84 ਸਾਲਾ ਸੇਵਾਮੁਕਤ ਮੇਜਰ ਢਿੱਲੋਂ ਨੇ ਲਗਵਾਇਆ ਕਰੋਨਾ ਵੈਕਸੀਨ ਦਾ ਟੀਕਾ

ਡੀਸੀ ਗਿਰੀਸ਼ ਦਿਆਲਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਕੇ ਕੀਤੀ ਸ਼ਲਾਘਾ

ਡੀਸੀ ਵੱਲੋਂ ਆਮ ਲੋਕਾਂ ਨੂੰ ਵੈਕਸੀਨੇਸ਼ਨ ਸਬੰਧੀ ਝੂਠੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਕਰੋਨਾਵਾਇਰਸ ਦੇ ਖ਼ਾਤਮੇ ਲਈ ਲਾਜ਼ਮੀ ਹੈ ਕਿ ਕਰੋਨਾ ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕੀਤਾ ਜਾਵੇ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਆਮ ਲੋਕਾਂ ਨੂੰ ਇਹ ਅਪੀਲ ਕਰਦਿਆਂ ਦੱਸਿਆ ਕਿ ਸੇਵਾਮੁਕਤ ਮੇਜਰ ਕੇ.ਐਸ. ਢਿੱਲੋਂ (84) ਨੇ ਅੱਜ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਠਾਕ ਹਨ ਅਤੇ ਉਹ ਹੋਰਨਾਂ ਨੂੰ ਵੀ ਵੈਕਸੀਨੇਸ਼ਨ ਲਈ ਪ੍ਰੇਰਨਾ ਦੇ ਰਹੇ ਹਨ। ਇਸ ਸਬੰਧੀ ਡੀਸੀ ਨੇ ਸੋਸ਼ਲ ਮੀਡੀਆ ਉੱਤੇ ਵੀ ਜਾਣਕਾਰੀ ਅਪਲੋਡ ਕੀਤੀ ਹੈ। ਉਧਰ, ਅੱਜ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 48 ਨਵੇਂ ਮਾਮਲੇ ਸਾਹਮਣੇ ਹਨ ਜਦੋਂਕਿ 18 ਪੀੜਤ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਇਕ ਕਰੋਨਾ ਪੀੜਤ ਮਰੀਜ਼ ਦ ਮੌਤ ਹੋ ਗਈ ਹੈ ਅਤੇ ਹੁਣ ਤੱਕ 386 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਸੇਵਾਮੁਕਤ ਮੇਜਰ ਕੇ.ਐਸ. ਢਿੱਲੋਂ ਸੰਨ 1965 ਵਿੱਚ ਪਾਕਿਸਤਾਨ ਖ਼ਿਲਾਫ਼ ਜੰਗ ਲੜ ਚੁੱਕੇ ਹਨ। ਉਦੋਂ ਉਨ੍ਹਾਂ ਨੇ ਟੈਂਕਾਂ ਦੀ ਟੁਕੜੀ ਦੀ ਅਗਵਾਈ ਕੀਤੀ ਸੀ ਅਤੇ ਉਸ ਜੰਗ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੇ ਚੌਥੀ ਸਟੇਜ ਦੇ ਕੈਂਸਰ ਸਮੇਤ ਹੋਰ ਵੀ ਬਿਮਾਰੀਆਂ ਨੂੰ ਵੀ ਮਾਤ ਦਿੱਤੀ ਹੈ। ਹੁਣ ਉਨ੍ਹਾਂ ਨੇ ਕੋਵਿਡ ਵੈਕਸੀਨ ਵੀ ਅੱਗੇ ਹੋ ਕੇ ਲਗਵਾਈ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 5633 ਹੈਲਥ ਕੇਅਰ ਵਰਕਰਾਂ, 3816 ਫਰੰਟ ਲਾਈਨ ਵਰਕਰਾਂ, 45 ਤੋਂ 60 ਦੀ ਉਮਰ, ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਹੈ, ਦੇ 57 ਵਿਅਕਤੀ ਅਤੇ 60 ਤੋਂ ਵੱਧ ਦੇ 423 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦਾ ਟੀਕਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮੂਹ ਨਾਗਰਿਕਾਂ ਦਾ ਫਰਜ਼ ਬਣਦਾ ਹੈ ਉਹ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਕੋਵਿਡ-19 ਤੋਂ ਬਚਣ ਲਈ ਬਿਨਾਂ ਅਫ਼ਵਾਹਾਂ ’ਤੇ ਯਕੀਨ ਕਰੇ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਇੱਕ ਅਜਿਹੀ ਮਹਾਮਾਰੀ ਹੈ ਜਿਸ ਨਾਲ ਦੁਨੀਆਂ ਭਰ ਵਿਚ ਲੱਖਾਂ ਦੀ ਗਿਣਤੀ ਵਿੱਚ ਅਨਮੋਲ ਮਨੁੱਖੀ ਜਾਨਾਂ ਚਲੀਆਂ ਗਈਆਂ। ਕੁਝ ਸ਼ਰਾਰਤੀ ਅਨਸਰ ਕਰੋਨਾਵਾਇਰਸ ਦੀ ਵੈਕਸੀਨ ਨੂੰ ਗਲਤ ਦਸ ਰਹੇ ਹਨ ਜਦੋਂਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਡੀਸੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਰੋਨਾਵਾਇਰਸ ਦੇ ਵੈਕਸੀਨ ਬਾਰੇ ਅਫ਼ਵਾਹਾਂ ਫੈਲਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੁੜ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਲਈ ਦੱਸੀਆਂ ਸਾਵਧਾਨੀਆਂ ਜਿਵੇਂ ਕਿ ਆਪਣਾ ਨੱਕ ਤੇ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕਣਾ, ਇੱਕ ਦੂਜੇ ਤੋਂ ਲਗਭਗ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਸਮੇਤ ਵੱਖ-ਵੱਖ ਸਾਵਧਾਨੀਆਂ ਦੀ ਵਰਤੋਂ ਲਾਜ਼ਮੀ ਕਰਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…