
ਸੇਵਾਮੁਕਤ ਆਈਏਅੈਸ ਅਤੇ ਸੈਨਾ ਅਧਿਕਾਰੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਲੋਕ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਮੁਹਾਲੀ ਏਅਰਪੋਰਟ ਸੜਕ ‘ਤੇ ਪੰਜਾਬ ਦੇ ਸੀਨੀਅਰ ਸੇਵਾਮੁਕਤ ਆਈਏਅੈਸ ਅਫਸਰਾਂ ਸਮੇਤ ਸਾਬਕਾ ਸੈਨਿਕਾਂ ਜਿਹਨਾਂ ਵਿੱਚ ਬਿਰਗੇਡੀਅਰ, ਕਰਨਲ ਅਤੇ ਚੀਫ ਇੰਜੀਨੀਅਰ ਰੈਂਕ ਦੇ ਅਧਿਕਾਰੀ ਸ਼ਾਮਲ ਹਨ, ਨੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਗੁਹਾਰ ਲਗਾਈ।
ਆਪਣੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਸੇਵਾਮੁਕਤ ਆਈਏਅੈਸ ਕੁਲਬੀਰ ਸਿੰਘ ਅਤੇ ਅੈਸ ਆਰ ਲੱਧੜ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ ਗਏ।
ਇਸ ਮੌਕੇ ਬ੍ਰਿਗੇਡੀਅਰ ਐਸਪੀ ਸਿੰਘ, ਬ੍ਰਿਗੇਡੀਅਰ ਆਰਪੀਅੈਸ ਮਾਨ, ਕਰਨਲ ਜੀਪੀਅੈਸ ਵਿਰਕ ਅਤੇ ਸੂਬੇਦਾਰ ਰਣਜੀਤ ਸਿੰਘ ਸਮੇਤ ਚੀਫ ਇੰਜਨੀਅਰ ਜੀਵਨ ਕੁਮਾਰ, ਬਲਬੀਰ ਸਿੰਘ ਸਿੱਧੂ, ਸ਼ਵਿੰਦਰ ਸਿੰਘ, ਰੋਸ਼ਨ ਲਾਲ ਔਜਲਾ, ਮੁਹੰਮਦ ਸੁਲੇਮਾਨ ਅਤੇ ਕਈ ਪੰਜਾਬੀ ਲੇਖਕ ਤੇ ਸਾਹਿਤਕਾਰ ਵੀ ਹਾਜ਼ਰ ਸਨ।
ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਸਰਕਾਰ ਨੂੰ ਇਹ ਕਿਸਾਨ ਮਾਰੂ ਕਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਮੁਸਲਮਾਨਾ, ਸਿੱਖਾਂ ਅਤੇ ਦਲਿਤਾਂ ਦੇ ਹਿਤਾਂ ਦੇ ਖ਼ਿਲਾਫ਼ ਕੰਮ ਕਰ ਰਹੀ ਹੈ। ਪ੍ਧਾਨ ਮੰਤਰੀ ਨੂੰ ਸਿਰਫ਼ ਪੂੰਜੀਪਤੀ ਹੀ ਨਜ਼ਰ ਆਉਂਦੇ ਹਨ। ਲੋਕ ਗਰੀਬ ਤੋਂ ਅਤਿ ਗਰੀਬ ਹੋ ਰਹੇ ਹਨ ਅਤੇ ਪੂੰਜੀਪਤੀ ਹੋਰ ਅਮੀਰ ਹੋ ਰਹੇ ਹਨ।