
ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ
ਸਰਕਾਰੀ ਮੈਰੀਟੋਰੀਅਸ ਸਕੂਲ ਸੈਕਟਰ-70 ਦੇ ਵਿਦਿਆਰਥੀਆਂ ਨੇ ਮੁਹਾਲੀ ਦਾ ਨਾਂ ਕੀਤਾ ਰੌਸ਼ਨ
ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਅੱਜ ਸ਼ਾਮ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ 320 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਦੀਆਂ ਕੁੜੀਆਂ ਨੇ ਬਾਜੀ ਮਾਰੀ। ਮੁਹਾਲੀ ਜ਼ਿਲ੍ਹੇ ਦੇ 13 ਵਿਦਿਆਰਥੀ ਪੰਜਾਬ ਦੀ ਮੈਰਿਟ ਵਿੱਚ ਆਏ ਹਨ। ਜਿਨ੍ਹਾਂ ’ਚੋਂ ਸਭ ਤੋਂ ਵੱਧ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੇ ਵਿਦਿਆਰਥੀ ਹਨ। ਜਦੋਂਕਿ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੁਹਾਲੀ ਫਾਡੀ ਰਿਹਾ ਸੀ ਪ੍ਰੰਤੂ ਬਾਰ੍ਹਵੀਂ ਵਿੱਚ ਮੈਟੋਰੀਅਸ ਸਕੂਲ ਦੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁਹਾਲੀ ਦੀ ਲਾਜ ਰੱਖੀ ਹੈ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਆਸਥਾ ਨੇ 500 ’ਚੋਂ 495 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 99 ਫੀਸਦੀ ਹੈ। ਪੰਜਾਬ ਵਿੱਚ ਉਹ 14ਵੇਂ ਸਥਾਨ ’ਤੇ ਹੈ। ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤਿਊੜ ਦੀ ਮਹਿਕ ਨੇ 500 ਅੰਕਾਂ ’ਚੋਂ 494 ਅੰਕ ਲੈ ਕੇ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਮੱਲਿਆ ਹੈ। ਪੰਜਾਬ ਪੱਧਰ ’ਤੇ ਉਹ 28ਵੇਂ ਸਥਾਨ ’ਤੇ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 98.80 ਫੀਸਦੀ ਬਣਦੀ ਹੈ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੇ ਹਿਮਾਂਸ਼ੂ ਨੇ 493 ਅੰਕ (98.60 ਫੀਸਦੀ) ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਤੀਜਾ ਅਤੇ ਪੰਜਾਬ ਵਿੱਚ 49ਵਾਂ ਸਥਾਨ ਪ੍ਰਾਪਤ ਕੀਤਾ ਹੈ। ਸ਼ਹੀਦ ਲੈਫ਼. ਬਿਕਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਦੀ ਸੰਜਨਾ ਨੇ 491 ਅੰਕ (98.20 ਫੀਸਦੀ) ਲੈ ਕੇ ਜ਼ਿਲ੍ਹੇ ਵਿੱਚ ਚੌਥਾ ਸਥਾਨ ਕੀਤਾ ਹੈ। ਪੰਜਾਬ ਵਿੱਚ 75ਵਾਂ ਸਥਾਨ ਹੈ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਆਂਚਲ ਨੇ 490 ਅੰਕ ਲੈ ਕੇ ਪੰਜਾਬ ਵਿੱਚ 117ਵਾਂ ਅਤੇ ਜ਼ਿਲ੍ਹੇ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 98 ਫੀਸਦੀ ਹੈ। ਇਸੇ ਸਕੂਲ ਦੇ ਨਵਦੀਪ ਸਹਿਗਲ ਨੇ 490 ਅੰਕ (98 ਫੀਸਦੀ) ਨਾਲ ਮੁਹਾਲੀ ਜ਼ਿਲ੍ਹੇ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ। ਪੰਜਾਬ ’ਚ ਉਹ 119ਵੇਂ ਸਥਾਨ ’ਤੇ ਹੈ। ਇਸੇ ਸਕੂਲ ਦੀ ਹਰਪ੍ਰੀਤ ਕੌਰ ਨੇ 489 ਅੰਕ (97.60 ਫੀਸਦੀ) ਲੈ ਕੇ ਜ਼ਿਲ੍ਹੇ ਵਿੱਚ ਸੱਤਵਾਂ ਅਤੇ ਪੰਜਾਬ ਦੀ ਮੈਰਿਟ ਵਿੱਚ 171 ਸਥਾਨ ਹਾਸਲ ਕੀਤਾ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਲਵਦੀਪ ਕੌਰ ਨੇ 488 ਅੰਕ ਲੈ ਕੇ ਜ਼ਿਲ੍ਹੇ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ ਹੈ। ਪੰਜਾਬ ਵਿੱਚ ਇਸ ਦਾ 200ਵਾਂ ਸਥਾਨ ਹੈ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਜਸਪ੍ਰੀਤ ਕੌਰ ਨੇ 487 (97.40 ਫੀਸਦੀ) ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ 9ਵਾਂ ਸਥਾਨ ਹਾਸਲ ਕੀਤਾ ਹੈ। ਪੰਜਾਬ ਵਿੱਚ ਉਹ 244ਵੇਂ ਸਥਾਨ ’ਤੇ ਹੈ। ਇਸੇ ਸਕੂਲ ਦੀ ਰੁਪਿੰਦਰ ਕੌਰ, ਮਾਨਸੀ, ਅਰਦਸ਼ਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਅਤੇ ਅਰਸ਼ਦੀਪ ਕੌਰ ਪੁੱਤਰੀ ਸਤਨਾਮ ਸਿੰਘ ਨੇ 487-487 ਅੰਕ ਲੈ ਕੇ ਕ੍ਰਮਵਾਰ ਮੁਹਾਲੀ ਜ਼ਿਲ੍ਹੇ ਵਿੱਚ 10ਵਾਂ, 11ਵਾਂ, 12ਵਾਂ ਅਤੇ 13ਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਸਾਰਿਆਂ ਦੀ ਪਾਸ ਪ੍ਰਤੀਸ਼ਤਤਾ (97.40 ਫੀਸਦੀ) ਹੈ।
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਨੇ ਸਰਕਾਰੀ ਮੈਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਪ੍ਰਿੰਸੀਪਲ ਸਮੇਤ ਸਮੂਹ ਅਧਿਆਪਕਾਂ ਦੀ ਸਖ਼ਤ ਮਿਹਨਤ ਲਈ ਹੌਸਲਾਅਫਜਾਈ ਕਰਦਿਆਂ ਉਨ੍ਹਾਂ ਨੂੰ ਵੀ ਵਧਾਈ ਦਿੱਤੀ ਹੈ।