ਸਿੱਖਿਆ ਬੋਰਡ ਨੇ ਦਸਵੀਂ ਓਪਨ ਸਕੂਲ ਰੀਅਪੀਅਰ ਪ੍ਰੀਖਿਆ ਦਾ ਨਤੀਜਾ ਐਲਾਨਿਆ

ਪਹਿਲਾਂ ਪਾਸ ਕੀਤੇ ਪੰਜ ਵਿਸ਼ਿਆਂ ਦੇ ਅੰਕਾਂ ਦੀ ਅੌਸਤ ਨੂੰ ਆਧਾਰ ਬਣਾ ਕੇ ਐਲਾਨਿਆ ਨਤੀਜਾ

ਸਕੂਲ ਬੋਰਡ ਵੱਲੋਂ ਐਡੀਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਲੈਣ ਦੀ ਤਿਆਰੀ ਆਰੰਭ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀਂ ਸ਼੍ਰੇਣੀ ਦੀ ਓਪਨ ਸਕੂਲ ਰੀਅਪੀਅਰ ਕੈਟਾਗਰੀ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ ਦੇ ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ ਕੈਟਾਗਰੀ ਦੇ ਵੱਧ ਤੋਂ ਵੱਧ ਦੋ ਵਿਸ਼ਿਆਂ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦਾ ਨਤੀਜਾ ਆਨਲਾਈਨ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਅਕਤੂਬਰ 2019 ਵਿੱਚ ਸਿੱਖਿਆ ਬੋਰਡ ਵੱਲੋਂ ਦਿੱਤੇ ਗਏ ਸੁਨਹਿਰੀ ਮੌਕੇ ਦੀ ਪ੍ਰੀਖਿਆ ਦੇਣ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਪ੍ਰੀਖਿਆਰਥੀ, ਜਿਨ੍ਹਾਂ ਦੀ ਪ੍ਰੀਖਿਆ ਮਾਰਚ 2020 ਵਿੱਚ ਲਈ ਜਾਣੀ ਸੀ, ਪ੍ਰੰਤੂ ਕਰੋਨਾ ਮਹਾਮਾਰੀ ਕਾਰਨ ਪ੍ਰੀਖਿਆ ਪ੍ਰਕਿਰਿਆ ਮੁਕੰਮਲ ਨਹੀ ਸੀ ਹੋ ਸਕੀ, ਦਾ ਨਤੀਜਾ ਵੀ ਅਨੁਪਾਤਕ ਵਿਧੀ ਰਾਹੀਂ ਪਹਿਲੇ ਪੰਜ ਪਾਸ ਵਿਸ਼ਿਆਂ ਦੇ ਅੰਕਾਂ ਦੀ ਅੌਸਤ ਮੁਤਾਬਕ ਨਤੀਜਾ ਐਲਾਨ ਦਿੱਤਾ ਗਿਆ ਹੈ।
ਬੋਰਡ ਮੁਖੀ ਨੇ ਦੱਸਿਆ ਕਿ ਓਪਨ ਸਕੂਲ ਦੀ ਪ੍ਰੀਖਿਆ ਸਬੰਧੀ ਦੋ ਕੈਟਾਗਰੀਆਂ ਬਣਾਈਆਂ ਗਈਆਂ ਸਨ। ਪਹਿਲੀ ਕੈਟਾਗਰੀ ਵਿੱਚ 21 ਹਜ਼ਾਰ 889 ਉਹ ਪ੍ਰੀਖਿਆਰਥੀ ਸਨ, ਜਿਨ੍ਹਾਂ ਨੇ ਪਹਿਲੀ ਵਾਰ ਓਪਨ ਸਕੂਲ ਪ੍ਰਣਾਲੀ ਰਾਹੀਂ ਮਾਰਚ 2020 ਵਿੱਚ ਪ੍ਰੀਖਿਆ ਦੇਣੀ ਸੀ ਪ੍ਰੰਤੂ ਪੰਜਾਬੀ ‘ਏ’ ਵਿਸ਼ੇ ਨੂੰ ਛੱਡ ਕੇ ਬਾਕੀ ਵਿਸ਼ਿਆਂ ਦੀ ਪ੍ਰੀਖਿਆ ਕੋਵਿਡ-19 ਕਾਰਨ ਨਹੀਂ ਦੇ ਸਕੇ ਹਨ। ਦੂਜੀ ਕੈਟਾਗਰੀ ਵਿੱਚ ਓਪਨ ਸਕੂਲ ਰੀਅਪੀਅਰ ਵਾਲੇ 6104 ਪ੍ਰੀਖਿਆਰਥੀ ਬਾਰੇ ਇਹ ਨਿਰਣਾ ਲਿਆ ਗਿਆ ਕਿ ਪਹਿਲੇ ਪਾਸ ਵਿਸ਼ਿਆਂ ਦੇ ਅੌਸਤਨ ਅੰਕ ਲਗਾ ਕੇ ਉਨ੍ਹਾਂ ਦਾ ਨਤੀਜਾ ਘੋਸ਼ਿਤ ਕੀਤਾ ਜਾਵੇ।
ਇਸ ਸਬੰਧੀ 3636 ਵਿਦਿਆਰਥੀ ਇਕ ਵਿਸ਼ਾ ਅਤੇ 1363 ਵਿਦਿਆਰਥੀਆਂ ਦੀ ਦੋ ਵਿਸ਼ਿਆਂ ’ਚ ਰੀਅਪੀਅਰ ਵਾਲੇ ਸਨ। ਜਿਨ੍ਹਾਂ ਦਾ ਅੌਸਤ ਅੰਕਾਂ ਨੂੰ ਆਧਾਰ ਬਣਾ ਕੇ ਨਤੀਜਾ ਕੱਢਿਆ ਗਿਆ ਹੈ। ਜਦੋਂਕਿ 2 ਵਿਸ਼ਿਆਂ ਤੋਂ ਵੱਧ ਵਿਸ਼ਿਆਂ ’ਚੋਂ ਰੀਅਪੀਅਰ ਵਾਲੇ 1105 ਵਿਦਿਆਰਥੀਆਂ ਦੀ ਹਾਲਾਤ ਸੁਖਾਵੇਂ ਹੋਣ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁਬਾਰਾ ਪ੍ਰੀਖਿਆ ਦੇ ਸਕਣਗੇ। ਇੰਜ ਹੀ ਵਾਧੂ ਵਿਸ਼ਾ ਲਈ ਸਿਰਫ਼ ਪੰਜਾਬੀ ‘ਏ’ ਦੀ ਪ੍ਰੀਖਿਆ ਹੋਈ ਸੀ ਜਦੋਂਕਿ ਬਾਕੀ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਹੋ ਸਕੀ ਸੀ। ਇਸ ਸਬੰਧੀ ਪੰਜਾਬੀ ‘ਏ’ ਵਿਸ਼ੇ ਦੇ ਅੰਕਾਂ ਨੂੰ ਆਧਾਰ ਬਣਾ ਕੇ ਪੰਜਾਬੀ ‘ਬੀ’ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਵਾਧੂ ਵਿਸ਼ਾ ਕੈਟਾਗਰੀ ਅਧੀਨ 2404 ’ਚੋਂ 1160 ਪ੍ਰੀਖਿਆਰਥੀ ਕੇਵਲ ਪੰਜਾਬੀ ਵਿਸ਼ੇ ਲਈ ਪਾਤਰਤਾ ਰੱਖਦੇ ਹਨ ਜਦੋਂਕਿ ਬਾਕੀ 1244 ਪ੍ਰੀਖਿਆਰਥੀ ਮਾਹੌਲ ਸੁਖਾਵਾਂ ਹੋਣ ’ਤੇ ਮੁੜ ਪ੍ਰੀਖਿਆ ਦੇ ਸਕਣਗੇ। ਕਾਰਗੁਜ਼ਾਰੀ ਸੁਧਾਰ ਕੈਟਾਗਰੀ ਵਿੱਚ 607 ਪ੍ਰੀਖਿਆਰਥੀਆਂ ਦੀ ਬਾਅਦ ਵੀ ਦੁਬਾਰਾ ਪ੍ਰੀਖਿਆ ਲਈ ਜਾਵੇਗੀ।
ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ ਦੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਅਤੇ ਸੁਨਹਿਰੀ ਮੌਕੇ ਦੀ ਪ੍ਰੀਖਿਆ ਨਾਲ ਸਬੰਧਤ ਪ੍ਰੀਖਿਆਰਥੀਆਂ ਦੇ ਨਤੀਜੇ ਵੇਰਵਿਆਂ ਸਾਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਉਪਲਬਧ ਕਰਵਾ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਬੋਰਡ ਮੈਨੇਜਮੈਂਟ ਵੱਲੋਂ ਬਾਰ੍ਹਵੀਂ ਦਾ ਨਤੀਜਾ ਵੀ ਬਿਨਾਂ ਮੈਰਿਟ ਤੋਂ ਆਨਲਾਈਨ ਹੀ ਐਲਾਨਿਆ ਗਿਆ ਸੀ। ਜਿਸ ਕਾਰਨ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਹੋਣਹਾਰ ਵਿਦਿਆਰਥੀ ਐਤਕੀਂ ਨਗਦ ਪੁਰਸਕਾਰ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਹਨ।

Load More Related Articles

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…