
ਸ਼ਾਸਤਰੀ ਮਾਡਲ ਸਕੂਲ ਤੇ ਸੰਤ ਈਸਰ ਸਿੰਘ ਸਕੂਲ ਦਾ ਨਤੀਜਾ 100 ਫੀਸਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇੱਥੋਂ ਦੇ ਸ਼ਾਸਤਰੀ ਮਾਡਲ ਸਕੂਲ ਫੇਜ਼-1 ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਮੈਨੇਜਰ ਰਜਨੀਸ਼ ਕੁਮਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਦੱਸਿਆ ਕਿ ਸਕੂਲ ਦੇ ਕੁਲ 41 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ ’ਚੋਂ 31 ਵਿਦਿਆਰਥੀਆਂ ਨੇ ਪਹਿਲੇ ਅਤੇ 10 ਵਿਦਿਆਰਥੀਆਂ ਨੇ ਦੂਜਾ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਜਾਪ੍ਰੀਤ ਕੌਰ ਨੇ 450 ’ਚੋਂ 425 ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂਕਿ ਗੰਗਾ ਥਾਪਾ ਨੇ 400 ਅੰਕਾਂ ਨਾਲ ਦੂਜਾ ਅਤੇ ਅਰਸ਼ਪ੍ਰੀਤ ਕੌਰ ਨੇ 397 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਤੇ ਬੱਚਿਆਂ ਦੀ ਸਖ਼ਤ ਮਿਹਨਤ ਸਦਕਾ ਹੀ ਸਕੂਲ ਦਾ ਸ਼ਾਨਦਾਰ ਨਤੀਜਾ ਆਇਆ ਹੈ।
ਇੰਜ ਹੀ ਇੱਥੋਂ ਦੇ ਸੰਤ ਈਸਰ ਸਿੰਘ ਪਬਲਿਕ ਸਕੂਲ ਫੇਜ਼-7 ਦਾ ਨਤੀਜਾ 100 ਫੀਸਦੀ ਆਇਆ ਹੈ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦੇ 63 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 59 ਵਿਦਿਆਰਥੀਆਂ ਨੇ 400 ਤੋਂ 426 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਬਾਕੀ ਬੱਚਿਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਆਇਆ ਹੈ।