਕੌਰ ਅਤੇ ਰਮਿੰਦਰਜੀਤ ਸਿੰਘ ਬਾਸੂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…