
ਯੂਕਰੇਨ ਤੋਂ ਘਰ ਪਰਤੇ ਹਰਮਿੰਦਰ ਸਿੰਘ ਨੇ ਸੁਣਾਈ ਖ਼ੌਫ਼ਨਾਕ ਦਾਸਤਾਨ, ਤਬਾਹੀ ਦੇ ਮੰਜ਼ਰ ਬਾਰੇ ਦੱਸਿਆ
ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਗਿਆ ਸੀ ਮੁਹਾਲੀ ਦਾ ਹਰਮਿੰਦਰ ਸਿੰਘ
ਭਾਜਪਾ ਆਗੂ ਬੀਬੀ ਰਾਮੂਵਾਲੀਆ ਨੇ ਵੀ ਕੀਤੀ ਪਰਿਵਾਰ ਨਾਲ ਮੁਲਾਕਾਤ, ਪੀੜਤ ਨੌਜਵਾਨ ਦੀ ਖ਼ਬਰ-ਸਾਰ ਪੁੱਛੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਯੂਕਰੇਨ ਵਿੱਚ ਫਸੇ ਵਿਦਿਆਰਥੀ ਦਿਨ ਰਾਤ ਭੁੱਖੇ-ਭਾਣੇ ਅਤੇ ਮੌਤ ਦੇ ਸਾਏ ਵਿੱਚ ਜੀਅ ਰਹੇ ਹਨ ਪ੍ਰੰਤੂ ਬੇਗਾਨੇ ਮੁਲਕ ਵਿੱਚ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਇਹ ਪ੍ਰਗਟਾਵਾ ਯੂਕਰੇਨ ਤੋਂ ਵਾਪਸ ਪਰਤੇ ਮੁਹਾਲੀ ਦੇ ਵਿਦਿਆਰਥੀ ਹਰਮਿੰਦਰ ਸਿੰਘ ਨੇ ਕੀਤਾ। ਇਸ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਤੇ ਭਾਜਪਾ ਦੇ ਬੁਲਾਰੇ ਅਮਨਜੋਤ ਕੌਰ ਰਾਮੂਵਾਲੀਆ ਨੇ ਇੱਥੋਂ ਦੇ ਫੇਜ਼-11 ਸਥਿਤ ਨੌਜਵਾਨ ਦੇ ਘਰ ਪਹੁੰਚ ਕੇ ਉਸ ਦੀ ਖ਼ਬਰ-ਸਾਰ ਪੁੱਛੀ ਅਤੇ ਯੂਕਰੇਨ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਿਆ।
ਯੂਕਰੇਨ ਦੇ ਯੂਜਰੋਡਸ ਨੈਸ਼ਨਲ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਹਰਮਿੰਦਰ ਸਿੰਘ ਅਖੀਰਲੇ ਸਾਲ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਭਾਰਤ ਵੱਲੋਂ ਰੂਸ ਦਾ ਪੱਖ ਲੈਣ ਕਾਰਨ ਯੂਕਰੇਨ ਦੇ ਲੋਕਾਂ ਅਤੇ ਉੱਥੋਂ ਦੀ ਫੌਜ ਵੀ ਭਾਰਤੀ ਨੌਜਵਾਨਾਂ ਨਾਲ ਵਿਤਕਰਾ ਕਰਨ ਲੱਗ ਪਈ ਹੈ। ਜਿਸ ਕਾਰਨ ਬੇਗਾਨੇ ਮੁਲਕ ਵਿੱਚ ਫਸੇ ਨੌਜਵਾਨਾਂ ਨੂੰ ਬਾਰਡਰ ਪਾਰ ਕਰਨ ਦੌਰਾਨ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਰਮਿੰਦਰ ਨੇ ਦੱਸਿਆ ਕਿ ਜਿੱਥੇ ੳਭੁਹ ਰਹਿ ਰਹੇ ਸਨ, ਉਹ ਏਰੀਆ ਪੋਲੈਂਡ ਬਾਰਡਰ ਤੋਂ ਕਰੀਬ 200 ਕਿੱਲੋਮੀਟਰ ਦੂਰ ਹੈ ਅਤੇ ਉੱਥੇ ਹੁਣ ਵੀ ਸੈਂਕੜੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਜਿਨ੍ਹਾਂ ਕੋਲ ਖਾਣ ਪੀਣ ਦਾ ਸਾਮਾਨ ਵੀ ਖ਼ਤਮ ਹੋ ਗਿਆ ਹੈ ਅਤੇ ਪਾਣੀ ਲਈ ਵੀ ਨੌਜਵਾਨਾਂ ਨੂੰ ਬਰਫ਼ ਪਿਘਲਾ ਕੇ ਪੀਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਗੱਲ ਸੁਣਨਾ ਤਾਂ ਦੂਰ ਉਨ੍ਹਾਂ ਦੇ ਫੋਨ ਤੱਕ ਨਹੀਂ ਸੁਣੇ ਜਾ ਰਹੇ। ਜੇਕਰ ਕੋਈ ਫੋਨ ਸੁਣਦਾ ਵੀ ਹੈ ਤਾਂ ਉਨ੍ਹਾਂ ਨੂੰ ਕਿਸੇ ਤਰੀਕੇ ਬਾਰਡਰ ਪਾਰ ਕਰਕੇ ਪੜੌਸੀ ਮੁਲਕ ਤੱਕ ਪਹੁੰਚਣ ਲਈ ਕਿਹਾ ਜਾਂਦਾ ਹੈ। ਜਿੱਥੋਂ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਰਡਰ ’ਤੇ ਯੂਕਰੇਨ ਦੇ ਫੌਜੀ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਵਿਦਿਆਰਥਣਾਂ ਨਾਲ ਕਥਿਤ ਬਦਸਲੂਕੀ ਕਰਦੇ ਹਨ। ਬਾਰਡਰ ’ਤੇ ਭਾਰਤੀਆਂ ਨੂੰ ਘੰਟਿਆਂਬੱਧੀ ਲਾਈਨ ਵਿੱਚ ਖੜ੍ਹਾ ਕੇ ਰੱਖਿਆ ਜਾਂਦਾ ਹੈ। ਪਹਿਲਾਂ ਯੂਕਰੇਨ ਦੇ ਨਾਗਰਿਕਾਂ ਨੂੰ ਬਾਰਡਰ ਪਾਰ ਕਰਵਾਇਆ ਜਾਂਦਾ ਹੈ, ਬਾਅਦ ਵਿੱਚ ਭਾਰਤੀ ਨੌਜਵਾਨਾਂ ਨੂੰ ਉਸ ਪਾਰ ਲੰਘਣ ਦਾ ਮੌਕਾ ਮਿਲਦਾ ਹੈ।
ਹਰਮਿੰਦਰ ਨੇ ਦੱਸਿਆ ਕਿ ਉਹ ਆਪਣੇ ਬਲਬੂਤੇ ਕੁੱਝ ਦੋਸਤਾਂ ਦੀ ਮਦਦ ਨਾਲ ਯੂਜਰੋਡਸ ਤੋਂ ਇੱਕ ਵਾਹਨ ਦਾ ਪ੍ਰਬੰਧ ਕਰਕੇ ਬਾਰਡਰ ਤੱਕ ਪਹੁੰਚੇ ਸੀ। ਆਪਬੀਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਰਸਤੇ ਵਿੱਚ ਕਾਫ਼ੀ ਥਾਵਾਂ ’ਤੇ ਬੰਬ ਧਮਾਕਿਆਂ ਕਾਰਨ ਹੋਈ ਤਬਾਹੀ ਦਾ ਮੰਜਰ ਦੇਖ ਕੇ ਕਲੇਜਾ ਮੁੱਠੀ ਵਿੱਚ ਆ ਜਾਂਦਾ ਸੀ। ਪੋਲੈਂਡ ਬਾਰਡਰ ਪਾਰ ਕਰਨ ਤੋਂ ਬਾਅਦ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਭਾਰਤ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਹ ਸਹੀ ਸਲਾਮਤ ਘਰ ਤਾਂ ਪਹੁੰਚ ਗਏ ਹਨ ਪ੍ਰੰਤੂ ਹੁਣ ਉਨ੍ਹਾਂ ਨੂੰ ਪੜ੍ਹਾਈ ਦੀ ਚਿੰਤਾ ਸਤਾ ਰਹੀ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਹਰਮਿੰਦਰ ਦੀ ਮਾਤਾ ਮੀਨਾ ਰਾਣੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਸ ਦਾ ਬੱਚਾ ਸਹੀ ਸਲਾਮਤ ਘਰ ਆ ਗਿਆ ਹੈ। ਜਦੋਂਕਿ ਬੀਬੀ ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਹਰਮਿੰਦਰ ਸਿੰਘ ਨੂੰ ਅਪਰੇਸ਼ਨ ਗੰਗਾ ਦੇ ਤਹਿਤ ਪੋਲੈਂਡ ਤੋਂ ਭਾਰਤ ਲਿਆਂਦਾ ਗਿਆ ਹੈ ਅਤੇ ਕੇਂਦਰ ਸਰਕਾਰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਹਰ ਸੰਭਵ ਕਾਰਵਾਈ ਕਰ ਰਹੀ ਹੈ।