ਵਤਨ ਵਾਪਸੀ: ਪੰਜਾਬੀਆਂ ਦੀਆਂ ਚੀਕਾਂ ਅਤੇ ਹੌਕੇ ਅਸਮਾਨ ਤੱਕ ਪੁੱਜੇ: ਰਾਮੂਵਾਲੀਆ
ਰਾਮੂਵਾਲੀਆ ਨੇ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਲੜਨ ਲਈ 22 ਫਰਵਰੀ ਨੂੰ ਪਾਰਟੀ ਦੀ ਮੀਟਿੰਗ ਸੱਦੀ
ਨਬਜ਼-ਏ-ਪੰਜਾਬ, ਮੁਹਾਲੀ, 6 ਫਰਵਰੀ:
ਪੰਜਾਬੀ ਜਵਾਨੀ ਦੇ ਸੁਪਨੇ ਸੱਧਰਾਂ ਕਮਾਈ ਅਤੇ ਸਵੈਮਾਨ ਵਿਸ਼ਵ ਭਰ ਵਿੱਚ ਪਿਛਲੇ 60 ਸਾਲਾਂ ਤੋਂ ਬੇਰਹਿਮੀ ਨਾਲ ਵੇਚਿਆ ਜਾ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਪੱਕੇ ਸਥਾਪਿਤ ਕਰਨ ਦੇ ਝਲਕਾਰੇ ਤੇ ਝੂਠਾ ਦੇ ਰੰਗ ਦਿਖਾ ਕੇ ਪੰਜਾਬ ਦੀ ਜਵਾਨੀ ਅਤੇ ਪੁਸ਼ਤਾਂ ਦੀ ਪੂੰਜੀ ਜਾਇਦਾਦ ਇੱਥੋਂ ਤੱਕ ਕਿ ਪੰਜਾਬੀ ਧੀਆਂ ਦੀ ਇੱਜ਼ਤ ਅਤੇ ਨੌਜਵਾਨਾਂ ਦੀ ਜਵਾਨੀ ਗੁਲਾਮਾਂ ਵਾਂਗ ਬੇਰਹਿਮੀ ਨਾਲ ਲੁੱਟੀ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਲੈ ਕੇ ਅਮਰੀਕਾ, ਕੈਨੇਡਾ, ਆਸਟੇ੍ਰਲੀਆ ਤੇ ਹੋਰ ਅਨੇਕ ਮੁਲਕਾਂ ਵਿੱਚ ਇਮੀਗਰੇਸ਼ਨ ਦੇ ਮੱਕੜ ਜਾਲ ਅਤੇ ਝੂਠੇ ਲਾਰਿਆਂ ਵਿੱਚ ਫਸੇ ਲੱਖਾਂ ਪੰਜਾਬੀ ਗੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ 117 ਵਿਧਾਇਕ ਅਤੇ 20 ਸੰਸਦ ਮੈਂਬਰਾਂ ਸਮੇਤ ਮੇਅਰ ਅਤੇ ਸਰਪੰਚ ਅਤੇ ਦੋ ਲੱਖ ਗੁਰਦੁਆਰੇ ਅਤੇ ਮੰਦਰ ਕਮੇਟੀਆਂ ( ਜੋ ਖ਼ੁਦ ਨੂੰ ਵੱਡੀਆਂ ਹਸਤੀਆਂ ਕਹਾਉਣ ਵਾਲੇ ਹਨ) ਕੋਈ ਵੀ ਇਸ ਮੁੱਦੇ ਉੱਤੇ ਸਮਾਜਿਕ ਅਤੇ ਕਾਨੂੰਨੀ ਲੜਾਈ ਲੜਨਾ ਨਹੀਂ ਚਾਹੁੰਦਾ ਇੱਥੋਂ ਤੱਕ ਸਿਆਸੀ ਬਿਆਨ ਵੀ ਨਹੀਂ ਦਿੱਤੇ ਜਾ ਰਹੇ। ਸਾਬਕਾ ਕੇਂਦਰੀ ਮੰਤਰੀ ਨੇ ਅੱਜ ਦੁਨੀਆਂ ਵਿੱਚ 20 ਤੋਂ ਵੱਧ ਵਿਦੇਸ਼ੀ ਮੁਲਕਾਂ ਵਿੱਚ ਧੋਖੇ ਅਤੇ ਧੱਕੇ ਨਾਲ ਏਜੰਟਾਂ ਵੱਲੋਂ ਫਸਾਏ ਗਏ ਪੰਜਾਬੀਆਂ ਦੀਆਂ ਚੀਕਾਂ ਅਤੇ ਹੌਕੇ ਅਸਮਾਨ ਤੱਕ ਪਹੁੰਚ ਰਹੇ ਹਨ ਪ੍ਰੰਤੂ ਪੰਜਾਬ ਦੇ ਅਥਾਹ ਸੰਵਿਧਾਨਿਕ ਅਧਿਕਾਰਾਂ ਅਤੇ ਸ਼ਕਤੀਆਂ ਨਾਲ ਲੈਸ ਇੱਕ ਵੀ ਸੱਜਣ ਉਨ੍ਹਾਂ ਦੁਖੀਆਂ ਦੀ ਮਦਦ ਲਈ ਨਹੀਂ ਬਹੁੜਿਆ ਜਦੋਂਕਿ ਲੋਕ ਭਲਾਈ ਪਾਰਟੀ ਨੇ ਪਿਛਲੇ ਸਮੇਂ ਦੌਰਾਨ ਬੇਗਾਨੇ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਅਤੇ ਸੇਠਾਂ ਵੱਲੋਂ ਬੰਦੀ ਬਣਾਏ ਗਏ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਸਹੀ ਸਲਾਮਤ ਘਰ ਪਹੁੰਚਦਾ ਕੀਤਾ ਹੈ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਲੋਕ ਭਲਾਈ ਪਾਰਟੀ ਹਮੇਸ਼ਾ ਇਸ ਵਿਸ਼ੇ ਉੱਤੇ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾ ਕੇ ਵੱਸਣ ਜਾਂ ਕੰਮ ਕਰਨ ਦੇ ਇਸ ਮਾੜੇ ਰੁਝਾਨ ਅਤੇ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਸੰਘਰਸ਼ ਦੀ ਠੋਸ ਨੀਤੀ ਘੜਨ ਲਈ 22 ਫਰਵਰੀ ਨੂੰ ਲੋਕ ਭਲਾਈ ਪਾਰਟੀ ਦੇ ਸਮੂਹ ਅਹੁਦੇਦਾਰਾਂ, ਵਰਕਰਾਂ, ਤਹਿਸੀਲ, ਜ਼ਿਲ੍ਹਾ ਇਕਾਈਆਂ ਦੇ ਆਗੂਆਂ ਦੀ ਮੀਟਿੰਗ ਰਾਜਗੁਰੂ ਨਗਰ ਲੁਧਿਆਣਾ ਸਥਿਤ ਪਾਰਟੀ ਦਫ਼ਤਰ ਵਿੱਚ ਸਵੇਰੇ ਸਾਢੇ 10 ਵਜੇ ਸੱਦੀ ਗਈ ਹੈ। ਜਿਸ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।