Nabaz-e-punjab.com

ਆਯੂਸ਼ ਵਿਭਾਗ ਵਿੱਚ ਡਾਕਟਰਾਂ ਦੀ ਸੇਵਾਮੁਕਤੀ ਉਮਰ 58 ਤੋਂ 65 ਸਾਲ ਕੀਤੀ ਜਾਵੇਗੀ: ਸਿੱਧੂ

ਸਿਹਤ ਮੰਤਰੀ ਸਿੱਧੂ ਵੱਲੋਂ ਮੁਹਾਲੀ ਵਿੱਚ ਤਿੰਨ ਰੋਜ਼ਾ ਰਾਜ ਪੱਧਰੀ ਆਰੋਗਿਆ ਮੇਲੇ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਸਾਹਮਣੇ ਪੁੱਡਾ ਭਵਨ ਮੈਦਾਨ ਫੇਜ਼-8 ਵਿੱਚ ਤਿੰਨ ਰੋਜ਼ਾ ਸੂਬਾ ਪੱਧਰੀ ਆਰੋਗਿਆ ਮੇਲੇ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਯੂਸ਼ ਵਿਭਾਗ ਵਿੱਚ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵਧਾ ਕੇ 65 ਸਾਲ ਕਰਨ ਉਤੇ ਸਰਕਾਰ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੇ ਦੋ ਤਰਜੀਹੀ ਖੇਤਰ ਹਨ, ਜਿਨ੍ਹਾਂ ਦੀ ਬਿਹਤਰੀ ਲਈ ਸਰਕਾਰ ਦਿਨ ਰਾਤ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਹੋ ਰਹੇ ਅਜਿਹੇ ਪ੍ਰੋਗਰਾਮ ਲੋਕਾਈ ਨੂੰ ਨਰੋਈ ਜੀਵਨ ਜਾਚ ਸਿਖਾਉਂਦੇ ਹਨ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਲਈ ਸਿਹਤ ਵਿਭਾਗ ਵਿਚਲੀਆਂ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਡਾਕਟਰਾਂ ਦੀਆਂ ਬਹੁਤੀਆਂ ਖਾਲੀ ਆਸਾਮੀਆਂ ਭਰੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ 65 ਸਾਲ ਕਰਨ ਦੀ ਸਕੀਮ ਆਯੂਸ਼ ਵਿਭਾਗ ਵਿੱਚ ਵੀ ਲਾਗੂ ਹੋਵੇਗੀ ਤਾਂ ਕਿ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਆਰੋਗਿਆ ਮੇਲੇ ਦੇ ਮੰਤਵ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਆਯੂਰਵੈਦ, ਹੋਮਿਓਪੈਥੀ ਤੇ ਯੂਨਾਨੀ ਇਲਾਜ ਪੱਧਤੀਆਂ ਸਾਡੀਆਂ ਰਵਾਇਤੀ ਹਨ, ਜਿਨ੍ਹਾਂ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਜੜ੍ਹੀਆਂ ਬੂਟੀਆਂ ਰਾਹੀਂ ਕਈ ਅਜਿਹੇ ਰੋਗਾਂ ਦਾ ਇਲਾਜ ਸੰਭਵ ਹੈ, ਜੋ ਐਲੋਪੈਥੀ ਵਿੱਚ ਵੀ ਨਹੀਂ ਹੈ।
ਸਰਬੱਤ ਸਿਹਤ ਬੀਮਾ ਯੋਜਨਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 35 ਲੱਖ ਕਾਰਡ ਬਣ ਚੁੱਕੇ ਹਨ ਅਤੇ ਤਕਰੀਬਨ 22 ਹਜ਼ਾਰ ਮਰੀਜ਼ ਹੁਣ ਤੱਕ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਰਗੇ ਵਿਕਾਸਸ਼ੀਲ ਮੁਲਕਾਂ ਦੀ ਤਰਜ਼ ਉਤੇ ਸ਼ੁਰੂ ਕੀਤੀ ਗਈ ਇਹ ਸਕੀਮ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ, ਜੋ ਲੋੜਵੰਦਾਂ ਨੂੰ ਵਿਸ਼ਵ ਪੱਧਰ ਦਾ ਇਲਾਜ ਮੁਹੱਈਆ ਕਰ ਰਹੀ ਹੈ।
ਉਦਘਾਟਨੀ ਸੈਸ਼ਨ ਦੌਰਾਨ ਆਯੂਸ਼ ਕਮਿਸ਼ਨਰ ਪੰਜਾਬ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ 569 ਆਯੁਰਵੈਦਿਕ ਡਿਸਪੈਂਸਰੀਆਂ, 99 ਹੋਮਿਓਪੈਥਿਕ ਡਿਸਪੈਂਸਰੀਆਂ ਅਤੇ 33 ਯੂਨਾਨੀ ਡਿਸਪੈਂਸਰੀਆਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤਯਾਬ ਕਰਨ ਵਿੱਚ ਇਨ੍ਹਾਂ ਇਲਾਜ ਪ੍ਰਣਾਲੀਆਂ ਤੇ ਆਯੂਸ਼ ਵਿਭਾਗ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵੀ ਸੰਬੋਧਨ ਕੀਤਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਸਰਕਾਰੀ ਵਿਭਾਗਾਂ ਤੇ ਕੰਪਨੀਆਂ ਵੱਲੋਂ ਲਾਈਆਂ ਸਾਰੀਆਂ ਸਟਾਲਾਂ ਦੇਖੀਆਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਨੁਰਾਗ ਅਗਰਵਾਲ, ਡਾਇਰੈਕਟਰ ਆਯੂਸ਼ ਰਾਕੇਸ਼ ਸ਼ਰਮਾ, ਵਾਈਸ ਚਾਂਸਲਰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਬੀ.ਕੇ. ਕੌਸ਼ਿਕ, ਰਜਿਸਟਰਾਰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੋਇਲ, ਜੁਆਇੰਟ ਡਾਇਰੈਕਟਰ ਆਯੁਰਵੈਦਾ ਡਾ. ਬਖ਼ਸ਼ੀਸ਼ ਸਿੰਘ, ਜੁਆਇੰਟ ਡਾਇਰੈਕਟਰ ਹੋਮਿਓਪੈਥੀ ਵਿਭਾਗ ਪੰਜਾਬ ਡਾ. ਲੱਕੀ ਵਰਮਾ, ਸਕੱਤਰ ਲੀਗਲ ਸੈੱਲ ਪੰਜਾਬ ਗੁਰਦੀਪ ਸਿੰਘ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਮੁਹਾਲੀ ਡਾ. ਚੰਦਨ ਕੁਮਾਰ ਕੌਸ਼ਲ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ, ਵਾਈਸ ਚੇਅਰਮੈਨ ਪੰਜਾਬ ਕਿਸਾਨ ਸੈੱਲ ਜੀ.ਐਸ. ਰਿਆੜ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਸ੍ਰੀਮਤੀ ਜਸਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਚਰਨ ਸਿੰਘ ਭੰਵਰਾ, ਬਲਾਕ ਸਮਿਤੀ ਮੈਂਬਰ ਰਾਜਿੰਦਰ ਸਿੰਘ ਰਾਏਪੁਰ ਕਲਾਂ, ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਜਸਵੀਰ ਸਿੰਘ ਮਣਕੂ, ਸੁਰਿੰਦਰ ਸਿੰਘ ਰਾਜਪੂਤ ਅਤੇ ਤਰਨਜੀਤ ਕੌਰ ਗਿੱਲ, ਕਾਂਗਰਸੀ ਆਗੂ ਨਿਰਮਲ ਕੌਸ਼ਲ ਤੇ ਜਤਿੰਦਰ ਆਨੰਦ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…