Nabaz-e-punjab.com

ਸੇਵਾਮੁਕਤੀ ਤੋਂ ਬਾਅਦ ਮੁਹਾਲੀ ਸ਼ਹਿਰ ਵਿੱਚ ਜੀਵਨ ਬਸਰ ਕਰਨਗੇ ਹਵਾਈ ਸੈਨਾ ਦੇ ਮੁਖੀ ਬਰਿੰਦਰ ਸਿੰਘ ਧਨੋਆ

ਮੁਹਾਲੀ ਦੇ ਫੇਜ਼-3ਬੀ1 ਵਿੱਚ ਤਿਆਰ ਹੋ ਰਿਹਾ ਹੈ ਦੇਸ਼ ਦੇ ਜਾਂਬਾਜ ਅਫ਼ਸਰ ਧਨੋਆ ਦਾ ਆਸ਼ਿਆਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕਰਕੇ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਵਾਲੇ ਹਵਾਈ ਸੈਨਾ ਨੇ ਮੁਖੀ ਬਰਿੰਦਰ ਸਿੰਘ ਧਨੋਆ ਫੌਜ ’ਚੋਂ ਸੇਵਾਮੁਕਤ ਹੋਣ ਤੋਂ ਬਾਅਦ ਆਈਟੀ ਸਿਟੀ ਮੁਹਾਲੀ ਵਿੱਚ ਆਪਣਾ ਬੁਢਾਪਾ ਬਿਤਾਉਣਗੇ। ਇੱਥੋਂ ਦੇ ਨੇੜਲੇ ਪਿੰਡ ਘੜੂੰਆਂ ਦੇ ਵਸਨੀਕ ਸ੍ਰੀ ਧਨੋਆ ਨੇ ਸੇਵਾਮੁਕਤ ਤੋਂ ਬਾਅਦ ਮੁਹਾਲੀ ਵਿੱਚ ਰਹਿਣ ਦੀ ਇੱਛਾ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-3ਬੀ1 ਵਿੱਚ ਉਨ੍ਹਾਂ ਦਾ ਆਸ਼ਿਆਨਾ ਤਿਆਰ ਕੀਤਾ ਜਾ ਰਿਹਾ ਹੈ। ਘਰ ਦੀ ਛੱਤ ’ਤੇ ਲੈਟਰ ਪੈ ਚੁੱਕਾ ਹੈ। ਪਾਕਿਸਤਾਨ ਵਿੱਚ ਅਤਿਵਾਦੀ ਅੱਡੇ ’ਤੇ ਹਵਾਈ ਹਮਲਾ ਹੋਣ ਤੋਂ ਪਹਿਲਾਂ ਸ੍ਰੀ ਧਨੋਆ ਬਹੁਤ ਘੱਟ ਲੋਕ ਜਾਣਦੇ ਸਨ ਪ੍ਰੰਤੂ ਅੱਜ ਬੱਚੇ ਬੱਚੇ ਦੀ ਜ਼ੁਬਾਨ ’ਤੇ ਹਵਾਈ ਸੈਨਾ ਦੇ ਮੁਖੀ ਦਾ ਨਾਂ ਹੈ ਅਤੇ ਪਿੰਡ ਘੜੂੰਆਂ ਦੇ ਲੋਕਾਂ ਨੂੰ ਵੀ ਇਸ ਯੋਧੇ ’ਤੇ ਮਾਣ ਹੈ ਅਤੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਧਨੋਆ ਪਰਿਵਾਰ ਵੱਲੋਂ ਪਹਿਲਾਂ ਇਹ ਕੋਠੀ ਕਿਰਾਏ ’ਤੇ ਦਿੱਤੀ ਹੋਈ ਸੀ ਅਤੇ ਪਿਛਲੇ ਸਾਲ ਹੀ ਘਰ ਨੂੰ ਖਾਲੀ ਕਰਵਾ ਕੇ ਇਸ ਕੋਠੀ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਰਿਵਾਰ ਨੇ ਪੁਰਾਣੀ ਇਮਾਰਤ ਨੂੰ ਢਾਹ ਕੇ ਨਵੇਂ ਸਿਰਿਓਂ ਉਸਾਰੀ ਕੀਤੀ ਜਾ ਰਹੀ ਹੈ। ਇਸ ਕੋਠੀ ਦੀ ਹੇਠਲੀ ਅਤੇ ਪਹਿਲੀ ਮੰਜ਼ਿਲ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਮੁਕੰਮਲ ਹੋਣ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਹੋਰ ਲੱਗਣ ਦੀ ਸੰਭਾਵਨਾ ਹੈ। ਇਸ ਦੌਰਾਨ ਸ੍ਰੀ ਧਨੋਆ ਖ਼ੁਦ ਵੀ ਇੱਥੇ ਆ ਕੇ ਆਪਣੀ ਰਿਹਾਇਸ਼ ਦੀ ਉਸਾਰੀ ਦੇ ਕੰਮ ਦੀ ਨਜ਼ਰਸਾਨੀ ਕਰ ਚੁੱਕੇ ਹਨ। ਮੁਹੱਲੇ ਦੇ ਲੋਕਾਂ ਨੂੰ ਇਸ ਗੱਲ ’ਤੇ ਮਾਣ ਹੈ ਕਿ ਏਅਰ ਸਟ੍ਰਾਈਕ ਦੇ ਹੀਰੋ ਏਅਰ ਚੀਫ਼ ਮਾਰਸ਼ਲ ਬਰਿੰਦਰ ਸਿੰਘ ਧਨੋਆ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਗੁਆਂਢ ਵਿੱਚ ਰਹਿਣਗੇ।
ਸਥਾਨਕ ਵਸਨੀਕ ਕਰਨਲ (ਸੇਵਾਮੁਕਤ) ਐਚ.ਐਸ. ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੇ ਇਸ ਜਾਂਬਾਜ ਅਫ਼ਸਰ ’ਤੇ ਬਹੁਤ ਮਾਣ ਹੈ ਅਤੇ ਇਸ ਗੱਲ ਦੀ ਖ਼ੁਸ਼ੀ ਵੀ ਹੈ ਕਿ ਉਨ੍ਹਾਂ ਨੇ ਆਪਣੀ ਰਿਹਾਇਸ਼ ਲਈ ਫੇਜ਼-3ਬੀ1 ਨੂੰ ਚੁਣਿਆ ਹੈ। ਫੇਜ਼-3ਬੀ1ਦੇ ਸਾਬਕਾ ਕੌਂਸਲਰ ਐਨ.ਕੇ. ਮਰਵਾਹਾ ਦਾ ਕਹਿਣਾ ਹੈ ਕਿ ਇਹ ਸਿਰਫ਼ ਫੇਜ਼-3ਬੀ1 ਹੀ ਨਹੀਂ ਸਗੋਂ ਪੂਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਏਅਰ ਚੀਫ਼ ਮਾਰਸ਼ਲ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੀ ਰਿਹਾਇਸ਼ ਲਈ ਮੁਹਾਲੀ ਨੂੰ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਧਨੋਆ ਦੇ ਪਰਿਵਾਰ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਅਤੇ ਇਹ ਕੋਠੀ ਉਨ੍ਹਾਂ ਨੇ ਹੀ ਧਨੋਆ ਪਰਿਵਾਰ ਨੂੰ ਦਿਵਾਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਧਨੋਆ ਬਹੁਤ ਹੀ ਮਿਲਾਪੜੇ ਅਤੇ ਖੱੁਲੇ੍ਹ ਸੁਭਾਅ ਦੇ ਮਾਲਕ ਹਨ।
ਸ੍ਰੀ ਧਨੋਆ ਦੇ ਪਿਤਾ ਸੁਰੈਣ ਸਿੰਘ ਬਿਹਾਰ ਕਾਡਰ ਦੇ ਆਈਏਐੱਸ ਅਧਿਕਾਰੀ ਸਨ ਅਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਭਾਰਤ ਸਰਕਾਰ ਵਿੱਚ ਸਿਹਤ ਸਕੱਤਰ ਵੀ ਰਹੇ। ਉਨ੍ਹਾਂ ਦੇ ਦਾਦਾ ਸੰਤ ਸਿੰਘ ਬਿਟ੍ਰਿਸ਼ ਇੰਡੀਅਨ ਆਰਮੀ ਵਿੱਚ ਕੈਪਟਨ ਸਨ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਭਾਗ ਲਿਆ ਸੀ। ਧਨੋਆ ਨੇ 1978 ਵਿੱਚ ਏਅਰ ਫੋਰਸ ਵਿੱਚ ਕਮਿਸ਼ਨ ਲਿਆ। ਉਨ੍ਹਾਂ ਦੀ ਸਿੱਖਿਆ ਦੇਹਰਾਦੂਨ ਦੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਵਿੱਚ ਹੋਈ ਹੈ। ਉਨ੍ਹਾਂ ਨੈਸ਼ਨਲ ਡਿਫੈਂਸ ਅਕਾਦਮੀ ਵੱਲੋਂ ਦਰਜੇਦਾਰ ਕੀਤੀ। ਧਨੋਆ ਨੇ ਕਾਰਗਿਲ ਲੜਾਈ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਕਈ ਫਾਈਟਰ ਜੈੱਟ ਉਡਾਣਾਂ ਵਿੱਚ ਮਾਹਰ ਮੰਨੇ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…